ਹੁਲੁਨਬੂਈਰ (ਚੀਨ) : ਭਾਰਤ ਸੋਮਵਾਰ ਦੱਖਣੀ ਕੋਰੀਆ ਨੂੰ 4-1 ਨਾਲ ਹਰਾ ਕੇ ਏਸ਼ੀਅਨ ਚੈਂਪੀਅਨਜ਼ ਹਾਕੀ ਟਰਾਫੀ ਟੂਰਨਾਮੈਂਟ ਦੇ ਫਾਈਨਲ ’ਚ ਪੁੱਜ ਗਿਆ, ਜਿੱਥੇ ਉਸਦਾ ਮੁਕਾਬਲਾ ਮੰਗਲਵਾਰ ਚੀਨ ਨਾਲ ਹੋਵੇਗਾ, ਜਿਸਨੇ ਪਹਿਲੇ ਸੈਮੀਫਾਈਨਲ ’ਚ ਪਾਕਿਸਤਾਨ ਨੂੰ 2-0 ਨਾਲ ਹਰਾ ਕੇ ਹੈਰਾਨ ਕੀਤਾ।
ਭਾਰਤ ਲਈ ਕਪਤਾਨ ਹਰਮਨਪ੍ਰੀਤ ਸਿੰਘ ਨੇ 2 ਅਤੇ ਉੱਤਮ ਸਿੰਘ ਤੇ ਜਰਮਨਪ੍ਰੀਤ ਸਿੰਘ ਨੇ ਇਕ-ਇਕ ਗੋਲ ਕੀਤੇ। ਕੋਰੀਆ ਵੱਲੋਂ ਯਾਂਗ ਜਿਹਾਨ ਨੇ ਗੋਲ ਕੀਤਾ।
ਪਿਛਲਾ ਚੈਂਪੀਅਨ ਭਾਰਤ ਰਾਉਡ ਰੋਬਿਨ ਲੀਗ ਦੇ ਸਾਰੇ ਪੰਜ ਮੈਚ ਜਿੱਤ ਕੇ ਸੈਮੀਫਾਈਨਲ ਵਿਚ ਪੁੱਜਾ ਸੀ। ਲੀਗ ਵਿਚ ਭਾਰਤ ਨੇ ਚੀਨ ਨੂੰ 3-0, ਜਾਪਾਨ ਨੂੰ 5-1, ਮਲੇਸ਼ੀਆ ਨੂੰ 8-1, ਦੱਖਣੀ ਕੋਰੀਆ ਨੂੰ 3-1 ਤੇ ਪਾਕਿਸਤਾਨ ਨੂੰ 2-1 ਨਾਲ ਹਰਾਇਆ ਸੀ।
ਚੀਨ ਨੇ ਪੈਨਾਲਟੀ ਸ਼ੂਟਆਊਟ ਵਿਚ ਪਾਕਿਸਤਾਨ ਨੂੰ ਹਰਾਇਆ। ਇਹ ਪਹਿਲੀ ਵਾਰ ਹੋਵੇਗਾ ਕਿ ਚੀਨ ਫਾਈਨਲ ਵਿਚ ਖੇਡੇਗਾ ਜਦਕਿ ਪਾਕਿਸਤਾਨ ਤੀਜੀ ਪੁਜ਼ੀਸ਼ਨ ਲਈ ਦੱਖਣੀ ਕੋਰੀਆ ਨਾਲ ਖੇਡੇਗਾ। ਚੀਨ ਨੇ ਪਾਕਿਸਤਾਨ ਖਿਲਾਫ 18ਵੇਂ ਮਿੰਟ ਵਿਚ ਯੁਆਨਲਿਨ ਦੇ ਗੋਲ ਨਾਲ ਲੀਡ ਲੈ ਲਈ ਸੀ ਪਰ ਪਾਕਿਸਤਾਨ ਨੇ ਤੀਜੇ ਕੁਆਰਟਰ ਵਿਚ ਗੋਲ ਕਰਕੇ ਮੈਚ ਸਾਵਾਂ ਕਰ ਲਿਆ। ਪੈਨਾਲਟੀ ਸ਼ੂਟਆਊਟ ’ਚ ਚੀਨ ਦੇ ਗੋਲਕੀਪਰ ਕੈਯੂ ਵਾਂਗ ਨੇ ਕੋਈ ਗੋਲ ਨਹੀਂ ਖਾਧਾ ਅਤੇ ਉਸਦੇ ਬੇਨਹਾਈ ਚੇਨ ਤੇ ਚਾਨਲਿਆਂਗ ਲਿਨ ਨੇ ਗੋਲ ਠੋਕ ਦਿੱਤੇ।
ਜਾਪਾਨ ਮਲੇਸ਼ੀਆ ਨੂੰ ਪੈਨਾਲਟੀ ਸ਼ੂਟਆਊਟ ’ਚ 4-2 ਨਾਲ ਹਰਾ ਕੇ ਪੰਜਵੇਂ ਸਥਾਨ ’ਤੇ ਰਿਹਾ। ਦੋਨੋਂ ਰੈਗੂਲਰ ਟਾਈਮ ’ਚ 4-4 ’ਤੇ ਬਰਾਬਰ ਰਹੇ ਸਨ।





