ਕਰਨਾਟਕ ਦੀਆਂ ਵਿਧਾਨ ਸਭਾ ਚੋਣਾਂ ਜਿੱਤਣ ਬਾਅਦ ਰਾਹੁਲ ਗਾਂਧੀ ਦੀ ਅਗਵਾਈ ਵਿੱਚ ਕਾਂਗਰਸ ਨੇ ਜਾਤੀ ਜਨਗਣਨਾ ਦਾ ਮੁੱਦਾ ਜ਼ੋਰ-ਸ਼ੋਰ ਨਾਲ ਉਠਾਉਣਾ ਸ਼ੁਰੂ ਕਰ ਦਿੱਤਾ ਸੀ। ਇਸ ਦੇ ਜਵਾਬ ਵਿੱਚ ਨਰਿੰਦਰ ਮੋਦੀ ਨੇ ਕਿਹਾ ਸੀ, ‘ਵਿਰੋਧੀ ਧਿਰਾਂ ਦੇਸ਼ ਨੂੰ ਜਾਤੀਆਂ ਦੇ ਨਾਂਅ ’ਤੇ ਵੰਡਣਾ ਚਾਹੁੰਦੀਆਂ ਹਨ, ਪਰ ਮੇਰੀ ਨਜ਼ਰ ਵਿੱਚ ਸਿਰਫ਼ ਚਾਰ ਜਾਤੀਆਂ ਹਨ; ਗਰੀਬ, ਨੌਜਵਾਨ, ਔਰਤਾਂ ਤੇ ਕਿਸਾਨ।’ ਮੋਦੀ ਨੇ ਇਹ ਬਿਆਨ ਰਾਜਸਥਾਨ, ਮੱਧ ਪ੍ਰਦੇਸ਼ ਤੇ ਛੱਤੀਸਗੜ੍ਹ ਦੀਆਂ ਵਿਧਾਨ ਸਭਾ ਚੋਣਾਂ ਜਿੱਤ ਲੈਣ ਦੇ ਉਤਸ਼ਾਹ ਵਿੱਚ ਦਿੱਤਾ ਸੀ। ਉਨ੍ਹਾ ਕਿਹਾ ਸੀ, ‘ਮੇਰੇ ਲਈ ਸਿਰਫ਼ ਚਾਰ ਜਾਤੀਆਂ ਹਨ।’ ਇਨ੍ਹਾਂ ਨੂੰ ਤਾਕਤਵਰ ਬਣਾਉਣ ਨਾਲ ਦੇਸ਼ ਮਜ਼ਬੂਤ ਹੋਵੇਗਾ। ਸਾਡੇ ਓ ਬੀ ਸੀ ਤੇ ਆਦਿਵਾਸੀਆਂ ਦਾ ਵੱਡਾ ਹਿੱਸਾ ਇਨ੍ਹਾਂ ਵਿੱਚੋਂ ਹੀ ਆਉਂਦਾ ਹੈ।’
ਵਿਰੋਧੀ ਧਿਰ ਦੇ ਆਗੂਆਂ ਰਾਹੁਲ ਗਾਂਧੀ, ਅਖਿਲੇਸ਼ ਯਾਦਵ ਤੇ ਤੇਜਸਵੀ ਯਾਦਵ ਨੇ ਲੋਕ ਸਭਾ ਚੋਣਾਂ ਦੌਰਾਨ ਵੀ ਜਾਤੀ ਜਨਗਣਨਾ ਦੇ ਮੁੱਦੇ ਨੂੰ ਪ੍ਰਮੁੱਖਤਾ ਨਾਲ ਉਠਾਇਆ ਸੀ। ਭਾਜਪਾ ਇਸ ਮੰਗ ਦਾ ਲਗਾਤਾਰ ਵਿਰੋਧੀ ਕਰਦੀ ਰਹੀ ਹੈ। ਇਸ ਮਾਮਲੇ ’ਤੇ ਵਿਰੋਧੀ ਧਿਰਾਂ ਦੇ ਨਾਲ-ਨਾਲ ਐੱਨ ਡੀ ਏ ਵਿੱਚ ਸ਼ਾਮਲ ਦੋ ਧਿਰਾਂ ਜੇ ਡੀ ਯੂ ਤੇ ਐੱਲ ਜੇ ਪੀ ਵੀ ਸਮੁੱਚੇ ਦੇਸ਼ ਵਿੱਚ ਜਾਤੀ ਜਨਗਣਨਾ ਕਰਾਏ ਜਾਣ ਦੀ ਮੰਗ ਕਰਦੀਆਂ ਹਨ। ਇਸੇ ਕਾਰਨ ਭਾਜਪਾ ਇਸ ਦਾ ਖੁੱਲ੍ਹ ਕੇ ਵਿਰੋਧ ਕਰਨ ਤੋਂ ਬਚਦੀ ਰਹੀ, ਪਰ ਉਸ ਨੇ ਹਾਮੀ ਵੀ ਕਦੇ ਨਹੀਂ ਭਰੀ। ਭਾਜਪਾ ਨੂੰ ਡਰ ਹੈ ਕਿ ਜਾਤੀ ਜਨਗਣਨਾ ਕੀਤੇ ਜਾਣ ਨਾਲ ਉਸ ਦੇ ਹਿੰਦੂਆਂ ਨੂੰ ਇਕਜੁੱਟ ਕਰਨ ਦੇ ਨਾਅਰੇ ਨੂੰ ਠੇਸ ਪਹੁੰਚੇਗੀ। ਇਸ ਲਈ ਲਗਾਤਾਰ ਪ੍ਰਚਾਰ ਕਰ ਰਹੀ ਸੀ ਕਿ ਇਸ ਨਾਲ ਸਮਾਜ ਵਿੱਚ ਵੰਡੀਆਂ ਪੈ ਜਾਣਗੀਆਂ। ਯੋਗੀ ਆਦਿੱਤਿਆਨਾਥ ਦਾ ‘ਬਟੋਗੇ ਤੋਂ ਕਟੋਗੇ’ ਨਾਅਰਾ ਵੀ ਇਸੇ ਸੰਦਰਭ ਵਿੱਚ ਹੈ।
ਹੁਣ ਜਦੋਂ ਆਰ ਐੱਸ ਐੱਸ ਨੇ ਜਾਤੀ ਜਨਗਣਨਾ ਦਾ ਸਮਰਥਨ ਕਰ ਦਿੱਤਾ ਹੈ, ਨਰਿੰਦਰ ਮੋਦੀ ਸਮੇਤ ਸਭ ਭਾਜਪਾ ਆਗੂ ਹੈਰਾਨ-ਪ੍ਰੇਸ਼ਾਨ ਹੋ ਗਏ ਹਨ। ਕੇਰਲਾ ਦੇ ਪਲੱਕੜ ਵਿੱਚ ਹੋਏ ਆਰ ਐੱਸ ਐੱਸ ਦੇ ਤਿੰਨ ਦਿਨਾ ਸੰਮੇਲਨ ਦੇ ਬਾਅਦ ਪੱਤਰਕਾਰ ਸੰਮੇਲਨ ਨੂੰ ਸੰਬੋਧਨ ਕਰਦਿਆਂ ਸੰਘ ਦੇ ਮੁੱਖ ਬੁਲਾਰੇ ਸੁਨੀਲ ਅੰਬੇਕਰ ਨੇ ਕਿਹਾ, ‘ਜਾਤੀ ਜਨਗਣਨਾ ਇੱਕ ਬਹੁਤ ਹੀ ਸੰਵੇਦਨਸ਼ੀਲ ਮੁੱਦਾ ਹੈ, ਇਸ ਨੂੰ ਬਹੁਤ ਹੀ ਗੰਭੀਰਤਾ ਨਾਲ ਨਿਪਟਾਉਣਾ ਚਾਹੀਦਾ ਹੈ। ਜਾਤੀ ਗਣਨਾ ਕੇਵਲ ਹਾਸ਼ੀਆ ਉੱਤੇ ਪਹੁੰਚੇ ਹੋਏ ਵਰਗਾਂ ਦੇ ਕਲਿਆਣ ਲਈ ਹੋਣੀ ਚਾਹੀਦੀ ਹੈ। ਇਸ ਦੀ ਵਰਤੋਂ ਰਾਜਨੀਤਕ ਹਥਿਆਰ ਜਾਂ ਚੋਣ ਪ੍ਰਚਾਰ ਲਈ ਨਹੀਂ ਹੋਣੀ ਚਾਹੀਦੀ।’ ਸੁਨੀਲ ਅੰਬੇਕਰ ਨੇ ਅੱਗੇ ਕਿਹਾ, ‘ਆਰ ਐੱਸ ਐੱਸ ਦੀ ਸੋਚ ਹੈ ਕਿ ਸਾਰੀਆਂ ਕਲਿਆਣਕਾਰੀ ਸਰਗਰਮੀਆਂ ਲਈ ਵਿਸ਼ੇਸ਼ ਰੂਪ ਵਿੱਚ ਉਨ੍ਹਾਂ ਵਰਗਾਂ ਤੇ ਜਾਤੀਆਂ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ, ਜਿਹੜੇ ਪਛੜ ਰਹੇ ਹਨ। ਕਦੇ-ਕਦੇ ਸਰਕਾਰ ਨੂੰ ਅੰਕੜਿਆਂ ਦੀ ਜ਼ਰੂਰਤ ਹੁੰਦੀ ਹੈ। ਸਰਕਾਰ ਪਹਿਲਾਂ ਵੀ ਅਜਿਹੇ ਅੰਕੜੇ ਇਕੱਤਰ ਕਰਦੀ ਰਹੀ ਹੈ, ਇਸ ਲਈ ਦੁਬਾਰਾ ਵੀ ਕਰ ਸਕਦੀ ਹੈ, ਪਰ ਇਸ ਦੀ ਰਾਜਨੀਤਿਕ ਹਥਿਆਰ ਵਜੋਂ ਵਰਤੋਂ ਨਹੀਂ ਹੋਣੀ ਚਾਹੀਦੀ। ਇਸ ਲਈ ਸੰਘ ਇਸ ਨੂੰ ਸਾਰਿਆਂ ਲਈ ਸਾਵਧਾਨੀ ਵਜੋਂ ਪੇਸ਼ ਕਰ ਰਿਹਾ ਹੈ।’
ਇਸ ਦੇ ਨਾਲ ਹੀ ਸੰਘ ਬੁਲਾਰੇ ਨੇ ਜਾਤੀਆਂ ਦੇ ਵਰਗੀਕਰਨ ਬਾਰੇ ਕਿਹਾ, ‘ਅਨੁਸੂਚਿਤ ਜਾਤੀਆਂ ਤੇ ਅਨੁਸੂਚਿਤ ਜਨਜਾਤੀਆਂ ਦੇ ਉਪ ਵਰਗੀਕਰਨ ਬਾਰੇ ਕੋਈ ਕਦਮ ਸੰਬੰਧਤ ਸਮਾਜ ਦੀ ਸਹਿਮਤੀ ਨਾਲ ਚੁੱਕਿਆ ਜਾਣਾ ਚਾਹੀਦਾ ਹੈ।’ ਯਾਦ ਰਹੇ ਕਿ ਸੁਪਰੀਮ ਕੋਰਟ ਨੇ ਪਿਛਲੇ ਦਿਨੀਂ ਆਦੇਸ਼ ਦਿੱਤਾ ਸੀ ਕਿ ਐੱਸ ਸੀ ਤੇ ਐੱਸ ਟੀ ਜਾਤੀਆਂ ਵਿੱਚ ਉਪ ਵਰਗੀਕਰਨ ਹੋਵੇ ਤਾਂ ਜੋ ਹਾਸ਼ੀਏ ’ਤੇ ਪਈਆਂ ਅਤਿ ਦਲਿਤ ਜਾਤੀਆਂ ਨੂੰ ਵੀ ਫਾਇਦਾ ਮਿਲ ਸਕੇ। ਐੱਸ ਸੀ ਤੇ ਐੱਸ ਟੀ ਦੇ ਮੁੱਖ ਸਮੂਹਾਂ ਦੇ ਵਿਰੋਧ ਕਾਰਨ ਭਾਜਪਾ ਤੇ ਕਾਂਗਰਸ ਸਮੇਤ ਕਈ ਪਾਰਟੀਆਂ ਇਸ ਮੁੱਦੇ ਤੋਂ ਕੰਨੀ ਕੱਟਦੀਆਂ ਰਹੀਆਂ ਹਨ।
ਆਰ ਐੱਸ ਐੱਸ ਸਦਾ ਹੀ ਰਾਖਵੇਂਕਰਨ ਦਾ ਵਿਰੋਧੀ ਰਿਹਾ ਹੈ। ਜਾਤੀ ਜਨਗਣਨਾ ਅਸਲ ਵਿੱਚ ਰਾਖਵੇਂਕਰਨ ਦਾ ਘੇਰਾ ਹੋਰ ਵਿਸ਼ਾਲ ਕਰਨ ਦਾ ਹਥਿਆਰ ਹੈ। ਇਸ ਲਈ ਭਾਵੇਂ ਕਿੰਤੂ-ਪ੍ਰੰਤੂ ਕਰਕੇ ਹੀ ਸੰਘ ਵੱਲੋਂ ਇਸ ਦੇ ਹੱਕ ਵਿੱਚ ਖੜ੍ਹਾ ਹੋਣਾ ਇੱਕ ਅਹਿਮ ਤਬਦੀਲੀ ਹੈ। ਇਹ ਵਿਰੋਧੀ ਧਿਰਾਂ ਖਾਸ ਕਰ ਰਾਹੁਲ ਗਾਂਧੀ ਦੀ ਵੱਡੀ ਜਿੱਤ ਹੈ, ਜਿਸ ਨੇ ਕੁਝ ਦਿਨ ਪਹਿਲਾਂ ਹੀ ਇੱਕ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਸੀ, ‘ਮੋਦੀ ਜੀ, ਅਗਰ ਆਪ ਜਾਤੀ ਜਨਗਣਨਾ ਰੋਕਣ ਦੀ ਸੋਚ ਰਹੇ ਹੋ ਤਾਂ ਤੁਸੀਂ ਬੁਰਾ ਸੁਫਨਾ ਦੇਖ ਰਹੇ ਹੋ। ਹੁਣ ਇਸ ਨੂੰ ਕੋਈ ਤਾਕਤ ਰੋਕ ਨਹੀਂ ਸਕਦੀ। ਹਿੰਦੋਸਤਾਨ ਦਾ ਆਦੇਸ਼ ਆ ਗਿਆ ਹੈ। ਜਲਦੀ ਹੀ 90 ਫ਼ੀਸਦੀ ਭਾਰਤੀ ਸਮਰਥਨ ਕਰਨਗੇ ਤੇ ਮੰਗ ਕਰਨਗੇ ਕਿ ਜਾਤੀ ਜਨਗਣਨਾ ਕਰਾਈ ਜਾਏ। ਹੁਣੇ ਇਸ ਆਦੇਸ਼ ਨੂੰ ਲਾਗੂ ਕਰੋ, ਨਹੀਂ ਤਾਂ ਤੁਸੀਂ ਅਗਲੇ ਪ੍ਰਧਾਨ ਮੰਤਰੀ ਨੂੰ ਅਜਿਹਾ ਕਰਦਿਆਂ ਦੇਖੋਗੇ।’ ਸੰਘ ਦੇ ਇਸ ਸਟੈਂਡ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਉਸ ਦੇ ਬਾਕੀ ਹਮਵਾਰੀਆਂ ਲਈ ਜਾਤੀ ਜਨਗਣਨਾ ਦਾ ਮੁੱਦਾ ‘ਸੱਪ ਦੇ ਮੂੰਹ ਕੋਹੜ ਕਿਰਲੀ’ ਵਾਲਾ ਬਣ ਗਿਆ ਹੈ, ਖਾਵੇ ਤਾਂ ਕੋਹੜੀ ਨਾ ਖਾਵੇ ਤਾਂ ਕਲੰਕੀ।
-ਚੰਦ ਫਤਿਹਪੁਰੀ