ਭਾਗਲਪੁਰ : ਇੱਥੇ ਵੰਦੇ ਭਾਰਤ ਐੱਕਸਪ੍ਰੈੱਸ ਦੇ ਉਦਘਾਟਨ ਮੌਕੇ ਕੇਂਦਰੀ ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਰਾਹੁਲ ਗਾਂਧੀ ਨੂੰ ਦੇਸ਼ ਦਾ ਸਭ ਤੋਂ ਵੱਡਾ ਅੱਤਵਾਦੀ ਦੱਸਿਆ। ਉਨ੍ਹਾ ਕਿਹਾ ਕਿ ਜੇ ਏਜੰਸੀ ਨੂੰ ਸਭ ਤੋਂ ਪਹਿਲਾਂ ਕਿਸੇ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ ਤਾਂ ਉਹ ਰਾਹੁਲ ਗਾਂਧੀ ਹਨ। ਉਨ੍ਹਾ ਦਾ ਨਾਂਅ ਅੱਤਵਾਦੀਆਂ ਦੀ ਸੂਚੀ ’ਚ ਸਭ ਤੋਂ ਪਹਿਲਾਂ ਹੋਣਾ ਚਾਹੀਦਾ ਹੈ। ਉਨ੍ਹਾ ਕਿਹਾ ਕਿ ਅੱਜ ਦੇਸ਼ ਨੂੰ ਵੰਡਣ ਵਾਲੇ, ਬੰਬ ਤੇ ਗੋਲਾ-ਬਾਰੂਦ ਵਰਤਣ ਵਾਲੇ ਅਤੇ ਰੇਲ ਗੱਡੀਆਂ ’ਚ ਧਮਾਕੇ ਕਰਨ ਵਾਲੇ ਰਾਹੁਲ ਗਾਂਧੀ ਦੇ ਸਮਰਥਨ ’ਚ ਖੜ੍ਹੇ ਹਨ, ਉਨ੍ਹਾ ਦੇ ਹੱਕ ’ਚ ਬੋਲ ਰਹੇ ਹਨ। ਇਹ ਇਸ ਗੱਲ ਦਾ ਸਬੂਤ ਹੈ ਕਿ ਰਾਹੁਲ ਗਾਂਧੀ ਕਿਸ ਤਰ੍ਹਾਂ ਦੇ ਹਨ।
ਉਨ੍ਹਾ ਕਿਹਾ ਕਿ ਰਾਹੁਲ ਭਾਰਤੀ ਨਹੀਂ ਹਨ, ਉਨ੍ਹਾ ਦਾ ਜ਼ਿਆਦਾਤਰ ਸਮਾਂ ਭਾਰਤ ਤੋਂ ਬਾਹਰ ਹੀ ਬੀਤਿਆ ਹੈ। ਉਨ੍ਹਾ ਦੇ ਦੋਸਤ ਅਤੇ ਰਿਸ਼ਤੇਦਾਰ ਸਾਰੇ ਵਿਦੇਸ਼ੀ ਹਨ, ਉਨ੍ਹਾ ਨੂੰ ਕਿਸੇ ਗੱਲ ਦੀ ਸਮਝ ਨਹੀਂ। ਬਿੱਟੂ ਨੇ ਕਿਹਾ ਕਿ ਰਾਹੁਲ ਗਾਂਧੀ ਏਨੀ ਵਾਰ ਸਾਂਸਦ ਬਣ ਚੁੱਕੇ ਹਨ, ਏਨੇ ਵੱਡੇ ਨੇਤਾ ਹਨ, ਵਿਰੋਧੀ ਧਿਰ ਦੇ ਨੇਤਾ ਹਨ, ਫਿਰ ਵੀ ਅੱਜ ਤੱਕ ਰਿਕਸ਼ਾ ਚਾਲਕ, ਠੇਲੇ ਵਾਲੇ, ਮੋਚੀ ਆਦਿ ਦਾ ਦਰਦ ਨਹੀਂ ਸਮਝ ਸਕੇ, ਬਸ ਉਨ੍ਹਾਂ ਦੇ ਨੇੜੇ ਜਾਂਦੇ ਹਨ ਅਤੇ ਫੋਟੋਗ੍ਰਾਫੀ ਕਰਦੇ ਹਨ। ਉਹਨਾ ਕਿਹਾ ਕਿ ਜਦੋਂ ਰਾਹੁਲ ਅਤੇ ਕਾਂਗਰਸ ਮਿਲ ਕੇ ਮੁਸਲਮਾਨਾਂ ਨੂੰ ਨਹੀਂ ਤੋੜ ਸਕੇ ਤਾਂ ਹੁਣ ਸਰਹੱਦ ’ਤੇ ਖੜ੍ਹੇ ਸਿੱਖਾਂ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਹਨ, ਜੋ ਕਿ ਬਿਲਕੁਲ ਵੀ ਸੰਭਵ ਨਹੀਂ।




