24 C
Jalandhar
Thursday, September 19, 2024
spot_img

ਫੋਗਾਟ ਤੇ ਪੂਨੀਆ ਕਾਂਗਰਸੀ ਕਾਸਟਿਊਮ ‘ਚ

ਨਵੀਂ ਦਿੱਲੀ : ਨਾਮੀ ਭਲਵਾਨ ਵਿਨੇਸ਼ ਫੋਗਾਟ ਤੇ ਬਜਰੰਗ ਪੂਨੀਆ ਹਰਿਆਣਾ ਅਸੰਬਲੀ ਚੋਣਾਂ ਤੋਂ ਪਹਿਲਾਂ ਸ਼ੁੱਕਰਵਾਰ ਕਾਂਗਰਸ ਵਿਚ ਸ਼ਾਮਲ ਹੋ ਗਏ | ਦੋਹਾਂ ਦੀ ਕਾਂਗਰਸ ਵਿਚ ਸ਼ਮੂਲੀਅਤ ਪਾਰਟੀ ਦੇ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ, ਬੁਲਾਰੇ ਪਵਨ ਖੇੜਾ ਤੇ ਹਰਿਆਣਾ ਕਾਂਗਰਸ ਦੇ ਪ੍ਰਧਾਨ ਉਦੈ ਭਾਨ ਨੇ ਕਰਵਾਈ |
ਉਮੀਦ ਹੈ ਕਿ ਕਾਂਗਰਸ ਦੋਹਾਂ ਨੂੰ ਚੋਣ ਮੈਦਾਨ ਵਿਚ ਉਤਾਰੇਗੀ | ਫੋਗਾਟ ਜੁਲਾਣਾ ਹਲਕੇ ਤੋਂ ਚੋਣ ਲੜ ਸਕਦੀ ਹੈ, ਜਿੱਥੋਂ ਜਨਨਾਇਕ ਜਨਤਾ ਪਾਰਟੀ (ਜੇ ਜੇ ਪੀ) ਦੇ ਅਮਰਜੀਤ ਢਾਂਡਾ ਮੌਜੂਦਾ ਵਿਧਾਇਕ ਹਨ | ਇਸੇ ਤਰ੍ਹਾਂ ਬਜਰੰਗ ਪੂਨੀਆ ਨੂੰ ਬਾਦਲੀ ਹਲਕੇ ਤੋਂ ਉਮੀਦਵਾਰ ਬਣਾਇਆ ਜਾ ਸਕਦਾ ਹੈ, ਜਿੱਥੋਂ ਭਾਜਪਾ ਨੇ ਸਾਬਕਾ ਸੂਬਾ ਪ੍ਰਧਾਨ ਓਮ ਪ੍ਰਕਾਸ਼ ਧਨਖੜ ਨੂੰ ਮੈਦਾਨ ਵਿਚ ਉਤਾਰਿਆ ਹੈ |
ਦੋਵਾਂ ਨੇ ਕਾਂਗਰਸ ਵਿਚ ਸ਼ਾਮਲ ਹੋਣ ਤੋਂ ਪਹਿਲਾਂ ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨਾਲ ਉਨ੍ਹਾ ਦੀ ਰਿਹਾਇਸ਼ ‘ਤੇ ਮੁਲਾਕਾਤ ਕੀਤੀ | (ਖੜਗੇ ਨੇ ‘ਐੱਕਸ’ ਉੱਤੇ ਪੋਸਟ ਪਾ ਕੇ ਕਿਹਾ—ਚੱਕ ਦੇ ਇੰਡੀਆ, ਚੱਕ ਦੇ ਹਰਿਆਣਾ! ਸਾਡੇ ਪ੍ਰਤਿਭਾਸ਼ਾਲੀ ਚੈਂਪੀਅਨ ਵਿਨੇਸ਼ ਫੋਗਾਟ ਅਤੇ ਬਜਰੰਗ ਪੂਨੀਆ ਮਿਲੇ, ਜਿਨ੍ਹਾਂ ਦੁਨੀਆ ‘ਚ ਭਾਰਤ ਦਾ ਨਾਂਅ ਰੌਸ਼ਨ ਕੀਤਾ ਹੈ | ਸਾਨੂੰ ਦੋਵਾਂ ‘ਤੇ ਮਾਣ ਹੈ)
ਇਸ ਤੋਂ ਪਹਿਲਾਂ ਵਿਨੇਸ਼ ਨੇ ਨਿੱਜੀ ਕਾਰਨਾਂ ਦੇ ਹਵਾਲੇ ਨਾਲ ਰੇਲਵੇ ਦੀ ਆਪਣੀ ਸਰਕਾਰੀ ਨੌਕਰੀ ਤੋਂ ਅਸਤੀਫਾ ਦੇ ਦਿੱਤਾ | ਪੂਨੀਆ ਨੇ ਵੀ ਰੇਲਵੇ ਦੀ ਨੌਕਰੀ ਛੱਡ ਦਿੱਤੀ |
ਦੋਹਾਂ ਨੇ ਬੁੱਧਵਾਰ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਸੀ | ਕਾਂਗਰਸ ਨੇ ਰਾਹੁਲ ਦੀ ਫੋਗਾਟ ਤੇ ਪੂਨੀਆ ਨਾਲ ਮੁਲਾਕਾਤ ਦੀ ਫੋਟੋ ਆਪਣੇ ‘ਐੱਕਸ’ ਹੈਂਡਲ ਉਤੇ ਨਸ਼ਰ ਕੀਤੀ ਸੀ |
ਕਾਂਗਰਸ ਜੁਆਇਨ ਕਰਨ ਤੋਂ ਬਾਅਦ ਫੋਗਾਟ ਨੇ ਕਿਹਾ ਕਿ ਉਹ ਨਹੀਂ ਚਾਹੁੰਦੀ ਕਿ ਉਹ ਜਿਹੜੇ ਔਖੇ ਦੌਰ ਵਿੱਚੋਂ ਲੰਘੀ, ਕੋਈ ਹੋਰ ਖਿਡਾਰੀ ਲੰਘੇ | ਉਸ ਨੇ ਕਿਹਾ—ਮੈਂ ਕਾਂਗਰਸ ਪਾਰਟੀ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ | ਔਖੇ ਵੇਲੇ ਹੀ ਪਤਾ ਲਗਦਾ ਹੈ ਕਿ ਤੁਹਾਡੇ ਨਾਲ ਕੌਣ ਖੜ੍ਹਦਾ ਹੈ | ਜਦੋਂ ਸਾਨੂੰ ਸੜਕਾਂ ‘ਤੇ ਘੜੀਸਿਆ ਗਿਆ, ਭਾਜਪਾ ਨੂੰ ਛੱਡ ਕੇ ਬਾਕੀ ਸਾਰੀਆਂ ਪਾਰਟੀਆਂ ਸਾਡੇ ਨਾਲ ਖੜ੍ਹੀਆਂ |
ਫੋਗਾਟ ਨੇ ਅੱਗੇ ਕਿਹਾ—ਜੰਤਰ-ਮੰਤਰ ‘ਤੇ ਧਰਨੇ ਸਮੇਂ ਜਦੋਂ ਭਾਜਪਾ ਦਾ ਆਈ ਟੀ ਸੈੱਲ ਸਾਨੂੰ ਚੱਲੇ ਕਾਰਤੂਸ ਦੱਸ ਰਿਹਾ ਸੀ, ਮੈਂ ਉਦੋਂ ਕੁਸ਼ਤੀ ਛੱਡ ਦੇਣੀ ਸੀ | ਉਨ੍ਹਾ ਕਿਹਾ ਸੀ ਕਿ ਮੈਂ ਕੌਮੀ ਟੂਰਨਾਮੈਂਟਾਂ ਵਿਚ ਖੇਡਣਾ ਨਹੀਂ ਚਾਹੁੰਦੀ, ਉਲੰਪਿਕ ਲਈ ਟਰਾਇਲ ਨਹੀਂ ਦੇਣਾ ਚਾਹੁੰਦੀ, ਪਰ ਮੈਂ ਖੇਡੀ ਤੇ ਟਰਾਇਲ ਵੀ ਦਿੱਤਾ | ਉਨ੍ਹਾ ਇਹ ਵੀ ਕਿਹਾ ਸੀ ਕਿ ਮੈਂ ਉਲੰਪਿਕ ‘ਚ ਨਹੀਂ ਜਾ ਸਕਦੀ, ਪਰ ਮੈਂ ਗਈ | ਬਦਕਿਸਮਤੀ ਨਾਲ ਰੱਬ ਦੀ ਇੱਛਾ ਨਹੀਂ ਸੀ ਤੇ ਮੈਂ ਮੈਡਲ ਤੋਂ ਖੁੰਝ ਗਈ | ਮੈਨੂੰ ਦੇਸ਼ ਦੇ ਲੋਕਾਂ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਤੇ ਹੁਣ ਨਵੀਂ ਪਾਰੀ ਖੇਡਾਂਗੀ |
ਪੂਨੀਆ ਨੇ ਕਿਹਾ ਕਿ ਉਹ ਕਾਂਗਰਸ ਤੇ ਦੇਸ਼ ਦੀ ਮਜ਼ਬੂਤੀ ਲਈ ਪੂਰੀ ਤਾਕਤ ਲਾਵੇਗਾ | ਉਸ ਨੇ ਕਿਹਾ ਕਿ ਭਾਜਪਾ ਮਹਿਲਾਵਾਂ ‘ਤੇ ਅੱਤਿਆਚਾਰ ਕਰਨ ਵਾਲਿਆਂ ਦੀ ਹਮਾਇਤ ਕਰਦੀ ਹੈ | ਉਸ ਨੇ ਕਿਹਾ—ਭਾਜਪਾ ਦਾ ਆਈ ਟੀ ਸੈੱਲ ਅੱਜ ਕਹਿ ਰਿਹਾ ਹੈ ਕਿ ਅਸੀਂ ਸਿਆਸਤ ਕਰਦੇ ਸੀ | ਅਸੀਂ ਭਾਜਪਾ ਦੀਆਂ ਸਾਰੀਆਂ ਸਾਂਸਦਾਂ ਨੂੰ ਸਾਥ ਦੇਣ ਲਈ ਲਿਖਿਆ, ਪਰ ਕੋਈ ਨਹੀਂ ਬਹੁੜੀ |
ਬਜੰਰਗ ਪੂਨੀਆ ਉਲੰਪਿਕ ਤਮਗਾ ਜੇਤੂ ਭਲਵਾਨ ਹੈ, ਜਦੋਂਕਿ ਫੋਗਾਟ ਹਾਲੀਆ ਪੈਰਿਸ ਉਲੰਪਿਕਸ ਦੇ 50 ਕਿੱਲੋ ਕੁਸ਼ਤੀ ਵਰਗ ਦੇ ਫਾਈਨਲ ਵਿਚ ਪੁੱਜਣ ਵਾਲੀ ਪਹਿਲੀ ਭਾਰਤੀ ਮਹਿਲਾ ਭਲਵਾਨ ਬਣੀ ਸੀ, ਹਾਲਾਂਕਿ ਉਸ ਨੂੰ ਬਾਅਦ ਵਿਚ ਥੋੜ੍ਹਾ ਜਿਹਾ ਵਜ਼ਨ ਵੱਧ ਜਾਣ ਕਾਰਨ ਅਯੋਗ ਕਰਾਰ ਦੇ ਦਿੱਤਾ ਗਿਆ ਸੀ |
ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਅਤੇ ਭਾਜਪਾ ਦੇ ਸਾਬਕਾ ਸਾਂਸਦ ਬਿ੍ਜ ਭੂਸ਼ਣ ਸ਼ਰਣ ਸਿੰਘ ਉਤੇ 2023 ਵਿਚ ਮਹਿਲਾ ਭਲਵਾਨਾਂ ਵੱਲੋਂ ਲਾਏ ਗਏ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਕਾਰਨ ਚੱਲੇ ਲੰਮੇ ਅੰਦੋਲਨ ਵਿਚ ਫੋਗਾਟ ਤੇ ਪੂਨੀਆ ਨੇ ਸਰਗਰਮੀ ਨਾਲ ਸ਼ਿਰਕਤ ਕੀਤੀ ਸੀ |
ਫੋਗਾਟ ਨੇ ਉੱਤਰੀ ਰੇਲਵੇ ਤੋਂ ਅਸਤੀਫਾ ਦੇਣ ਬਾਰੇ ਸੋਸ਼ਲ ਮੀਡੀਆ ‘ਐੱਕਸ’ ‘ਤੇ ਲਿਖਿਆ—ਭਾਰਤੀ ਰੇਲਵੇ ਦੀ ਸੇਵਾ ਕਰਨਾ ਮੇਰੇ ਜੀਵਨ ਦਾ ਇੱਕ ਯਾਦਗਾਰੀ ਅਤੇ ਮਾਣ ਵਾਲਾ ਸਮਾਂ ਰਿਹਾ ਹੈ | ਜੀਵਨ ਦੇ ਇਸ ਮੋੜ ‘ਤੇ ਮੈਂ ਆਪਣੇ ਆਪ ਨੂੰ ਰੇਲਵੇ ਸੇਵਾ ਤੋਂ ਵੱਖ ਕਰਨ ਦਾ ਫੈਸਲਾ ਕੀਤਾ ਹੈ ਅਤੇ ਸਮਰੱਥ ਅਧਿਕਾਰੀਆਂ ਨੂੰ ਆਪਣਾ ਅਸਤੀਫਾ ਸੌਂਪ ਦਿੱਤਾ ਹੈ | ਦੇਸ਼ ਦੀ ਸੇਵਾ ‘ਚ ਰੇਲਵੇ ਵੱਲੋਂ ਮੈਨੂੰ ਦਿੱਤੇ ਗਏ ਇਸ ਮੌਕੇ ਲਈ ਭਾਰਤੀ ਰੇਲਵੇ ਪਰਵਾਰ ਦੀ ਹਮੇਸ਼ਾ ਸ਼ੁਕਰਗੁਜ਼ਾਰ ਰਹਾਂਗੀ |

Related Articles

LEAVE A REPLY

Please enter your comment!
Please enter your name here

Latest Articles