ਜਲੰਧਰ : ਐਤਵਾਰ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ’ਚ ਦੇਸ਼ ਭਗਤ ਯਾਦਗਾਰ ਕਮੇਟੀ ਦੇ ਅਹੁਦੇਦਾਰਾਂ ਅਤੇ ਸੱਭਿਆਚਾਰਕ ਵਿੰਗ ਦੀ ਹੋਈ ਮੀਟਿੰਗ ’ਚ ਗ਼ਦਰੀ ਬਾਬਿਆਂ ਦੇ ਮੇਲੇ ਦੀ ਰੂਪ-ਰੇਖਾ ਉਲੀਕਣ ਲਈ ਗੰਭੀਰ ਵਿਚਾਰਾਂ ਹੋਈਆਂ।ਇਸ ਗੱਲ ’ਤੇ ਤਸੱਲੀ ਪ੍ਰਗਟ ਕੀਤੀ ਗਈ ਕਿ ਮੁਲਕ ਦੇ ਨਾਮਵਰ ਵਿਦਵਾਨਾਂ ਅਰੁੰਧਤੀ ਰਾਏ, ਪ੍ਰਬੀਰ, ਰਾਜਿੰਦਰ ਸਿੰਘ ਚੀਮਾ, ਅਪੂਰਵਾ ਨੰਦ, ਸੰਜੇ ਕਾਕ ਅਤੇ ਆਨੰਦ ਪਟਵਰਧਨ ਨੇ ਮੇਲੇ ਵਿੱਚ ਆਉਣ ਦੇ ਮਿਲੇ ਸੱਦਾ ਪੱਤਰ ਨੂੰ ਗਰਮਜੋਸ਼ੀ ਨਾਲ ਭਰਵਾਂ ਹੁੰਗਾਰਾ ਭਰਿਆ ਹੈ।ਇਸ ਤੋਂ ਇਲਾਵਾ ਮੀਟਿੰਗ ਵਿੱਚ ਵੰਨ-ਸੁਵੰਨੀਆਂ ਕਲਾ ਕਿਰਤਾਂ ਬਾਰੇ ਪੇਸ਼ਕਸ਼ਾਂ ਆਈਆਂ ਅਤੇ ਅਗਲੇ ਦਿਨਾਂ ਵਿੱਚ ਜਲਦੀ ਹੀ ਹੋਰ ਵੰਨਗੀਆਂ ਮਿਲ਼ਣ ਦਾ ਉਤਸ਼ਾਹਜਨਕ ਹੁੰਗਾਰਾ ਮਿਲਿਆ। ਲਹਿੰਦੇ ਪੰਜਾਬ ਤੋਂ ਕਵੀ ਬਾਬਾ ਨਜਮੀ ਅਤੇ ਦੀਪਾ ਸਈਅਦ ਨੂੰ ਭੇਜੇ ਬੁਲਾਵੇ ਅਤੇ ਭਾਰਤ ਸਰਕਾਰ ਦੇ ਸੰਬੰਧਤ ਅਦਾਰਿਆਂ ਨੂੰ ਲਿਖੀਆਂ ਚਿੱਠੀਆਂ ’ਤੇ ਅਮਲਦਾਰੀ ਕਰਾਉਣ ਲਈ ਲੋੜੀਂਦੇ ਕਦਮ ਚੁੱਕਣ ਦਾ ਵੀ ਫੈਸਲਾ ਕੀਤਾ ਗਿਆ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ, ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ, ਮੀਤ ਪ੍ਰਧਾਨ ਕੁਲਵੰਤ ਸਿੰਘ ਸੰਧੂ, ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ ਅਤੇ ਵਿੱਤ ਸਕੱਤਰ ਸੀਤਲ ਸਿੰਘ ਸੰਘਾ ਨੇ ਪ੍ਰੈੱਸ ਨਾਲ ਮੀਟਿੰਗ ਦੀ ਕਾਰਵਾਈ ਸਾਂਝੀ ਕਰਦਿਆਂ ਦੱਸਿਆ ਕਿ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਸਮਾਗਮ 28 ਸਤੰਬਰ ਨੂੰ ਸ਼ਹੀਦ ਵਿਸ਼ਨੂੰ ਗਣੇਸ਼ ਪਿੰਗਲੇ ਹਾਲ ਵਿਚ ਦਿਨੇ 11 ਵਜੇ ਕੀਤਾ ਜਾਏਗਾ।