ਫ਼ਰੀਦਕੋਟ (ਐਲਿਗਜੈਂਡਰ ਡਿਸੂਜਾ)
ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ ਅਤੇ ਸਰਬ ਭਾਰਤ ਨੌਜਵਾਨ ਸਭਾ ਸੂਬਾ ਕੌਂਸਲ ਪੰਜਾਬ ਵੱਲੋਂ ਰੁਜ਼ਗਾਰ ਪ੍ਰਾਪਤੀ ਮੁਹਿੰਮ ਦੇ ਅਗਲੇ ਪੜਾਅ ‘ਬਨੇਗਾ ਪ੍ਰਾਪਤੀ ਮੁਹਿੰਮ’ ਤਹਿਤ ਪਰਮਗੁਣੀ ਭਗਤ ਸਿੰਘ ਦੇ 117ਵੇਂ ਜਨਮ ਦਿਨ ’ਤੇ ਮੋਗਾ ਵਿਖੇ ਕੀਤੇ ਜਾ ਰਹੇ ਵਲੰਟੀਅਰ ਮਾਰਚ ਅਤੇ ਸੰਮੇਲਨ ਵਿੱਚ ਪੰਜਾਬ ਦੇ ਵੱਖ ਵੱਖ ਹਿੱਸਿਆਂ ਤੋਂ ਵੱਡੀ ਗਿਣਤੀ ਵਿੱਚ ਬਾਵਰਦੀ ਜਵਾਨੀ ਰੁਜ਼ਗਾਰ ਦੀ ਗਾਰੰਟੀ ਲਈ ਇਕਜੁੱਟ ਹੋਵੇਗੀ।ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਰਬ ਭਾਰਤ ਨੌਜਵਾਨ ਸਭਾ ਦੇ ਸੂਬਾ ਪ੍ਰਧਾਨ ਐਡਵੋਕੇਟ ਪਰਮਜੀਤ ਢਾਬਾਂ ਅਤੇ ਫਰੀਦਕੋਟ ਜ਼ਿਲ੍ਹੇ ਦੇ ਨੌਜਵਾਨ ਆਗੂ ਗੋਰਾ ਪਿੱਪਲੀ ਨੇ ਇੱਥੇ ਵਿਦਿਆਰਥੀਆਂ ਤੇ ਨੌਜਵਾਨਾਂ ਦੀ ਕੀਤੀ ਗਈ ਇੱਕ ਮੀਟਿੰਗ ਨੂੰ ਸੰਬੋਧਨ ਕਰਨ ਮੌਕੇ ਕੀਤਾ। ਇਸ ਮੀਟਿੰਗ ਦੀ ਪ੍ਰਧਾਨਗੀ ਜਸ਼ਨਪ੍ਰੀਤ ਸਿੰਘ ਪਿੱਪਲੀ, ਚਰਨਜੀਤ ਸਿੰਘ ਚਮੇਲੀ ਅਤੇ ਅੰਜੂ ਕੌਰ ਰਾਜੋਵਾਲਾ ਨੇ ਕੀਤੀ।ਮੀਟਿੰਗ ਨੂੰ ਰੁਜ਼ਗਾਰ ਪ੍ਰਾਪਤੀ ਮੁਹਿੰਮ ਦੇ ਮੁੱਖ ਸਲਾਹਕਾਰ ਸਾਥੀ ਜਗਰੂਪ ਸਿੰਘ ਵੱਲੋਂ ਵਿਸ਼ੇਸ਼ ਤੌਰ ’ਤੇ ਸੰਬੋਧਨ ਕੀਤਾ ਗਿਆ। ਸਾਥੀ ਢਾਬਾਂ ਨੇ ਕਿਹਾ ਕਿ ਬਨੇਗਾ (ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ) ਲੋੜਾਂ ਦੀ ਲੋੜ ਹੈ, ਜਿਸ ਤਹਿਤ ਹਰੇਕ 18 ਤੋਂ 58 ਸਾਲ ਦੇ ਇਸਤਰੀ-ਮਰਦ ਨੂੰ ਰੁਜ਼ਗਾਰ ਦੀ ਗਾਰੰਟੀ ਦਿਵਾਉਣ ਲਈ ਬਨੇਗਾ ਪ੍ਰਾਪਤੀ ਮੁਹਿੰਮ ਤਹਿਤ ਨੌਜਵਾਨਾਂ ਨੂੰ ਲਾਮਬੰਦ ਕੀਤਾ ਜਾਵੇਗਾ। ਆਗੂਆਂ ਕਿਹਾ ਕਿ ਬਨੇਗਾ ਐਕਟ ਤਹਿਤ ਅਣਸਿੱਖਿਅਤ ਨੂੰ 35000 ਹਜ਼ਾਰ ਰੁਪਏ, ਅਰਧ ਸਿੱਖਿਅਤ ਨੂੰ 40 ਹਜ਼ਾਰ ਰੁਪਏ, ਸਿੱਖਿਅਤ ਨੂੰ 45 ਹਜ਼ਾਰ ਰੁਪਏ ਅਤੇ ਉੱਚ ਸਿੱਖਿਅਤ ਨੂੰ 60 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖਾਹ ਦੀ ਗਾਰੰਟੀ ਲਈ ਇਹ ਕਾਨੂੰਨ ਬਣਾਉਣ ਲਈ ਲਾਮਬੰਦੀ ਹੋਵੇਗੀ। ਇਸ ਮੌਕੇ ਜਸ਼ਨਪ੍ਰੀਤ ਸਿੰਘ ਪਿੱਪਲੀ, ਚਰਨਜੀਤ ਸਿੰਘ ਚਮੇਲੀ ਅਤੇ ਅੰਜੂ ਕੌਰ ਰਾਜੋਵਾਲਾ ਨੇ ਕਿਹਾ ਕਿ ਜ਼ਿਲ੍ਹਾ ਫਰੀਦਕੋਟ ਵਿੱਚੋਂ ਸੈਂਕੜਿਆਂ ਦੀ ਗਿਣਤੀ ਵਿੱਚ ਵਿਦਿਆਰਥੀ ਅਤੇ ਨੌਜਵਾਨ ਮੋਗਾ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ।ਇਸ ਮੌਕੇ ਹੋਰਨਾਂ ਤੋਂ ਇਲਾਵਾ ਪੱਪੀ ਸਿੰਘ ਢਿਲਵਾਂ, ਵੀਰ ਸਿੰਘ ਕੰਮੇਆਣਾ, ਮਨਜੀਤ ਕੌਰ ਨੱਥੇਵਾਲਾ, ਰੇਸ਼ਮ ਸਿੰਘ ਮੱਤਾ, ਰੇਸ਼ਮ ਸਿੰਘ ਜਟਾਣਾ, ਰੁਪਿੰਦਰ ਕੌਰ ਔਲਖ, ਜਗਜੀਤ ਸਿੰਘ ਜੱਗਾ ਆਦਿ ਆਗੂ ਵੀ ਹਾਜ਼ਰ ਸਨ।