ਸਿਰਸਾ : ਹਰਿਆਣਾ ਅਸੰਬਲੀ ਚੋਣਾਂ ਦੇ ਨਾਮਜ਼ਦਗੀ ਕਾਗਜ਼ ਵਾਪਸ ਲਏ ਜਾਣ ਦੇ ਆਖਰੀ ਦਿਨ ਸੋਮਵਾਰ ਸਿਰਸਾ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਰੋਹਤਾਸ਼ ਜਾਂਗੜਾ ਨੇ ਕਾਗਜ਼ ਵਾਪਸ ਲੈ ਲਏ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਾਂਗੜਾ ਨੇ ਕਿਹਾ ਕਿ ਜਿਵੇਂ ਉਨ੍ਹਾ ਨੂੰ ਉਪਰ ਤੋਂ ਆਦੇਸ਼ ਹੋਇਆ, ਉਨ੍ਹਾ ਉਵੇਂ ਹੀ ਕੀਤਾ ਹੈ।
ਹਰਿਆਣਾ ਲੋਕਹਿੱਤ ਪਾਰਟੀ ਦੇ ਪ੍ਰਧਾਨ ਤੇ ਸਿਟਿੰਗ ਵਿਧਾਇਕ ਗੋਪਾਲ ਕਾਂਡਾ ਨੂੰ ਹਮਾਇਤ ਦੇਣ ਬਾਰੇ ਪੁੱਛੇ ਜਾਣ ’ਤੇ ਉਨ੍ਹਾ ਕਿਹਾ ਜਿਵੇਂ ਉਪਰ ਤੋਂ ਆਦੇਸ਼ ਹੋਵੇਗਾ, ਉਸੇ ਤਰ੍ਹਾਂ ਕੀਤਾ ਜਾਵੇਗਾ। ਉਨ੍ਹਾ ਨਾਲ ਹੀ ਕਿਹਾ ਕਿ ‘ਕਾਂਡਾ ਨੇ ਪੰਜ ਸਾਲ ਸਾਡੀ ਹਮਾਇਤ ਕੀਤੀ’ ਸੀ ਅਤੇ ਇਹ ਫੈਸਲਾ ਸਿਰਸਾ ਦੇ ਵਿਕਾਸ ਦੇ ਹਿੱਤ ਵਿਚ ਕੀਤਾ ਗਿਆ ਹੈ।
ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਐੱਮ ਪੀ ਅਸ਼ੋਕ ਤੰਵਰ ਨੇ ਕਿਹਾ ਕਿ ਐੱਨ ਡੀ ਏ ਦਾ ਇਕ ਹੀ ਮਕਸਦ ਹੈ ਕਿ ਭਾਜਪਾ ਤੀਜੀ ਵਾਰ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਹਰਿਆਣਾ ’ਚ ਆਪਣੀ ਸਰਕਾਰ ਕਾਇਮ ਕਰੇ। ਕਾਂਡਾ ਨੂੰ ਹਮਾਇਤ ਦੇਣ ਦੇ ਸੁਆਲ ’ਤੇ ਉਨ੍ਹਾ ਕਿਹਾ ਕਿ ਇਸ ਸੰਬੰਧ ’ਚ ਭਾਜਪਾ ਦੇ ਦਫ਼ਤਰ ’ਚ ਪਾਰਟੀ ਆਗੂਆਂ ਦੀ ਮੀਟਿੰਗ ਹੋਵੇਗੀ ਤੇ ਇਸ ਦਾ ਫੈਸਲਾ ਮੀਟਿੰਗ ’ਚ ਲਿਆ ਜਾਵੇਗਾ।
ਇਸ ਤਰ੍ਹਾਂ ਹੁਣ ਭਾਜਪਾ ਵੀ ਕਾਂਗਰਸ ਵਾਂਗ ਅਸੰਬਲੀ ਦੀਆਂ 90 ਵਿੱਚੋਂ 89 ਸੀਟਾਂ ਉਤੇ ਹੀ ਚੋਣ ਲੜੇਗੀ। ਕਾਂਗਰਸ ਨੇ ਭਿਵਾਨੀ ਸੀਟ ਸੀ ਪੀ ਆਈ (ਐੱਮ) ਲਈ ਛੱਡੀ ਹੈ।
ਇਸ ਤੋਂ ਪਹਿਲਾਂ ਬਸਪਾ ਨਾਲ ਗੱਠਜੋੜ ਕਰਕੇ ਲੜ ਰਹੇ ਇੰਡੀਅਨ ਨੈਸ਼ਨਲ ਲੋਕਦਲ (ਇਨੈਲੋ) ਨੇ ਵੀ ਕਾਂਡਾ ਦੀ ਹਮਾਇਤ ਦਾ ਐਲਾਨ ਕੀਤਾ ਸੀ।





