ਚੰਡੀਗੜ੍ਹ : ਪੰਜਾਬ ਪੁਲਸ ਦੀ ਐਂਟੀ ਨਾਰਕੋਟਿਕਸ ਟਾਸਕ ਫੋਰਸ ਨੇ ਡਰੱਗ ਇੰਸਪੈਕਟਰ ਸ਼ੀਸ਼ਾਨ ਮਿੱਤਲ ਨੂੰ ਗੈਰਕਾਨੂੰਨੀ ਦਵਾਈਆਂ, ਮੈਡੀਕਲ ਸਟੋਰਾਂ ਨਾਲ ਜੁੜੀਆਂ ਨਸ਼ਾ ਤਸਕਰੀ ਸੰਬੰਧੀ ਸਰਗਰਮੀਆਂ ‘ਚ ਮਦਦ ਕਰਨ ਤੇ ਮਨੀ ਲਾਂਡਰਿੰਗ ਦੀ ਰਕਮ ਨੂੰ ਆਪਣੇ ਰਿਸ਼ਤੇਦਾਰਾਂ ਦੇ ਨਾਂਅ ‘ਤੇ ਬੇਨਾਮੀ ਖਾਤਿਆਂ ‘ਚ ਰੱਖਣ ਦੇ ਦੋਸ਼ ਹੇਠ ਮੁਹਾਲੀ ਤੋਂ ਗਿ੍ਫਤਾਰ ਕੀਤਾ ਹੈ |
ਡੀ ਜੀ ਪੀ ਗੌਰਵ ਯਾਦਵ ਨੇ ਦੱਸਿਆ ਕਿ ਡਰੱਗ ਇੰਸਪੈਕਟਰ ਨਾਲ ਸੰਬੰਧਤ 24 ਬੈਂਕ ਖਾਤਿਆਂ, ਜਿਨ੍ਹਾਂ ਵਿਚ 7.09 ਕਰੋੜ ਰੁਪਏ ਹਨ, ਨੂੰ ਫ੍ਰੀਜ਼ ਕਰਨ ਦੇ ਨਾਲ-ਨਾਲ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ‘ਚ ਮਾਰੇ ਗਏ ਛਾਪਿਆਂ ਦੌਰਾਨ ਭਾਰੀ ਮਾਤਰਾ ‘ਚ ਨਕਦੀ ਅਤੇ ਵਿਦੇਸ਼ੀ ਕਰੰਸੀ ਜ਼ਬਤ ਕੀਤੀ ਗਈ ਹੈ | ਉਸ ਦੇ ਦੋ ਬੈਂਕ ਲਾਕਰ ਵੀ ਜ਼ਬਤ ਕੀਤੇ ਗਏ ਹਨ | ਸਪੈਸ਼ਲ ਡੀ ਜੀ ਪੀ ਕੁਲਦੀਪ ਸਿੰਘ ਦੀ ਅਗਵਾਈ ਵਾਲੀ ਟਾਸਕ ਫੋਰਸ ਦੀਆਂ ਟੀਮਾਂ ਨੇ ਐਰੋਸਿਟੀ ਮੁਹਾਲੀ ਤੋਂ ਉਸ ਨੂੰ ਕਾਬੂ ਕੀਤਾ | ਉਨ੍ਹਾ ਕਿਹਾ ਕਿ ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਉਹ ਜੇਲ੍ਹ ‘ਚ ਬੰਦ ਨਸ਼ਾ ਤਸਕਰਾਂ ਦੇ ਲਗਾਤਾਰ ਸੰਪਰਕ ‘ਚ ਸੀ ਅਤੇ ਬਾਹਰੋਂ ਉਨ੍ਹਾਂ ਦੇ ਨਸ਼ਾ ਤਸਕਰੀ ਦੇ ਨੈੱਟਵਰਕ ਨੂੰ ਚਲਾਉਣ ‘ਚ ਸਹਾਇਤਾ ਕਰ ਰਿਹਾ ਸੀ | ਉਹ ਸਰਕਾਰ ਤੋਂ ਇਜਾਜ਼ਤ ਲਏ ਜਾਂ ਐੱਕਸ-ਇੰਡੀਆ ਲੀਵ ਲਏ ਬਿਨਾਂ ਅਕਸਰ ਵਿਦੇਸ਼ਾਂ ‘ਚ ਘੁੰਮਦਾ ਰਹਿੰਦਾ ਸੀ |
ਮਿੱਤਲ ਦੀ ਅਗਾਊਾ ਜ਼ਮਾਨਤ ਦੀ ਅਰਜ਼ੀ ਨੂੰ ਹਾਲ ਹੀ ‘ਚ ਸੈਸ਼ਨ ਅਦਾਲਤ ਵੱਲੋਂ ਰੱਦ ਕਰ ਦਿੱਤਾ ਗਿਆ ਸੀ | ਸਪੈਸ਼ਲ ਡੀ ਜੀ ਪੀ ਕੁਲਦੀਪ ਸਿੰਘ ਨੇ ਦੱਸਿਆ ਕਿ ਮਿੱਤਲ ਕੋਲੋਂ 1.49 ਕਰੋੜ ਰੁਪਏ ਦੀ ਨਕਦੀ, 260 ਗ੍ਰਾਮ ਸੋਨਾ ਅਤੇ 515 ਦਰਿਹਾਮ ਬਰਾਮਦ ਕੀਤੇ ਗਏ ਹਨ | ਗੈਰਕਾਨੂੰਨੀ ਢੰਗ ਬਣਾਈਆਂ ਸੰਪਤੀਆਂ ਦੀ ਪਛਾਣ ਕੀਤੀ ਗਈ ਹੈ, ਜਿਸ ‘ਚ ਜ਼ੀਰਕਪੁਰ ‘ਚ 2 ਕਰੋੜ ਰੁਪਏ ਦੇ ਮੁੱਲ ਦੇ ਫਲੈਟ, ਡੱਬਵਾਲੀ ਵਿੱਚ 40 ਲੱਖ ਰੁਪਏ ਦਾ ਪਲਾਟ ਅਤੇ ਹੋਰ ਬਹੁਤ ਕੁਝ ਸ਼ਾਮਲ ਹੈ |