ਫਰੀਦਾਬਾਦ (ਹਰਿਆਣਾ)
ਓਲਡ ਫਰੀਦਾਬਾਦ ਰੇਲਵੇ ਅੰਡਰਪਾਸ ’ਚ ਪਾਣੀ ਭਰੇ ਹੋਣ ਕਾਰਨ ਸ਼ੁੱਕਰਵਾਰ ਦੇਰ ਰਾਤ ਕਾਰ ਫਸ ਗਈ ਤੇ ਉਸ ’ਚ ਸਵਾਰ ਦੋ ਬੈਂਕ ਮੁਲਾਜ਼ਮਾਂ ਦੀ ਮੌਤ ਹੋ ਗਈ।
ਕਾਰ ਸਵਾਰ ਪੁਣਿਆਸ਼੍ਰੇਅ ਸ਼ਰਮਾ (48) ਅਤੇ ਵਿਰਾਜ (26) ਗੁਰੂਗ੍ਰਾਮ ਤੋਂ ਗ੍ਰੇਟਰ ਫਰੀਦਾਬਾਦ ਸਥਿਤ ਆਪਣੇ ਘਰ ਪਰਤ ਰਹੇ ਸਨ। ਅਧਿਕਾਰੀਆਂ ਨੇ ਕਿਹਾ ਕਿ ਅੰਡਰਪਾਸ ’ਚ ਪਾਣੀ ਭਰਨ ਕਰਕੇ ਇਹਤਿਆਤ ਵਜੋਂ ਕਾਰਾਂ ਨੂੰ ਅੰਡਰਪਾਸ ਵੱਲ ਨਾ ਜਾਣ ਦੀ ਚਿਤਾਵਨੀ ਦਿੱਤੀ ਜਾ ਰਹੀ ਸੀ, ਪਰ ਰਾਤ ਕਰੀਬ 11.50 ਵਜੇ ਐੱਸ ਯੂ ਵੀ 700 ਸਾਰੀਆਂ ਚਿਤਾਵਨੀਆਂ ਨੂੰ ਨਜ਼ਰਅੰਦਾਜ ਕਰਦੇ ਹੋਏ ਅੰਡਰਪਾਸ ’ਚ ਦਾਖਲ ਹੋ ਗਈ ਅਤੇ ਡੂੰਘੇ ਪਾਣੀ ’ਚ ਫਸ ਗਈ।
ਰਾਹਗੀਰਾਂ ਨੇ ਕਾਰ ’ਚ ਫਸੇ ਦੋਵਾਂ ਨੂੰ ਕਾਫੀ ਕੋਸ਼ਿਸ਼ ਤੋਂ ਬਾਅਦ ਬਾਹਰ ਕੱਢਿਆ। ਵਿਰਾਜ ਦੀ ਮੌਤ ਹੋ ਚੁੱਕੀ ਸੀ, ਜਦਕਿ ਸ਼ਰਮਾ ਨੂੰ ਬਾਦਸ਼ਾਹ ਖਾਨ ਸਿਵਲ ਹਸਪਤਾਲ ਵਿਖੇ ਡਾਕਟਰਾਂ ਨੇ ਮਿ੍ਰਤਕ ਐਲਾਨ ਦਿੱਤਾ।