ਸ਼ਾਹਕੋਟ (ਗਿਆਨ ਸੈਦਪੁਰੀ)
ਜਲੰਧਰ ਜ਼ਿਲ੍ਹੇ ਦੇ ਕਸਬਾ ਸ਼ਾਹਕੋਟ ਦੇ ਇੱਕ ਨੌਜਵਾਨ ਡਾਕਟਰ (ਐੱਮ ਬੀ ਬੀ ਸੀ, ਐੱਮ ਐੱਸ ਆਰਥੋਪੈਡਿਕਸ) ਅਤੇ ਜ਼ਿਲ੍ਹਾ ਗੁਰਦਾਸਪੁਰ ਦੇ ਸ਼ਹਿਰ ਬਟਾਲਾ ਦੀ ਇੱਕ ਨੌਜਵਾਨ ਡੈਂਟਿਸਟ ਦੇ ਚਾਵਾਂ-ਮਲ੍ਹਾਰਾਂ ਨਾਲ ਕੀਤੇ ਵਿਆਹ ਤੋਂ ਬਾਅਦ ਰਿਸ਼ਤੇ ’ਚ ਤਰੇੜਾਂ ਆਉਣ, ਤਾਹਨੇ-ਮਿਹਣਿਆਂ ਨਾਲ ਆਪਸੀ ਕੁੜੱਤਣ ਵਧ ਜਾਣ ’ਤੇ ਮਾਮਲਾ ਥਾਣੇ, ਕਚਹਿਰੀਆਂ ਵਿੱਚ ਖੱਜਲ-ਖੁਆਰੀ ਤੱਕ ਪਹੁੰਚਣ ਉਪਰੰਤ ਸਰਕਾਰੀ ਰਿਕਾਰਡ ਵਿੱਚ ਛੇੜਛਾੜ ਕਰਵਾਉਣ ਦੀ ਇਲਜ਼ਾਮ-ਤਰਾਸ਼ੀ ਹੋਣ ਦੀ ਕਹਾਣੀ ਸਾਹਮਣੇ ਆਈ ਹੈ। ਸਰਕਾਰੀ ਰਿਕਾਰਡ ਵਿੱਚ ਛੇੜਛਾੜ ਤੇ ਕੁਝ ਕਾਗਜ਼ਾਂ ਦੇ ਖੁਰਦ-ਬੁਰਦ ਕਰ ਦੇਣ ਦਾ ਦੋਸ਼ ਲਾਉਣ ਵਾਲੀ ਧਿਰ ਦਾ ਇਹ ਕਹਿਣਾ ਹੈ ਕਿ ਉਹਨਾਂ ਵੱਲੋਂ ਕੀਤੀ ਸ਼ਿਕਾਇਤ ਸਹੀ ਸਿੱਧ ਵੀ ਹੋ ਚੁੱਕੀ ਹੈ, ਜਿਸ ਦੀ ਜਾਣਕਾਰੀ ਆਰ ਟੀ ਆਈ ਰਾਹੀਂ ਪ੍ਰਾਪਤ ਕੀਤੀ ਹੈ।
ਇਸ ਮਸਲੇ ਸੰਬੰਧੀ ਡਾ. ਤਜਿੰਦਰ ਭੱਲਾ ਪਾਸੋਂ ਮਿਲੀ ਜਾਣਕਾਰੀ ਮੁਤਾਬਕ ਉਨ੍ਹਾ ਦਾ ਵਿਆਹ 2015 ਵਿੱਚ ਹੋਇਆ ਸੀ। ਜਲਦੀ ਹੀ ਪਤੀ-ਪਤਨੀ ਦੀ ਅਣਬਣ ਰਹਿਣ ਲੱਗ ਪਈ। ਸਮਾਜਕ ਅਤੇ ਪ੍ਰਵਾਰਕ ਚਾਰਾਜ਼ੋਈਆਂ ਦੇ ਬਾਵਜੂਦ ਇਕੱਠੇ ਰਹਿਣ ਦੀ ਸਹਿਮਤੀ ਨਾ ਹੋ ਸਕੀ।ਡਾ. ਮਮਤਾ ਸ਼ਰਮਾ (ਪਤਨੀ ਡਾ. ਤਜਿੰਦਰ ਭੱਲਾ) ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ 2023 ਵਿੱਚ ਪਟੀਸ਼ਨ ਵਿੱਚ ਆਪਣੀ ਜਨਮ ਮਿਤੀ 8-12-1977 ਦਰਸਾਈ ਹੈ।ਬਟਾਲਾ ਦੀਆਂ ਹੋਰ ਅਦਾਲਤਾਂ ਵਿੱਚ ਜਨਮ ਮਿਤੀ 2-12-1982 ਪੇਸ਼ ਕੀਤੀ ਹੈ। ਨਗਰ ਨਿਗਮ ਬਟਾਲਾ ਤੋਂ ਆਰ ਟੀ ਆਈ ਰਾਹੀਂ ਪ੍ਰਾਪਤ ਜਾਣਕਾਰੀ ਅਨੁਸਾਰ ਮਮਤਾ ਸ਼ਰਮਾ ਦੀ ਜਨਮ ਮਿਤੀ 2-12-1982 ਹੀ ਹੈ। ਦੂਸਰੇ ਪਾਸੇ ਮਮਤਾ ਸ਼ਰਮਾ ਦੇ ਮੈਟਿ੍ਰਕ ਸਰਟੀਫਿਕੇਟ ਅਤੇ ਬੁੱਧਾ ਇੰਸਟੀਚਿਊਟ ਆਫ ਡੈਂਟਲ ਕੌਂਸਲ ਕੋਲ ਰਜਿਸਟ੍ਰੇਸ਼ਨ ਨੰਬਰ 2636 ਮਿਤੀ 22-8-2001 ਦੇ ਤਹਿਤ ਜਨਮ ਮਿਤੀ 8-12- 1977 ਹੈ। ਸਥਾਨਕ ਰਜਿਸਟਰਾਰ ਨਗਰ ਨਿਗਮ ਬਟਾਲਾ ਤੋਂ ਆਰ ਟੀ ਆਈ ਰਾਹੀਂ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਮਮਤਾ ਸ਼ਰਮਾ ਦੀ ਜਨਮ ਮਿਤੀ 2-12-1982 ਹੈ। ਇਸ ਤੋਂ ਇਲਾਵਾ ਮਮਤਾ ਸ਼ਰਮਾ ਦੇ ਮਾਤਾ-ਪਿਤਾ ਦੀ ਵਿੱਦਿਅਕ ਯੋਗਤਾ ਰਜਿਸਟਰਡ ਜਾਣਕਾਰੀ ਨਾਲ ਮੇਲ ਨਹੀਂ ਖਾਂਦੀ। ਉਸ ਦੇ ਮਾਤਾ-ਪਿਤਾ ਦੋਵੇਂ ਪੋਸਟ ਗ੍ਰੈਜੂਏਟ ਹਨ, ਜਦੋਂ ਕਿ ਨਗਰ ਨਿਗਮ ਬਟਾਲਾ ਦੇ ਜਨਮ ਰਜਿਸਟਰਾਰ ਵਿੱਚ ਉਨ੍ਹਾ ਦੀ ਯੋਗਤਾ ਮੈਟਿ੍ਰਕ ਵਿਖਾਈ ਗਈ ਹੈ। ਇਸ ਤੋਂ ਬਿਨਾਂ ਨਗਰ ਨਿਗਮ ਦੇ ਰਿਕਾਰਡ ਵਿੱਚ ਹੋਰ ਵੀ ਕਥਿਤ ਧਾਂਦਲੀਆਂ ਸਾਹਮਣੇ ਆਈਆਂ ਹਨ।
ਡਾ. ਭੱਲਾ ਅਨੁਸਾਰ ਰਜਿਸਟਰਾਰ ਨਗਰ ਨਿਗਮ ਬਟਾਲਾ ਕੋਲ ਉਹਨਾ ਦੀ ਸ਼ਿਕਾਇਤ ਲੰਮੇ ਸਮੇਂ ਤੋਂ ਪਈ ਹੈ।ਸ਼ਿਕਾਇਤ ਦੀ ਜਾਂਚ ਨਹੀ ਕੀਤੀ ਗਈ।ਇਸ ਨਾਲ ਬਿਨੈਕਾਰ ਦੇ ਮੌਲਿਕ ਅਧਿਕਾਰਾਂ ਦਾ ਘਾਣ ਹੋਇਆ ਹੈ ਅਤੇ ਉਹ ਨਿਆਂ ਤੋਂ ਵਾਂਝਾ ਹੋ ਗਿਆ ਹੈ।ਡਾ. ਭੱਲਾ ਨੇ ਸਰਕਾਰ ਕੋਲ਼ੋਂ ਮੰਗ ਕੀਤੀ ਕਿ ਜਨਮ ਮਿਤੀਆਂ ਅਤੇ ਹੋਰ ਜਾਣਕਾਰੀਆਂ ਵਿੱਚ ਕਥਿਤ ਧਾਂਦਲੀਆਂ ਦੀ ਜਾਂਚ ਕਰਵਾ ਕੇ ਸੰਬੰਧਤ ਅਧਿਕਾਰੀਆਂ ਵਿਰੁੱਧ ਕਰਵਾਈ ਕੀਤੀ ਜਾਵੇ। ਇਸ ਦੌਰਾਨ ਇਸ ਪੱਤਰਕਾਰ ਨੇ ਇਸ ਮਾਮਲੇ ਬਾਰੇ ਫੋਨ ’ਤੇ ਐੱਸ ਡੀ ਐੱਮ ਬਟਾਲਾ ਪਾਸੋਂ ਜਾਣਕਾਰੀ ਲੈਣੀ ਚਾਹੀ ਤਾਂ ਉਨ੍ਹਾ ਕਿਹਾ ਕਿ ਉਹ ਇਸ ਕੇਸ ਦੀ ਸੱਚਾਈ ਜਾਣ ਕੇ ਕੋਈ ਫੈਸਲਾ ਦੇਣਗੇ।ਇਸ ਤੋਂ ਪਹਿਲਾਂ ਇਸ ਮਾਮਲੇ ਨਾਲ ਸੰਬੰਧਤ ਕਰਮਚਾਰੀ ਨੇ ਕਿਹਾ ਕਿ ਅਸੀਂ ਡੀ ਸੀ ਗੁਰਦਾਸਪੁਰ ਨੂੰ ਇਸ ਸੰਬੰਧੀ ਰਿਪੋਰਟ ਭੇਜ ਦਿੱਤੀ ਹੈ। ਇਹ ਮਾਮਲਾ ਕਾਰਪੋਰੇਸ਼ਨ ਨਾਲ ਸੰਬੰਧਤ ਹੈ। ਮੌਤ ਅਤੇ ਜਨਮ ਨਾਲ ਸੰਬੰਧਤ ਨਗਰ ਨਿਗਮ ਦੇ ਇੱਕ ਅਧਿਕਾਰੀ ਨੂੰ ਇਸ ਮਾਮਲੇ ਸਬੰਧੀ ਫੋਨ ਕੀਤਾ ਤਾਂ ਉਨ੍ਹਾ ਦਾ ਕਹਿਣਾ ਸੀ ਕਿ ਮਾਮਲੇ ਵਿੱਚ ਕੋਈ ਗੜਬੜ ਤਾਂ ਲੱਗਦੀ ਹੈ। ਸੀਨੀਅਰ ਸਕੱਤਰ ਨਗਰ ਨਿਗਮ ਦਾ ਕਹਿਣਾ ਸੀ ਕਿ ਜਲਦੀ ਹੀ ਇਹ ਮਾਮਲਾ ਕਿਸੇ ਤਣ-ਪੱਤਣ ਲੱਗ ਜਾਵੇਗਾ। ਸੰਬੰਧਤ ਸਾਰੀਆਂ ਧਿਰਾਂ ਦੇ ਪੱਖ ਸੁਣਨ ਤੋਂ ਇਹੀ ਗੱਲ ਸਾਹਮਣੇ ਆਉਦੀ ਹੈ ਕਿ ਨਗਰ ਨਿਗਮ ਬਟਾਲਾ ਵਿੱਚ ਕਥਿਤ ਹੋਈਆਂ ਬੇਨਿਯਮੀਆਂ ਦੀ ਉੱਚ ਅਧਿਕਾਰੀ ਜਾਂਚ ਕਰਕੇ ਸੰਬੰਧਤ ਅਧਿਕਾਰੀਆਂ ਵਿਰੁੱਧ ਕਾਰਵਾਈ ਕੀਤੀ ਜਾਵੇ।




