ਜਲੰਧਰ (ਸ਼ੈਲੀ ਐਲਬਰਟ,
ਇਕਬਾਲ ਸਿੰਘ ਉੱਭੀ, ਸੁਰਿੰਦਰ ਕੁਮਾਰ)
ਕਾਊਂਟਰ ਇੰਟੈਲੀਜੈਂਸ ਜਲੰਧਰ ਵੱਲੋਂ ਪਾਕਿਸਤਾਨ ਅਧਾਰਤ ਹੈਰੋਇਨ ਤਸਕਰੀ ਦੇ ਰੈਕੇਟ ਨਾਲ ਸੰਬੰਧਤ ਮੁੱਖ ਸਰਗਨਾ ਤੇ ਫੌਜ ਵਿੱਚੋਂ ਭਗੌੜੇ ਅੰਮਿ੍ਰਤਪਾਲ ਸਿੰਘ ਉਰਫ਼ ਫੌਜੀ ਨੂੰ ਗਿ੍ਰਫ਼ਤਾਰ ਕਰਕੇ ਉਸ ਕੋਲੋਂ 12.5 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ।
ਡੀ ਜੀ ਪੀ ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਤਰਨ ਤਾਰਨ ਦੇ ਪਿੰਡ ਕਸੇਲ ਦਾ ਰਹਿਣ ਵਾਲਾ ਅੰਮਿ੍ਰਤਪਾਲ ਸਿੰਘ ਫੌਜੀ ਅਗਸਤ 2024 ਤੋਂ ਭਗੌੜਾ ਸੀ, ਜਦੋਂ ਉਸ ਦੇ ਸਾਥੀ ਸਰਤਾਜ ਨੂੰ ਜੰਮੂ ਬੱਸ ਸਟੈਂਡ ਤੋਂ 33 ਕਿਲੋ ਹੈਰੋਇਨ ਸਮੇਤ ਗਿ੍ਰਫ਼ਤਾਰ ਕੀਤਾ ਗਿਆ ਸੀ।ਯਾਦਵ ਨੇ ਕਿਹਾ ਕਿ ਇਸ ਕਾਰਟੈਲ ਦੇ ਅੰਤਰਰਾਸ਼ਟਰੀ ਸੰਬੰਧ ਹਨ, ਕਿਉਕਿ ਇਸ ਦਾ ਸੰਚਾਲਨ ਬਦਨਾਮ ਭਗੌੜੇ ਅੰਮਿ੍ਰਤਪਾਲ ਸਿੰਘ ਬਾਠ ਵਾਸੀ ਪਿੰਡ ਮੀਆਂਪੁਰ, ਤਰਨ ਤਾਰਨ ਵੱਲੋਂ ਕੀਤਾ ਜਾ ਰਿਹਾ ਹੈ, ਉਹ ਇਸ ਸਮੇਂ ਦੁਬਈ ਤੋਂ ਇਸ ਕਾਰਟੈਲ ਦਾ ਸੰਚਾਲਨ ਕਰ ਰਿਹਾ ਹੈ।
ਉਹ ਇੱਕ ਬਦਨਾਮ ਗੈਂਗਸਟਰ/ਸਮੱਗਲਰ ਹੈ, ਜਿਸ ਖਿਲਾਫ ਪੰਜਾਬ ਦੇ ਵੱਖ-ਵੱਖ ਥਾਣਿਆਂ ਵਿੱਚ ਦੋ ਕਤਲ ਕੇਸਾਂ ਸਮੇਤ 15 ਤੋਂ 20 ਕੇਸ ਦਰਜ ਹਨ।
ਕਾਊਂਟਰ ਇੰਟੈਲੀਜੈਂਸ ਜਲੰਧਰ ਦੀਆਂ ਟੀਮਾਂ ਨੇ ਜਲੰਧਰ ਦੇ ਪਿੰਡ ਕੰਗਣੀਵਾਲ ਦੇ ਨਹਿਰੀ ਪੁਲ ’ਤੇ ਵਿਸ਼ੇਸ਼ ਨਾਕਾ ਲਗਾਇਆ ਅਤੇ ਫੌਜੀ ਨੂੰ 200 ਗ੍ਰਾਮ ਹੈਰੋਇਨ ਸਮੇਤ ਗਿ੍ਰਫ਼ਤਾਰ ਕਰ ਲਿਆ, ਜਦੋਂ ਕਿ ਅਗਲੇਰੀ ਜਾਂਚ ਦੌਰਾਨ ਮੁਲਜ਼ਮ ਵੱਲੋਂ ਦੱਸੇ ਟਿਕਾਣੇ ਤਰਨ ਤਾਰਨ ਤੋਂ ਪਿੰਡ ਜੋਧਪੁਰ ਨੂੰ ਜਾਂਦੀ ਲਿੰਕ ਸੜਕ ਤੋਂ 12.4 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ।
ਪੁਲਸ ਟੀਮਾਂ ਨੇ ਪਲਟੀਨਾ ਮੋਟਰਸਾਈਕਲ, ਜਿਸ ’ਤੇ ਅੰਮਿ੍ਰਤਪਾਲ ਜਾ ਰਿਹਾ ਸੀ, ਨੂੰ ਵੀ ਜ਼ਬਤ ਕਰ ਲਿਆ ਹੈ।ਏ ਆਈ ਜੀ (ਸੀ ਆਈ) ਜਲੰਧਰ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਗਿ੍ਰਫ਼ਤਾਰ ਕੀਤੇ ਗਏ ਮੁਲਜ਼ਮ ਤੋਂ ਪੁੱਛਗਿੱਛ ਦੌਰਾਨ ਖੁਲਾਸਾ ਹੋਇਆ ਕਿ ਉਸ ਅਤੇ ਉਸ ਦੇ ਸਾਥੀ ਨੇ ਪਿਛਲੇ ਮਹੀਨੇ ਅਖਨੂਰ ਸੈਕਟਰ ਤੋਂ 50 ਕਿਲੋ ਹੈਰੋਇਨ ਦੀ ਖੇਪ ਪ੍ਰਾਪਤ ਕੀਤੀ ਸੀ, ਜਿਸ ਵਿੱਚੋਂ 33 ਕਿਲੋ ਹੈਰੋਇਨ ਉਸ ਦੇ ਸਾਥੀ ਸਰਤਾਜ ਕੋਲ ਸੀ, ਜਿਸ ਨੂੰ ਜੰਮੂ-ਕਸ਼ਮੀਰ ਪੁਲਸ ਨੇ ਗਿ੍ਰਫ਼ਤਾਰ ਕੀਤਾ ਸੀ।