ਮੋਹਾਲੀ (ਗੁਰਜੀਤ ਬਿੱਲਾ)-ਸਰਕਾਰੀ ਡਾਕਟਰਾਂ ਦੀ ਪ੍ਰਮੁੱਖ ਜਥੇਬੰਦੀ ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ ਐਸੋਸੀਏਸ਼ਨ ਵੱਲੋਂ ਪੰਜਾਬ ਭਰ ਦੇ ਸਾਰੇ ਸਰਕਾਰੀ ਹਸਪਤਾਲਾਂ ਤੇ ਸਿਹਤ ਕੇਂਦਰਾਂ ਵਿੱਚ 9 ਸਤੰਬਰ ਤੋਂ ਐਲਾਨੀ ਹੋਈ ਹੜਤਾਲ ਸੋਮਵਾਰ ਸ਼ੁਰੂ ਹੋ ਗਈ। 8 ਤੋਂ 11 ਵਜੇ ਤੱਕ ਓ ਪੀ ਡੀ ਸੇਵਾਵਾਂ ਬੰਦ ਰੱਖੀਆਂ ਗਈਆਂ। ਜਿਹਨਾਂ ਮਰੀਜ਼ਾਂ ਨੂੰ ਹੜਤਾਲ ਬਾਰੇ ਜਾਣਕਾਰੀ ਨਹੀਂ ਸੀ, ਉਹ ਸਮੇਂ ’ਤੇ ਆ ਕੇ ਖੜੇ ਰਹੇ ਅਤੇ ਸਾਰੇ ਹਸਪਤਾਲਾਂ ਵਿੱਚ ਕਾਫੀ ਭੀੜ ਦੇਖੀ ਗਈ। ਮੈਡੀਕਲ ਅਫਸਰਾਂ ਨੇ ਸਰਕਾਰ ਪ੍ਰਤੀ ਆਪਣੀਆਂ ਮੰਗਾਂ ਦੇ ਪੈਂਫਲਟ ਵੰਡ, ਫਲੈਕਸ ਬੈਨਰ ਤੇ ਭਾਸ਼ਣਾਂ ਰਾਹੀਂ ਮਰੀਜ਼ਾਂ ਨੂੰ ਆਪਣੀਆਂ ਮੰਗਾਂ ਤੋਂ ਜਾਣੂ ਕਰਵਾਇਆ। ਸੁਰੱਖਿਆ ਦੇ ਮੁੱਦੇ ’ਤੇ ਲੇਡੀ ਡਾਕਟਰਾਂ ਵਿੱਚ ਕਾਫੀ ਰੋਸ ਵੇਖਣ ਨੂੰ ਮਿਲਿਆ, ਕਿਉਕਿ ਐਤਵਾਰ ਮੋਹਾਲੀ ਜ਼ਿਲ੍ਹੇ ਵਿੱਚ ਇੱਕ ਗਰਭਵਤੀ ਡਾਕਟਰ ’ਤੇ ਡਿਊਟੀ ਦੌਰਾਨ ਹਮਲਾ ਕੀਤਾ ਗਿਆ। ਜ਼ਿਆਦਾਤਰ ਮਰੀਜ਼ ਵੀ ਡਾਕਟਰਾਂ ਦੀਆਂ ਜਾਇਜ਼ ਮੰਗਾਂ ਦਾ ਸਮਰਥਨ ਕਰਦੇ ਹੋਏ ਉਹਨਾਂ ਦੇ ਨਾਲ ਖੜੇ ਦਿਖੇ। ਦੱਸਣਯੋਗ ਹੈ ਕਿ ਪਹਿਲਾਂ ਐਸੋਸੀਏਸ਼ਨ ਵੱਲੋਂ ਅਨਿਸਚਿਤ ਕਾਲ ਤੱਕ ਪੂਰਨ ਤੌਰ ’ਤੇ ਬੰਦ ਦਾ ਐਲਾਨ ਕੀਤਾ ਗਿਆ ਸੀ, ਪਰ ਸਿਹਤ ਮੰਤਰੀ ਵੱਲੋਂ ਕੀਤੀ ਗਈ ਅਪੀਲ ਅਤੇ ਕੈਬਨਿਟ ਦੀ ਸਬ-ਕਮੇਟੀ ਦੇ ਤੌਰ ’ਤੇ ਵਿੱਤ ਮੰਤਰੀ ਨਾਲ ਐਸੋਸੀਏਸ਼ਨ ਨੂੰ ਮੀਟਿੰਗ ਕਰਵਾਏ ਜਾਣ ਦਾ ਸੱਦਾ ਦੇਣ ਤੋਂ ਬਾਅਦ ਡਾਕਟਰਾਂ ਨੇ ਮਰੀਜ਼ਾਂ ਤੇ ਲੋਕ ਹਿੱਤ ਨੂੰ ਮੁੱਖ ਰੱਖਦੇ ਹੋਏ ਆਪਣਾ ਵਿਰੋਧ ਘਟਾਇਆ ਹੈ। ਉਹਨਾਂ ਕਿਹਾ ਕਿ ਅਸੀਂ ਗੱਲਬਾਤ ਲਈ ਸੁਖਾਵਾਂ ਮਾਹੌਲ ਬਣਾਈ ਰੱਖਣਾ ਚਾਹੁੰਦੇ ਹਾਂ, ਪਰ ਹਾਲੇ ਵੀ ਕਿਉਂਕਿ ਸਰਕਾਰ ਦੀ ਤਰਫੋਂ ਸਿਹਤ ਮੰਤਰੀ ਦੁਆਰਾ ਦਿੱਤੇ ਗਏ ਸੁਰੱਖਿਆ ਪ੍ਰਬੰਧਾਂ ਦੇ ਭਰੋਸੇ ਜ਼ਮੀਨੀ ਪੱਧਰ ’ਤੇ ਨਹੀਂ ਪਹੁੰਚੇ, ਨਾ ਹੀ ਸਰਕਾਰ ਵਾਰ-ਵਾਰ ਮੀਟਿੰਗਾਂ ਵਿੱਚ ਸਮਾਂਬੱਧ ਤਰੱਕੀਆਂ ਸੰਬੰਧੀ ਕੋਈ ਨੋਟੀਫਿਕੇਸ਼ਨ ਲੈ ਕੇ ਆਈ ਹੈ। ਜੇ ਇਸ ਤੋਂ ਬਾਅਦ ਵੀ ਸਰਕਾਰ ਨੇ ਆਪਣਾ ਢਿੱਲਾ ਰਵੱਈਆ ਬਣਾਈ ਰੱਖਿਆ ਤਾਂ ਉਹਨਾਂ ਦੀ ਕਿਸੇ ਵੀ ਗੱਲ ’ਤੇ ਭਰੋਸਾ ਕਰਨਾ ਮੁਸ਼ਕਲ ਹੋ ਜਾਵੇਗਾ। ਇਹ ਅੰਦੋਲਨ ਆਪਣੀਆਂ ਜਾਇਜ਼ ਪ੍ਰਮੁੱਖ ਮੰਗਾਂ ਮਨਾਉਣ ਤੋਂ ਬਿਨਾਂ ਨਹੀਂ ਰੁਕੇਗਾ। ਐਸੋਸੀਏਸ਼ਨ ਦੇ ਮੁਖੀ ਨੇ ਸਰਕਾਰ ਨੂੰ ਸਵਾਲ ਕਰਦਿਆਂ ਪੁੱਛਿਆ ਕਿ ਤਰੱਕੀਆਂ ਰੋਕ ਕੇ ਸਰਕਾਰ ਕੀ ਸਰਕਾਰੀ ਹਸਪਤਾਲਾਂ ਨੂੰ ਖਤਮ ਕਰਨਾ ਚਾਹੁੰਦੀ ਹੈ, ਕਿਉਂਕਿ ਇਸ ਤਰ੍ਹਾਂ ਚੰਗੇ ਤੇ ਮਾਹਰ ਡਾਕਟਰ ਸਰਕਾਰੀ ਹਸਪਤਾਲ ਛੱਡ ਜਾਣਗੇ। ਦਿੱਲੀ ਤੇ ਹਰਿਆਣਾ ਵੀ ਵਿੱਤ ਕਮਿਸ਼ਨ ਦੀਆਂ ਇਕੋ ਜਿਹੀਆਂ ਹਦਾਇਤਾਂ ਦੇ ਬਾਵਜੂਦ ਏ ਸੀ ਪੀ ਦੇ ਰਹੀਆਂ ਹਨ, ਕੀ ਪੰਜਾਬ ਦੇ ਡਾਕਟਰ ਪੰਜਾਬ ਵਿੱਚੋ ਕੰਮ ਛੱਡ ਕੇ ਨਾਲ ਦੇ ਰਾਜ ਵਿੱਚ ਚਲੇ ਜਾਣ? ਪੰਜਾਬ ਸਰਕਾਰ ਦੇ ਹੀ ਦੂਜੇ ਵਿਭਾਗ ਮੈਡੀਕਲ ਸਿੱਖਿਆ ਤੇ ਖੋਜ ਵਿੱਚ ਸਾਡੇ ਹੀ ਡਾਕਟਰਾਂ ਨੂੰ 4 ਅਤੇ 7 ਸਾਲ ’ਤੇ ਤਰੱਕੀ ਦਿੱਤੀ ਜਾ ਰਹੀ ਹੈ, ਫਿਰ ਸਭ ਤੋਂ ਜ਼ਰੂਰੀ ਸਿਹਤ ਵਿਭਾਗ ਦੀ ਤਰੱਕੀ ’ਤੇ ਗ੍ਰਹਿਣ ਕਿਉਂ ਲਾਇਆ ਜਾ ਰਿਹਾ?
ਐਸੋਸੀਏਸ਼ਨ ਨੇ ਆਪਣੀ ਅਗਲੀ ਨੀਤੀ ਬਾਰੇ ਦੱਸਦਿਆਂ ਕਿਹਾ ਕਿ ਹੜਤਾਲ ਦੀ ਰੂਪ-ਰੇਖ ਨੂੰ ਤਿੰਨ ਭਾਗਾਂ ਵਿੱਚ ਵੰਡਿਆ ਜਾ ਰਿਹਾ। ਪਹਿਲੇ ਤਿੰਨ ਦਿਨ ਲਈ ਸਿਰਫ ਅੱਧੇ ਦਿਨ ਲਈ ਓ ਪੀ ਡੀ ਬੰਦ ਰੱਖੀ ਜਾਵੇਗੀ। ਜੇ ਸਰਕਾਰ ਫਿਰ ਵੀ ਕੋਈ ਹੱਲ ਨਹੀਂ ਲੈ ਕੇ ਆਉਦੀ ਤਾਂ ਫੇਸ ਦੋ ਵਿੱਚ 12 ਸਤੰਬਰ ਤੋਂ ਪੂਰੇ ਸਮੇਂ ਲਈ ਸਾਰੀਆਂ ਸੇਵਾਵਾਂ ਬੰਦ ਕੀਤੀਆਂ ਜਾਣਗੀਆਂ। ਸਿਰਫ ਐਮਰਜੈਂਸੀ ਮਰੀਜ਼ਾਂ ਦੀ ਲੋੜ ਨੂੰ ਦੇਖਦੇ ਹੋਏ ਬਹਾਲ ਰੱਖੀ ਜਾਵੇਗੀ। ਇਸ ਤੋਂ ਬਾਅਦ ਵੀ 16 ਸਤੰਬਰ ਜੇਕਰ ਨੌਬਤ ਆਈ ਤਾਂ ਹਰ ਤਰ੍ਹਾਂ ਦੀਆਂ ਮੈਡੀਕੋ ਲੀਗਲ ਸੇਵਾਵਾਂ ਵੀ ਡਾਕਟਰ ਮਜਬੂਰ ਹੋ ਕੇ ਛੱਡ ਜਾਣਗੇ।ਇਹ ਸਭ ਵੇਖਦੇ ਹੋਏ ਇਹ ਜਾਪਦਾ ਹੈ ਕਿ ਸਰਕਾਰ ਨੂੰ ਜਲਦ ਹੀ ਇਹਨਾਂ ਮੁੱਦਿਆਂ ਦੇ ਹੱਲ ਕੱਢਣੇ ਪੈਣਗੇ, ਨਹੀਂ ਤਾਂ ਡਾਕਟਰਾਂ ਦੀ ਹੜਤਾਲ ਦਾ ਮਰੀਜ਼ਾਂ ਨੂੰ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ।



