ਚੰਡੀਗੜ੍ਹ : ਚੰਨੀ ਸਰਕਾਰ ਵੱਲੋਂ ਦਿੱਤੀ ਤਿੰਨ ਰੁਪਏ ਪ੍ਰਤੀ ਯੂਨਿਟ ਸਬਸਿਡੀ ਖਤਮ ਕਰਨ ਅਤੇ ਤੇਲ ਦੀਆਂ ਕੀਮਤਾਂ ਵਿਚ ਲਗਾਤਾਰ ਵਾਧਾ ਕਰਨ ਦੀ ਸੀ ਪੀ ਆਈ ਨੇ ਪੰਜਾਬ ਸਰਕਾਰ ਦੀ ਜ਼ੋਰਦਾਰ ਸ਼ਬਦਾਂ ਵਿਚ ਨਿਖੇਧੀ ਕੀਤੀ ਹੈ ਅਤੇ ਇਸ ਫੈਸਲੇ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਹੈ।
ਪੰਜਾਬ ਸੀ ਪੀ ਆਈ ਦੇ ਸਕੱਤਰ ਬੰਤ ਸਿੰਘ ਬਰਾੜ ਨੇ ਇਕ ਬਿਆਨ ਵਿਚ ਆਖਿਆ ਹੈ ਕਿ ਆਮ ਆਦਮੀ ਪਾਰਟੀ ਦੀ ਮੁਫਤ ਬਿਜਲੀ ਅਤੇ ਪੰਜਾਬ ਦੀ ਪ੍ਰਗਤੀ ਦੇ ਫੋਕੇ ਬਿਆਨਾਂ ਦੀ ਫੂਕ ਨਿਕਲ ਗਈ ਹੈ। ਉਹਨਾ ਕਿਹਾ ਕਿ ਘੱਟੋ-ਘੱਟ 11 ਲੱਖ ਖਪਤਕਾਰ ਜੇਕਰ 1000 ਯੂਨਿਟ ਤੋਂ ਵਧ ਬਿਜਲੀ ਖਪਤ ਕਰਦੇ ਹਨ ਤਾਂ ਉਨ੍ਹਾਂ ਨੂੰ 3000 ਰੁਪਏ ਪ੍ਰਤੀ ਖਪਤਕਾਰ ਵਧੇਰੇ ਖਰਚ ਕਰਨੇ ਪੈਣਗੇ। ਇਸੇ ਪ੍ਰਕਾਰ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵੈਟ ਵਿਚ ਵਾਧਾ ਕਰਕੇ ਕ੍ਰਮਵਾਰ 61 ਅਤੇ 92 ਪੈਸੇ ਪ੍ਰਤੀ ਲੀਟਰ ਵਧਾ ਦਿੱਤੇ ਹਨ। ਸਾਥੀ ਬਰਾੜ ਨੇ ਦੋਸ਼ ਲਾਇਆ ਕਿ ਅਖੌਤੀ ਆਮ ਆਦਮੀ ਦੀ ਸਰਕਾਰ ਨੇ ਆਪਣੇ ਢਾਈ ਸਾਲਾਂ ਦੇ ਸਮੇਂ ਵਿਚ ਤੇਲ ਕੀਮਤਾਂ ’ਚ ਤਿੰਨ ਵਾਰੀ ਵਾਧਾ ਕੀਤਾ ਹੈ ਤੇ ਹੁਣ ਤੇਲ ਦੀਆਂ ਕੀਮਤਾਂ ਸਾਰੇ ਗੁਆਂਢੀ ਸੂਬਿਆਂ ਨਾਲੋਂ ਵੱਧ ਹਨ। ਅਜੇ 2 ਹਫਤੇ ਪਹਿਲਾਂ ਸਰਕਾਰ ਮੋਟਰ ਵਹੀਕਲ ਟੈਕਸ ਵਿਚ ਵਾਧਾ ਕਰ ਚੁੱਕੀ ਹੈ।
ਉਹਨਾ ਦੋਸ਼ ਲਾਇਆ ਕਿ ਸਰਕਾਰ ਮਜ਼ਦੂਰਾਂ, ਕਿਸਾਨਾਂ ਅਤੇ ਦਰਮਿਆਨੀ ਜਮਾਤ ਦੀ ਆਮਦਨ ਵਿਚ ਵਾਧਾ ਕਰਨ ਵਿਚ ਬੁਰੀ ਤਰ੍ਹਾਂ ਅਸਫਲ ਰਹੀ ਹੈ ਅਤੇ ਉਨ੍ਹਾਂ ’ਤੇ ਲਗਾਤਾਰ ਬੋਝ ਪਾ ਰਹੀ ਹੈ।




