ਨਵੀਂ ਦਿੱਲੀ : ਭਾਰਤ ਨੂੰ ਪੈਰਿਸ ਪੈਰਾ-ਉਲੰਪਿਕ ’ਚ 21ਵਾਂ ਤਮਗਾ ਮਿਲਿਆ। ਸਚਿਨ ਨੇ ਦੇਸ਼ ਨੂੰ ਗੋਲਾ ਸੁੱਟਣ ’ਚ ਚਾਂਦੀ ਦਾ ਤਮਗਾ ਦਿਵਾਇਆ। ਭਾਰਤ ਨੇ ਬੁੱਧਵਾਰ ਮਰਦਾਂ ਦੇ ਐੱਫ 46 ਗੋਲਾ ਸੁੱਟਣ ਦੇ ਮੁਕਾਬਲੇ ’ਚ ਸਚਿਨ ਸਰਜੇਰਾਓ ਨੇ 16.32 ਮੀਟਰ ਥਰੋ ਸੁੱਟ ਕੇ ਚਾਂਦੀ ਦਾ ਤਮਗਾ ਆਪਣੇ ਨਾਂਅ ਕੀਤਾ। ਸਚਿਨ ਸਿਰਫ਼ 0.06 ਮੀਟਰ ਨਾਲ ਸੋਨੇ ਦੇ ਤਮਗੇ ਤੋਂ ਖੁੰਝ ਗਏ। ਕੈਨੇਡਾ ਦੇ ਗ੍ਰੇਗ ਸਟੀਵਰ ਨੇ 16.38 ਮੀਟਰ ਥਰੋ ਦੇ ਨਾਲ ਸੋਨੇ ਦਾ ਤਮਗਾ ਆਪਣੇ ਨਾਂਅ ਕੀਤਾ। ਇਸ ਮੁਕਾਬਲੇ ’ਚ ਭਾਰਤ ਦੇ ਮੁਹੰਮਦ ਯਾਸੇਰ ਅੱਠਵੇਂ ਅਤੇ ਰੋਹਿਤ ਕੁਮਾਰ ਨੌਵੇਂ ਸਥਾਨ ’ਤੇ ਰਹੇ।