ਸ੍ਰੀਨਗਰ : ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਬੁੱਧਵਾਰ ਜੰਮੂ-ਕਸ਼ਮੀਰ ’ਚ ਚੋਣ ਪ੍ਰਚਾਰ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਉਨ੍ਹਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਇੱਕ ਵਾਰ ਫਿਰ ਤਿੱਖਾ ਹਮਲਾ ਕੀਤਾ। ਕਾਂਗਰਸ ਆਗੂ ਨੇ ਕਿਹਾ ਕਿ ਅਸੀਂ ਨਰੇਂਦਰ ਮੋਦੀ ਨੂੰ ਮਾਨਸਿਕ ਤੌਰ ’ਤੇ ਉਖਾੜ ਦਿੱਤਾ ਹੈ। ਉਨ੍ਹਾ ਦਾ ਆਤਮ-ਵਿਸ਼ਵਾਸ ਗਾਇਬ ਹੋ ਗਿਆ ਹੈ। ਉਨ੍ਹਾ ਕਿਹਾ ਕਿ ਜਾਤੀ ਜਨਗਣਨਾ ਨਹੀਂ ਹੋਵੇਗੀ। ਹੁਣ ਆਰ ਐੱਸ ਐੱਸ ਦੇ ਲੋਕ ਕਹਿ ਰਹੇ ਹਨ ਕਿ ਇਹ ਸਹੀ ਗੱਲ ਹੈ। ਪਹਿਲਾ ਉਨ੍ਹਾ ਕਿਹਾ ਕਿ ਲੇਟਰਲ ਐਂਟਰੀ ਤੋਂ ਬਾਹਰ ਦੇ ਲੋਕਾਂ ਨੂੰ ਸਰਕਾਰ ’ਚ ਲਿਆਵੇਗਾ। ਥੋੜ੍ਹਾ ਜਿਹਾ ਦਬਾਅ ਪਾਇਆ ਤਾਂ ਭਾਜਪਾ ਨੇ ਕਿਹਾ ਕਿ ਇਸ ਤਰ੍ਹਾਂ ਨਹੀਂ ਹੋਵੇਗਾ। ਤੁਸੀਂ ਇਹ ਸਮਝ ਲਓ ਕਿ ਮੋਦੀ ਹੁਣ ਦੇਸ਼ ਦੀ ਜਨਤਾ ਤੋਂ ਡਰ ਰਹੇ ਹਨ। ਰਾਹੁਲ ਨੇ ਕਿਹਾ ਕਿ ਥੋੜ੍ਹਾ ਹੀ ਸਮਾਂ ਰਹਿ ਗਿਆ ਹੈ, ਅਸੀਂ ਨਰਿੰਦਰ ਮੋਦੀ ਅਤੇ ਭਾਜਪਾ ਨੂੰ ਸੱਤਾ ਤੋਂ ਹਟਾ ਦਿਆਂਗੇ।
ਉਨ੍ਹਾ ਕਿਹਾ ਕਿ ਪਹਿਲਾਂ ਨਰਿੰਦਰ ਮੋਦੀ ਛਾਤੀ ਚੌੜੀ ਕਰਕੇ ਆਉਂਦੇ ਸਨ, ਹੁਣ ਇਸ ਤਰ੍ਹਾਂ ਨਹੀਂ। ਪਹਿਲਾਂ ਵੱਡੇ-ਵੱਡੇ ਭਾਸ਼ਣ ਦਿੰਦੇ ਸਨ। ਹੁਣ ਸੰਸਦ ’ਚ ਆਉਣ ਤੋਂ ਪਹਿਲਾਂ ਸੰਵਿਧਾਨ ਨੂੰ ਸਿਰ ’ਤੇ ਰੱਖਦੇ ਅਤੇ ਫਿਰ ਅੰਦਰ ਆਉਂਦੇ ਹਨ। ਇਤਿਹਾਸ ’ਚ ਪਹਿਲੀ ਵਾਰ ਇਸ ਤਰ੍ਹਾਂ ਹੋਇਆ ਕਿ ਇੱਕ ਸੂਬੇ ਤੋਂ ਉਨ੍ਹਾਂ ਦਾ ਦਰਜਾ ਖੋਹ ਲਿਆ ਗਿਆ ਅਤੇ ਯੂ ਟੀ ਬਣਾ ਦਿੱਤਾ। ਅਸੀਂ ਤੈਅ ਕੀਤਾ ਕਿ ਸਭ ਤੋਂ ਪਹਿਲਾਂ ਜੰਮੂ-ਕਸ਼ਮੀਰ ਨੂੰ ਸੂਬੇ ਦਾ ਦਰਜਾ ਦੇਣਾ ਹੈ। ਤੁਹਾਡੀ ਦੌਲਤ ਖੋਹੀ ਜਾ ਰਹੀ ਹੈ। ਤੁਹਾਡੀ ਜ਼ਮੀਨ ਖੋਹੀ ਜਾ ਰਹੀ ਹੈ। ਤੁਹਾਡਾ ਪੈਸਾ ਬਾਹਰ ਦੇ ਲੋਕਾਂ ਨੂੰ ਦਿੱਤਾ ਜਾ ਰਿਹਾ ਹੈ। ਸਾਰੇ ਠੇਕੇ ਬਾਹਰ ਦੇ ਲੋਕਾਂ ਨੂੰ ਮਿਲ ਰਹੇ ਹਨ। ਸਾਡਾ ਪਹਿਲਾ ਕਦਮ ਜੰਮੂ-ਕਸ਼ਮੀਰ ਨੂੰ ਸੂਬੇ ਦਾ ਦਰਜਾ ਵਾਪਸ ਦੇਣ ਦਾ ਹੋਵੇਗਾ। ਅਸੀਂ ਚਾਹੁੰਦੇ ਹਾਂ ਕਿ ਪਹਿਲਾਂ ਤੁਹਾਨੂੰ ਸੂਬੇ ਦਾ ਦਰਜਾ ਮਿਲੇ, ਫਿਰ ਚੋਣਾਂ ਹੋਣ।
ਉਹਨਾ ਕਿਹਾ ਕਿ ਭਾਜਪਾ ਇਸ ਤਰ੍ਹਾਂ ਨਹੀਂ ਚਾਹੁੰਦੀ। ਉਨ੍ਹਾਂ ਦਾ ਕਹਿਣਾ ਹੈ ਕਿ ਪਹਿਲਾ ਚੋਣਾਂ ਹੋਣ, ਫਿਰ ਸੂਬੇ ਦੇ ਦਰਜੇ ’ਤੇ ਗੱਲ ਹੋਵੇਗੀ। ਅਸੀਂ ਕਹਿੰਦੇ ਹਾਂ ਕਿ ਭਾਜਪਾ ਚਾਹੇ ਜਾਂ ਨਾ ਚਾਹੇ, ਪਰ ‘ਇੰਡੀਆ’ ਗਠਜੋੜ ਏਨਾ ਦਬਾਅ ਪਾਵੇਗਾ ਕਿ ਜੰਮੂ-ਕਸ਼ਮੀਰ ਨੂੰ ਸੂਬੇ ਦਾ ਦਰਜਾ ਦੇਣਾ ਹੋਵੇਗਾ। ਪਤਾ ਨਹੀਂ ਤੁਸੀਂ ਅਡਾਨੀ ਕਾ ਨਾਂਅ ਸੁਣਿਆ ਹੈ ਜਾਂ ਨਹੀਂ, ਸੰਸਦ ’ਚ ਮੈਨੂੰ ਕਿਹਾ ਗਿਆ ਮੈਂ ਅਡਾਨੀ ਅਤੇ ਅੰਬਾਨੀ ਦਾ ਨਾਂਅ ਨਹੀਂ ਲੈ ਸਕਦਾ। ਮੈਂ ਕਿਹਾ ਕਿ ਨਾਂਅ ਨਹੀਂ ਲੈ ਸਕਦਾ ਤਾਂ ਕੁਝ ਤਾਂ ਨਾਂਅ ਉਨ੍ਹਾਂ ਨੂੰ ਦੇਣਾ ਹੋਵੇਗਾ। ‘ਅਸੀਂ ਦੋ ਅਤੇ ਸਾਡੇ ਦੋ’ ਚੱਲ ਰਿਹਾ ਹੈਨਰਿੰਦਰ ਮੋਦੀ, ਅਮਿਤ ਸ਼ਾਹ ਅਤੇ ਅੰਬਾਨੀ ਅਤੇ ਅਡਾਨੀ। ਛੋਟੇ ਕਾਰੋਬਾਰ ਬੰਦ ਕੀਤੇ ਜਾ ਰਹੇ ਹਨ, ਪਰ ਪੂਰੀ ਸਰਕਾਰ ਦੋ ਕਾਰੋਬਾਰੀਆਂ ਲਈ ਚਲਾਈ ਜਾ ਰਹੀ ਹੈ। ਤੁਹਾਡੇ ਕੋਲੋਂ ਸੂਬੇ ਦਾ ਦਰਜਾ ਖੋਹਣ ਦਾ ਮਕਸਦ ਵੀ ਉਨ੍ਹਾਂ ਦੋ ਲੋਕਾਂ ਨੂੰ ਹੀ ਲਾਭ ਦੇਣਾ ਹੈ। ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ’ਚ ਚੋਣਾਂ 18 ਸਤੰਬਰ, 25 ਸਤੰਬਰ ਤੇ 1 ਅਕਤੂਬਰ ਨੂੰ ਤਿੰਨ ਗੇੜਾਂ ’ਚ ਹੋਣੀਆਂ ਹਨ। ਕਾਂਗਰਸ ਨੇ 40 ਸਟਾਰ ਪ੍ਰਚਾਰਕਾਂ ਦਾ ਨਾਂਅ ਤੈਅ ਕੀਤਾ ਹੈ। ਇਨ੍ਹਾਂ ’ਚ ਮਲਿਕਾਰਜੁਨ ਖੜਗੇ, ਸੋਨੀਆ ਗਾਂਧੀ ਅਤੇ ਪਿ੍ਰਅੰਕਾ ਦਾ ਨਾਂਅ ਵੀ ਸ਼ਾਮਲ ਹੈ।