ਮੁੰਬਈ : ਮਹਾਰਾਸ਼ਟਰ ਦੇ ਸਿੰਧੂਦੁਰਗ ਜ਼ਿਲ੍ਹੇ ਵਿਚ ਸਥਿਤ ਛਤਰਪਤੀ ਸ਼ਿਵਾ ਜੀ ਮਹਾਰਾਜ ਦਾ ਬੁੱਤ ਡਿੱਗ ਪੈਣ ਖਿਲਾਫ ਆਪੋਜ਼ੀਸ਼ਨ ਮਹਾ ਵਿਕਾਸ ਅਘਾੜੀ (ਐੱਮ ਵੀ ਏ) ਦੇ ਆਗੂਆਂ ਨੇ ਐਤਵਾਰ ਦੱਖਣੀ ਮੁੰਬਈ ਵਿਚ ਮਸ਼ਹੂਰ ਹੁਤਾਤਮਾ ਚੌਕ ਤੋਂ ਗੇਟਵੇਅ ਆਫ ਇੰਡੀਆ ਤੱਕ ਰੋਸ ਮਾਰਚ ਕੱਢਿਆ। ਇਸ ਨੂੰ ਜੋੜੇ ਮਾਰੋ (ਜੁੱਤੀ ਮਾਰੋ) ਦਾ ਨਾਂਅ ਦਿੱਤਾ ਗਿਆ।
ਸਤਾਰ੍ਹਵੀਂ ਸਦੀ ਦੇ ਯੋਧੇ ਸ਼ਿਵਾ ਜੀ ਮਹਾਰਾਜ ਦੇ ਰਾਜਕੋਟ ਕਿਲ੍ਹੇ ਵਿਚ ਲਾਏ ਗਏ ਇਸ ਬੁੱਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੀਤੇ ਸਾਲ 4 ਦਸੰਬਰ ਨੂੰ ਨੇਵੀ ਡੇਅ ਦੇ ਮੌਕੇ ਉਦਘਾਟਨ ਕੀਤਾ ਸੀ, ਜਿਹੜਾ ਪਿਛਲੇ ਦਿਨੀਂ ਡਿੱਗ ਪਿਆ। ਇਸ ਖਿਲਾਫ ਮਹਾਰਾਸ਼ਟਰ ਵਾਸੀਆਂ ਵਿਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਐੱਨ ਸੀ ਪੀ (ਐੱਸ ਪੀ) ਮੁਖੀ ਸ਼ਰਦ ਪਵਾਰ, ਸ਼ਿਵ ਸੈਨਾ (ਯੂ ਬੀ ਟੀ) ਮੁਖੀ ਊੁਧਵ ਠਾਕਰੇ, ਕਾਂਗਰਸ ਦੇ ਸੂਬਾਈ ਪ੍ਰਧਾਨ ਨਾਨਾ ਪਟੋਲੇ ਅਤੇ ਪਾਰਟੀ ਦੀ ਮੁੰਬਈ ਇਕਾਈ ਦੀ ਪ੍ਰਧਾਨ ਵਰਸ਼ਾ ਗਾਇਕਵਾੜ ਨੇ ਹੁਤਾਤਮਾ ਚੌਕ ਵਿਖੇ ‘ਸੰਯੁਕਤ ਮਹਾਰਾਸ਼ਟਰ’ ਅੰਦੋਲਨ ਦੇ ਸ਼ਹੀਦਾਂ ਦੀ ਯਾਦਗਾਰ ਉਤੇ ਫੁੱਲਮਾਲਾਵਾਂ ਚੜ੍ਹਾ ਕੇ ਰੋਸ ਮਾਰਚ ਦੀ ਸ਼ੁਰੂਆਤ ਕੀਤੀ। ਇਸ ਮੌਕੇ ਠਾਕਰੇ ਨੇ ਕਿਹਾ ਕਿ ਹਾਲਾਂਕਿ ਮਹਾਰਾਸ਼ਟਰ ਦੌਰੇ ਦੌਰਾਨ ਮੋਦੀ ਨੇ ਬੁੱਤ ਡਿੱਗਣ ’ਤੇ ਮੁਆਫੀ ਮੰਗੀ, ਪਰ ਉਨ੍ਹਾ ਦੇ ਚਿਹਰੇ ’ਤੇ ਹੰਕਾਰ ਨਜ਼ਰ ਆ ਰਿਹਾ ਸੀ। ਇਹ ਮੁਆਫੀ ਉਨ੍ਹਾ ਕੁਰੱਪਸ਼ਨ ਲੁਕੋਣ ਲਈ ਮੰਗੀ, ਜਿਹਦੇ ਕਰਕੇ ਬੁੱਤ ਡਿੱਗਿਆ। ਮੋਦੀ ਨੇ ਰਾਮ ਮੰਦਰ, ਪਾਰਲੀਮੈਂਟ ਹਾਊਸ ਤੇ ਛਤਰਪਤੀ ਸ਼ਿਵਾ ਜੀ ਮਹਾਰਾਜ ਦੇ ਬੁੱਤ ਸਣੇ ਜਿਹੜੀਆਂ ਉਸਾਰੀਆਂ ਨੂੰ ਹੱਥ ਪਾਇਆ, ਸਭ ਘਟੀਆ ਕੁਆਲਿਟੀ ਦੀਆਂ ਸਾਬਤ ਹੋਈਆਂ। ਮਹਾਰਾਸ਼ਟਰ ਦੇ ਲੋਕ ਮੋਦੀ ਦੀ ਮੁਆਫੀ ਨਹੀਂ ਮੰਨਣਗੇ ਤੇ ਹੁਕਮਰਾਨ ਪਾਰਟੀ ਨੂੰ ਸਬਕ ਸਿਖਾਉਣਗੇ।
ਠਾਕਰੇ ਨੇ ਅੱਗੇ ਕਿਹਾਮਹਾਰਾਸ਼ਟਰ ਵਿਚ ਜੋ ਹੋ ਰਿਹਾ ਹੈ, ਉਹ ਸਿਆਸਤ ਨਹੀਂ। ਅੱਜ ਹੀ ਸ਼ਿਵਾ ਜੀ ਵਿਰੋਧੀ ਲੋਕ (ਭਾਜਪਾ) ਮਹਾ ਵਿਕਾਸ ਅਘਾੜੀ ਖਿਲਾਫ ਪੋ੍ਰਟੈਸਟ ਕਰ ਰਹੇ ਹਨ। ਕਰਨ ਦਿਓ। ਅਸੀਂ ਉਨ੍ਹਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਅਸੀਂ ਗੇਟਵੇਅ ਆਫ ਇੰਡੀਆ ਦੀ ਚੋਣ ਇਸ ਕਰਕੇ ਕੀਤੀ ਹੈ ਕਿ ਭਾਜਪਾ ਦਾ ਗੈੱਟ ਆਊਟ ਆਫ ਇੰਡੀਆ ਕਰਨਾ ਹੈ।
ਠਾਕਰੇ ਨੇ ਮਾਰਚ ਦੌਰਾਨ ਮੁੱਖ ਮੰਤਰੀ ਸ਼ਿੰਦੇ, ਉਪ ਮੁੱਖ ਮੰਤਰੀ ਦਵਿੰਦਰ ਫੜਨਵੀਸ ਤੇ ਉਪ ਮੁੱਖ ਮੰਤਰੀ ਅਜੀਤ ਪਵਾਰ ਦੇ ਪੋਸਟਰ ’ਤੇ ਚੱਪਲ ਮਾਰੀ।
ਪਵਾਰ ਨੇ ਕਿਹਾ ਕਿ ਹੁਕਮਰਾਨ ਪਾਰਟੀ ਦੇ ਸਟੈਂਡ ਨੇ ਸ਼ਿਵਾ ਜੀ ਮਹਾਰਾਜ ਦੀ ਬੇਇੱਜ਼ਤੀ ਕੀਤੀ ਹੈ। ਮਹਾਰਾਸ਼ਟਰ ਵਿਚ ਸ਼ਿਵਾ ਜੀ ਮਹਾਰਾਜ ਦੇ ਕਈ ਬੁੱਤ ਹਨ, ਪਰ ਮਲਵਾਨ ਵਾਲਾ ਹੀ ਡਿੱਗਿਆ। ਲੋਕਾਂ ਵਿਚ ਆਮ ਭਾਵਨਾ ਹੈ ਕਿ ਪ੍ਰੋਜੈਕਟ ਵਿਚ ਕੁਰੱਪਸ਼ਨ ਹੋਈ, ਜੋ ਕਿ ਸ਼ਿਵਾ ਜੀ ਮਹਾਰਾਜ ਦੀ ਬੇਇੱਜ਼ਤੀ ਹੈ।
ਪਟੋਲੇ ਨੇ ਕਿਹਾ ਕਿ ਸਿਹਤ ਠੀਕ ਨਾ ਹੋਣ ਦੇ ਬਾਵਜੂਦ ਪਵਾਰ ਮਾਰਚ ਵਿਚ ਸ਼ਾਮਲ ਹੋਏ। ਸਭ ਇਹ ਸੰਕਲਪ ਲੈ ਕੇ ਜਾਣਗੇ ਕਿ ਮੁਆਫੀਵੀਰਾਂ ਨੂੰ ਘਰ ਦਾ ਰਾਹ ਦਿਖਾਉਣਾ ਹੈ। ਇਸੇ ਦੌਰਾਨ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਕਿਹਾ ਹੈ ਕਿ ਬੁੱਤ ਦਾ ਡਿੱਗਣਾ ਮੰਦਭਾਗਾ ਹੈ, ਪਰ ਆਪੋਜ਼ੀਸ਼ਨ ਵਾਲੇ ਸਿਆਸਤ ਕਰ ਰਹੇ ਹਨ। ਮਹਾਰਾਸ਼ਟਰ ਦੇ ਲੋਕ ਇਨ੍ਹਾਂ ਨੂੰ ਜੁੱਤੀਆਂ ਮਾਰਨਗੇ।