14.2 C
Jalandhar
Thursday, November 21, 2024
spot_img

ਬਿਜਲੀ ਮੁਲਾਜ਼ਮ 10 ਤੋਂ 12 ਸਤੰਬਰ ਤੱਕ ਸਮੂਹਕ ਛੁੱਟੀ ’ਤੇ ਜਾਣਗੇ

ਲੁਧਿਆਣਾ : ਪਾਵਰ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਵੱਲੋਂ ਬਿਜਲੀ ਕਾਮਿਆਂ ਦੀਆਂ ਵਾਜਿਬ ਮੰਗਾਂ ਵੱਟੇ ਖਾਤੇ ਪਾਉਣ ਖਿਲਾਫ਼ ਸੋਮਵਾਰ ਪੀ ਐੱਸ ਈ ਬੀ ਇੰਪਲਾਈਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ ਅਤੇ ਐਸੋਸੀਏਸ਼ਨ ਆਫ ਜੂਨੀਅਰ ਇੰਜੀਨੀਅਰਜ਼ ਦੀ ਸੂਬਾ ਪੱਧਰ ਦੇ ਆਗੂਆਂ ਦੀ ਹੰਗਾਮੀ ਮੀਟਿੰਗ ਸਥਾਨਕ ਸ਼ਹੀਦ ਈਸੜੂ ਭਵਨ ਲੁਧਿਆਣਾ ਵਿਖੇ ਰਤਨ ਸਿੰਘ ਮਜਾਰੀ ਅਤੇ ਗੁਰਪ੍ਰੀਤ ਸਿੰਘ ਗੰਡੀਵਿੰਡ ਦੀ ਸਾਂਝੀ ਪ੍ਰਧਾਨਗੀ ਹੇਠ ਹੋਈ।ਇਸ ਮੀਟਿੰਗ ਦੀ ਕਾਰਵਾਈ ਬਾਰੇ ਪ੍ਰੈੱਸ ਨੋਟ ਜਾਰੀ ਕਰਦਿਆਂ ਸੂਬਾਈ ਆਗੂਆਂ ਹਰਪਾਲ ਸਿੰਘ, ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ 6 ਸਤੰਬਰ ਨੂੰ ਬਿਜਲੀ ਮੰਤਰੀ ਦੀ ਪ੍ਰਧਾਨਗੀ ਹੇਠ ਪਾਵਰ ਸਕੱਤਰ ਦੀ ਮੌਜੂਦਗੀ ਵਿੱਚ ਬਿਜਲੀ ਨਿਗਮ ਦੀ ਮੈਨੇਜਮੈਂਟ ਨਾਲ ਚੰਡੀਗੜ੍ਹ ਵਿਖੇ 31 ਜੁਲਾਈ ਦੀ ਮੀਟਿੰਗ ਦੀ ਲਗਾਤਾਰਤਾ ਵਿੱਚ ਬਿਜਲੀ ਮੁਲਾਜ਼ਮਾਂ ਦੇ ਮਸਲਿਆਂ ’ਤੇ ਮੁੜ ਮੀਟਿੰਗ ਹੋਈ, ਜੋ ਬੇਸਿੱਟਾ ਰਹੀ ਹੈ, ਕਿਉਕਿ 31 ਜੁਲਾਈ ਦੀ ਮੀਟਿੰਗ ਵਿੱਚ ਮੁਲਾਜ਼ਮ ਮੰਗਾਂ ’ਤੇ ਹੋਈਆਂ ਸਹਿਮਤੀਆਂ ਅਨੁਸਾਰ ਡਿਊਟੀ ਦੌਰਾਨ ਘਾਤਕ ਹਾਦਸੇ ਦਾ ਸ਼ਿਕਾਰ ਹੋਏ ਬਿਜਲੀ ਕਾਮਿਆਂ ਦੇ ਪੀੜਤ ਪਰਵਾਰਾਂ ਨੂੰ ਇਕ ਕਰੋੜ ਦੀ ਮੁਆਵਜ਼ਾ ਰਾਸ਼ੀ ਦੇਣ ਸਮੇਤ ਕਾਮੇ ਨੂੰ ਸ਼ਹੀਦ ਦਾ ਦਰਜਾ ਦੇਣ, ਹਾਦਸੇ ਦਾ ਸ਼ਿਕਾਰ ਹੋਏ ਕਾਮੇ ਨੂੰ ਕੈਸ਼ ਲੈਸ ਇਲਾਜ ਦੀ ਸੁਵਿਧਾ, ਹਾਦਸੇ ਦੌਰਾਨ ਕਰਮਚਾਰੀ ਦੀ ਮੌਤ ਹੋ ਜਾਣ ਦੀ ਸੂਰਤ ਵਿੱਚ ਸੰਬੰਧਤ ਕਰਮਚਾਰੀ (ਜੇ ਈ, ਲ. ਮ, ਸ. ਲ. ਮ ਆਦਿ) ਦੇ ਨਾਂਅ ਉਪਰ ਬਿਨਾਂ ਪੜਤਾਲ ਕੀਤੇ ਐੱਫ ਆਈ ਆਰ ਦਰਜ ਕਰਨ ਦੀ ਪਿਰਤ ਬੰਦ ਕਰਨ, ਆਰ ਟੀ ਐੱਮ ਦੀ ਤਰੱਕੀ ਤੁਰੰਤ ਕਰਨ, ਓ ਸੀ ਕੈਟਾਗਰੀ ਨੂੰ ਪੇ ਬੈਂਡ ਦੇਣ, ਸਲਮ ਤੋਂ ਲ ਮ ਦੀ ਤਰੱਕੀ ਕਰਨ, ਬਾਕੀ ਸਾਰੀਆਂ ਕੈਟੇਗਰੀਆਂ ਦੀਆਂ ਤਰੱਕੀਆਂ ਵਿੱਚ ਆਈ ਖੜੋਤ ਦੂਰ ਕਰਨ, ਇਨ ਹਾਊਸ ਕਾਂਟ੍ਰੈਕਟ ਕਾਮਿਆਂ ਨੂੰ ਰੈਗੂਲਰ ਕਰਨ, ਸੋਧੇ ਭੱਤਿਆਂ ਦਾ 32 ਮਹੀਨੇ ਦਾ ਬਕਾਇਆ ਜਾਰੀ ਕਰਨ, ਰਹਿੰਦੇ ਭੱਤੇ ਜਿਵੇਂ ਹਾਰਡਸ਼ਿਪ ਭੱਤਾ ਆਦਿ ਨੂੰ ਸੋਧ ਕੇ ਲਾਗੂ ਕਰਨ, ਪੁਨਰ ਗਠਨ ਦੇ ਨਾਂਅ ’ਤੇ ਖਤਮ ਕੀਤੀਆਂ ਅਸਾਮੀਆਂ ਨੂੰ ਮੁੜ ਤੋਂ ਬਹਾਲ ਕਰਨ, 17 ਜੁਲਾਈ 2020 ਤੋਂ ਪਹਿਲਾਂ ਤਰਸ ਦੇ ਆਧਾਰ ’ਤੇ ਪ੍ਰਤੀ ਬੇਨਤੀ ਦੇਣ ਵਾਲੇ ਕਰਮਚਾਰੀਆਂ ਉੱਪਰ ਬਿਜਲੀ ਨਿਗਮ ਦੇ ਸਕੇਲ ਲਾਗੂ ਕਰਨ ਅਤੇ ਵਿੱਤ ਵਿਭਾਗ ਪੰਜਾਬ ਸਰਕਾਰ ਨਾਲ ਸੰਬੰਧਤ ਮਸਲੇ ਜਿਵੇਂ 23 ਸਾਲਾ ਅਡਵਾਂਸ ਤਰੱਕੀ ਦਾ ਮਿਲਾਨ ਤੀਸਰੀ ਤਰੱਕੀ ਸਮੇਂ ਕਰਨ, 1 ਨਵੰਬਰ 2021 ਤੋਂ ਬਾਅਦ ਸਮਾਂਬੱਧ ਸਕੇਲ ਲਾਗੂ ਕਰਨ, 17 ਜੁਲਾਈ 2020 ਤੋਂ ਬਾਅਦ ਭਰਤੀ ਕੀਤੇ ਕਰਮਚਾਰੀਆਂ ਉੱਪਰ ਕੇਂਦਰੀ ਤਨਖਾਹ ਸਕੇਲਾਂ ਦੀ ਥਾਂ ਬਿਜਲੀ ਨਿਗਮ ਦੇ ਸਕੇਲ ਲਾਗੂ ਕਰਨ, ਸੋਧੇ ਸਕੇਲਾਂ ਦੀ ਨੋਟੀਫਿਕੇਸ਼ਨ ਜਾਰੀ ਹੋਣ ਤੋਂ ਬਾਅਦ ਤਰੱਕੀ ਵਾਲੇ ਕਰਮਚਾਰੀਆਂ ਦੀ ਤਨਖਾਹ ਵਿੱਚ ਆਈਆਂ ਤਰੁੱਟੀਆਂ ਦੂਰ ਕਰਨ ਆਦਿ ਮੰਗਾਂ ਲਈ 15 ਅਗਸਤ ਤੱਕ ਵਿੱਤ ਮੰਤਰੀ ਅਤੇ ਮੁੱਖ ਮੰਤਰੀ ਨਾਲ ਗੱਲ ਕਰਕੇ ਮੰਨੀਆਂ ਮੰਗਾਂ ਲਾਗੂ ਕਰਨ ਦਾ ਵਾਅਦਾ ਕੀਤਾ ਸੀ ਪਰ ਹੁਣ ਪਾਵਰ ਮੈਨੇਜਮੈਂਟ ਅਤੇ ਬਿਜਲੀ ਮੰਤਰੀ ਮੰਗਾਂ ਮੰਨਣ ਤੋਂ ਮੁਨਕਰ ਹੋ ਗਏ ਹਨ, ਮੰਗਾਂ ਲਾਗੂ ਕਰਨ ਦੀ ਥਾਂ ਵਰਕ ਟੂ ਰੂਲ ਅਨੁਸਾਰ ਡਿਊਟੀ ਕਰ ਰਹੇ ਮੁਲਾਜ਼ਮਾਂ ਨੂੰ ਐਸਮਾ ਵਰਗੇ ਕਾਲੇ ਕਾਨੂੰਨਾਂ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ, ਜਿਸ ਕਰਕੇ ਬਿਜਲੀ ਮੁਲਾਜ਼ਮਾਂ ਵਿਚ ਭਾਰੀ ਰੋਸ ਹੈ ਅਤੇ ਮੈਨੇਜਮੈਂਟ/ਪੰਜਾਬ ਸਰਕਾਰ ਪ੍ਰਤੀ ਬੇਵਿਸ਼ਵਾਸੀ ਦਾ ਮਾਹੌਲ ਹੈ, ਇਸ ਲਈ ਬਿਜਲੀ ਕਾਮੇ 21 ਅਗਸਤ ਤੋਂ ਲਗਾਤਾਰ ਵਰਕ ਟੂ ਰੂਲ ਤਹਿਤ ਆਪਣੀ ਬਣਦੀ 8 ਘੰਟੇ ਦੀ ਡਿਊਟੀ ਹੀ ਕਰ ਰਹੇ ਹਨ ਅਤੇ 30 ਸਤੰਬਰ ਤੱਕ ਵਰਕ ਟੂ ਰੂਲ ਜਾਰੀ ਰੱਖਿਆ ਜਾਵੇਗਾ।
ਆਗੂਆਂ ਨੇ ਦੱਸਿਆ ਕਿ 10 ਸਤੰਬਰ ਤੋਂ 12 ਸਤੰਬਰ ਤੱਕ ਤਿੰਨ ਦਿਨ ਦੀ ਸਮੁੱਚੇ ਬਿਜਲੀ ਮੁਲਾਜ਼ਮ ਸਮੂਹਿਕ ਛੁੱਟੀ ਲੈ ਕੇ ਮੰਡਲ ਦਫਤਰਾਂ ਅੱਗੇ ਰੋਸ ਪ੍ਰਦਰਸ਼ਨ ਕਰਨਗੇ। ਇਸ ਤੋਂ ਇਲਾਵਾ ਫੀਲਡ ਦੌਰੇ ਦੌਰਾਨ ਬਿਜਲੀ ਮੰਤਰੀ ਸਮੇਤ ਪੂਰੀ ਮੈਨੇਜਮੈਂਟ/ਡਾਇਰੈਕਟਰਾਂ ਖਿਲਾਫ਼ ਕਾਲੇ ਝੰਡਿਆਂ ਨਾਲ ਰੋਸ ਵਿਖਾਵੇ ਕੀਤੇ ਜਾਣਗੇ।ਮੀਟਿੰਗ ਵਿੱਚ ਸਰਵਸਾਥੀ ਬਲਦੇਵ ਸਿੰਘ ਮੰਢਾਲੀ, ਸਰਬਜੀਤ ਸਿੰਘ ਭਾਣਾ, ਕੁਲਵਿੰਦਰ ਸਿੰਘ ਢਿੱਲੋਂ, ਦਵਿੰਦਰ ਸਿੰਘ ਪਿਸ਼ੌਰ, ਸੁਰਿੰਦਰ ਪਾਲ ਲਾਹੌਰੀਆ, ਪੂਰਨ ਸਿੰਘ ਖਾਈ, ਜਗਜੀਤ ਸਿੰਘ ਕੋਟਲੀ, ਕੌਰ ਸਿੰਘ ਸੋਹੀ, ਜਗਜੀਤ ਸਿੰਘ ਕੰਡਾ, ਗੁਰਪਿਆਰ ਸਿੰਘ, ਗੁਰਵਿੰਦਰ ਸਿੰਘ ਹਜਾਰਾ, ਰਘਵੀਰ ਸਿੰਘ, ਜਸਵਿੰਦਰ ਸਿੰਘ, ਜਗਤਾਰ ਸਿੰਘ, ਹਰਮਨਦੀਪ, ਸੁਖਵਿੰਦਰ ਸਿੰਘ ਦੁੱਮਣਾ, ਗਰੀਸ਼ ਮਹਾਜਨ, ਰਛਪਾਲ ਸਿੰਘ ਪਾਲੀ ਆਦਿ ਨੇ ਬਿਜਲੀ ਨਿਗਮ ਦੀ ਮੈਨੇਜਮੈਂਟ / ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਟਕਰਾਅ ਦੀ ਨੀਤੀ ਛੱਡ ਕੇ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਜਲਦੀ ਲਾਗੂ ਨਾ ਕੀਤੀਆਂ ਗਈਆਂ ਤਾਂ ਇਸ ਸੰਘਰਸ਼ ਵਿੱਚ ਹੋਰ ਵਾਧਾ ਕੀਤਾ ਜਾਵੇਗਾ, ਜਿਸ ਨਾਲ ਸਮੁੱਚਾ ਬਿਜਲੀ ਤੰਤਰ ਪ੍ਰਭਾਵਿਤ ਹੋਵੇਗਾ , ਜਿਸ ਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਬਿਜਲੀ ਨਿਗਮ ਦੀ ਮੈਨੇਜਮੈਂਟ ਦੀ ਹੋਵੇਗੀ। ਆਗੂਆਂ ਨੇ ਮੀਟਿੰਗ ਉਪਰੰਤ ਸਮੁੱਚੇ ਬਿਜਲੀ ਕਾਮਿਆਂ/ਭਰਾਤਰੀ ਅਤੇ ਪੈਨਸ਼ਨਰ ਜਥੇਬੰਦੀਆਂ ਨੂੰ ਇਸ ਸਾਂਝੇ ਸੰਘਰਸ਼ ਨੂੰ ਕਾਮਯਾਬ ਬਣਾਉਣ ਲਈ ਆਪਣਾ ਬਣਦਾ ਯੋਗਦਾਨ ਪਾਉਣ ਦੀ ਪੁਰਜ਼ੋਰ ਅਪੀਲ ਕੀਤੀ।

Related Articles

LEAVE A REPLY

Please enter your comment!
Please enter your name here

Latest Articles