25.2 C
Jalandhar
Thursday, September 19, 2024
spot_img

900 ਗੋਲ!

ਲਿਸਬਨ : ਪੁਰਤਗਾਲ ਦੇ ਫੁੱਟਬਾਲਰ ਕ੍ਰਿਸਟੀਆਨੋ ਰੋਨਾਲਡੋ ਨੇ 900 ਗੋਲ ਕਰਨ ਦਾ ਮੀਲ ਪੱਥਰ ਗੱਡ ਦਿੱਤਾ ਹੈ | 900ਵਾਂ ਗੋਲ ਉਸ ਨੇ ਕ੍ਰੋਏਸ਼ੀਆ ਖਿਲਾਫ ਲਿਸਬਨ ਵਿਚ ਯੂ ਏ ਐੱਫ ਏ ਨੇਸ਼ਨਜ਼ ਲੀਗ ਦੇ ਮੈਚ ਵਿਚ ਕੀਤਾ | ਪੰਜ ਵਾਰ ਬੈਲੋਨ ਡੀ’ਓਰ (ਗੋਲਡਨ ਫੁੱਟਬਾਲ) ਦਾ ਖਿਤਾਬ ਜਿੱਤਣ ਵਾਲੇ ਰੋਨਾਲਡੋ ਨੇ ਨੂਨੋ ਮੇਂਡੇਸ ਤੋਂ ਮਿਲੇ ਪਾਸ ‘ਤੇ ਕੀਤਾ |
ਰੋਨਾਲਡੋ ਤੋਂ ਬਾਅਦ ਸਭ ਤੋਂ ਵੱਧ ਗੋਲ ਅਰਜਨਟੀਨਾ ਦੇ ਲਿਓਨਲ ਮੈਸੀ (838) ਤੇ ਬਰਾਜ਼ੀਲ ਦੇ ਮਹਾਨ ਫੁੱਟਬਾਲਰ ਮਰਹੂਮ ਪੇਲੇ (762) ਦੇ ਨਾਂਅ ਹਨ |
39 ਸਾਲਾ ਰੋਨਾਲਡੋ ਨੇ ਆਪਣਾ ਪੇਸ਼ੇਵਾਰਾਨਾ ਸਫਰ ਸਪੋਰਟਿੰਗ ਸੀ ਪੀ ਕਲੱਬ ਤੋਂ ਕੀਤਾ ਸੀ, ਜਿਸ ਲਈ ਉਸ ਨੇ 28 ਮੈਚਾਂ ਵਿਚ ਚਾਰ ਗੋਲ ਕੀਤੇ ਸਨ | ਮਾਨਚੈਸਟਰ ਯੂਨਾਈਟਿਡ ਦੇ ਨਾਮਵਰ ਮੈਨੇਜਰ ਸਰ ਅਲੈਕਸ ਫਰਗੂਸਨ ਨੇ ਉਸ ਦੀ ਕਾਬਲੀਅਤ ਨੂੰ ਪਛਾਣਦਿਆਂ 2003 ਵਿਚ ਆਪਣੇ ਕਲੱਬ ‘ਚ ਲੈ ਆਂਦਾ ਸੀ | ਇਸ ਇੰਗਲਿਸ਼ ਕਲੱਬ ਲਈ ਰੋਨਾਲਡੋ ਨੇ ਛੇ ਸਾਲਾਂ ‘ਚ 145 ਗੋਲ ਕੀਤੇ | ਫਿਰ 2009 ਵਿਚ ਰੋਨਾਲਡੋ ਸਪੇਨ ਦੇ ਨਾਮੀ ਕਲੱਬ ਰਿਆਲ ਮੈਡ੍ਰੀਡ ‘ਚ ਆ ਗਿਆ ਅਤੇ 7 ਨੰਬਰ ਦੀ ਜਰਸੀ ਪਾ ਕੇ ਖੇਡਦਿਆਂ 9 ਸਾਲਾਂ ‘ਚ 450 ਗੋਲ ਦਾਗੇ | 2018 ਵਿਚ ਉਹ ਇਟਲੀ ਦੇ ਕਲੱਬ ਜੁਵੇਂਟਸ ‘ਚ ਚਲੇ ਗਿਆ ਤੇ ਉੱਥੇ ਚਾਰ ਸਾਲਾਂ ਵਿਚ 101 ਗੋਲ ਠੋਕੇ | ਉਹ ਫਿਰ ਮਾਨਚੈਸਟਰ ਯੂਨਾਈਟਿਡ ‘ਚ ਆਇਆ ਤੇ ਦੋ ਸਾਲਾਂ ‘ਚ 29 ਗੋਲ ਕੀਤੇ | 2022 ਵਿਚ ਉਹ ਸਾਊਦੀ ਅਰਬ ਦੇ ਅਲ ਨਾਸਰ ਕਲੱਬ ‘ਚ ਚਲੇ ਗਿਆ | ਉੱਥੇ ਹੁਣ ਤੱਕ 74 ਮੈਚਾਂ ਵਿਚ 68 ਗੋਲ ਕਰ ਚੁੱਕਾ ਹੈ |
ਰੋਨਾਲਡੋ ਨੇ 900ਵਾਂ ਗੋਲ ਕਰਨ ਤੋਂ ਬਾਅਦ ਕਿਹਾ ਕਿ ਉਹ ਲਗਾਤਾਰ ਖੇਡ ਰਿਹਾ ਹੈ ਤੇ ਉਸ ਨੂੰ ਪਤਾ ਸੀ ਕਿ 900ਵਾਂ ਗੋਲ ਕਰ ਲਵੇਗਾ | ਉਸ ਨੇ ਅੱਗੇ ਕਿਹਾ—ਜਜ਼ਬਾਤੀ ਹਾਂ, ਕਿਉਂਕਿ ਇਹ ਮੀਲ ਦਾ ਪੱਥਰ ਹੈ |
ਰੋਨਾਲਡੋ ਨੇ ਆਪਣੇ ਨਵੇਂ ਯੂਟਿਊਬ ਚੈਨਲ ‘ਤੇ ਸਾਬਕਾ ਸਾਥੀ ਫੁੱਟਬਾਲਰ ਰਿਓ ਫਰਦੀਨੰਦ ਨਾਲ ਗੱਲ ਕਰਦਿਆਂ ਕਿਹਾ ਸੀ ਕਿ ਉਸ ਦੀ ਅੱਖ ਇਕ ਹਜ਼ਾਰਵੇਂ ਗੋਲ ‘ਤੇ ਹੈ | ਉਸ ਨੇ ਕਿਹਾ ਸੀ—ਮੈਂ 1000 ਗੋਲਾਂ ਤੱਕ ਪੁੱਜਣਾ ਚਾਹੁੰਦਾ ਹਾਂ | ਜੇ ਫੱਟੜ ਨਾ ਹੋਇਆ ਤਾਂ ਇਹ ਮੇਰੀ ਸਭ ਤੋਂ ਅਹਿਮ ਪ੍ਰਾਪਤੀ ਹੋਵੇਗੀ | ਸਭ ਤੋਂ ਪਹਿਲਾਂ ਮੇਰਾ ਨਿਸ਼ਾਨਾ 900 ਗੋਲ ਦਾ ਹੈ ਤੇ ਫਿਰ ਹਜ਼ਾਰ ਗੋਲਾਂ ਦੀ ਵੰਗਾਰ ਹੈ |
ਰੋਨਾਲਡੋ 7 ਨੰਬਰ ਦੀ ਜਰਸੀ ਪਾ ਕੇ ਖੇਡਦਾ ਹੈ, ਜਦਕਿ ਮੈਸੀ 10 ਨੰਬਰ ਦੀ | ਪੇਲੇ ਵੀ 10 ਨੰਬਰ ਦੀ ਜਰਸੀ ਪਾਉਂਦਾ ਸੀ | 10 ਨੰਬਰ ਦੀ ਜਰਸੀ ਪਾਉਣ ਦਾ ਮਾਣ ਬਿਹਤਰੀਨ ਖਿਡਾਰੀਆਂ ਨੂੰ ਮਿਲਦਾ ਹੈ |

Related Articles

LEAVE A REPLY

Please enter your comment!
Please enter your name here

Latest Articles