ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ ਸੰਸਦ ’ਚ ਪਾਸ ਕੀਤਾ ਜਾਵੇ : ਮਾੜੀਮੇਘਾ

0
170

ਭਿੱਖੀਵਿੰਡ : ਸੀ ਪੀ ਆਈ ਵੱਲੋਂ ਪੰਜਾਬ ਭਰ ਵਿੱਚ ਪਿੰਡਾਂ, ਸ਼ਹਿਰਾਂ ਤੇ ਕਸਬਿਆਂ ਵਿੱਚ ਪਾਰਟੀ ਮੈਂਬਰਾਂ ਤੇ ਹਮਦਰਦਾਂ ਦੀਆਂ ਮੀਟਿੰਗਾਂ ਦੇਸ਼ ਦੀ ਆਜ਼ਾਦੀ ਵਾਲੇ ਦਿਹਾੜੇ 15 ਅਗਸਤ ਤੋਂ 15 ਸਤੰਬਰ ਤੱਕ ਕੀਤੀਆਂ ਗਈਆਂ। ਇਸ ਪ੍ਰੋਗਰਾਮ ਦੇ ਆਖਰੀ ਦਿਨ ਭਿੱਖੀਵਿੰਡ ਬਲਾਕ ਦੇ ਪਿੰਡ ਤਤਲਾ, ਸੁਰਸਿੰਘ, ਵਾਂ ਤਾਰਾ ਸਿੰਘ ਅਤੇ ਅਲਗੋਂ ਕਲਾਂ ਵਿਖੇ ਮੀਟਿੰਗਾਂ ਹੋਈਆਂ। ਸੀ ਪੀ ਆਈ ਬਲਾਕ ਭਿੱਖੀਵਿੰਡ ਦੇ ਸਕੱਤਰ ਨਰਿੰਦਰ ਸਿੰਘ ਅਲਗੋਂ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਉਕਤ ਪਿੰਡਾਂ ਦੀਆਂ ਮੀਟਿੰਗਾਂ ਨੂੰ ਸੀ ਪੀ ਆਈ ਦੇ ਕੌਮੀ ਕੌਂਸਲ ਮੈਂਬਰ ਪਿਰਥੀਪਾਲ ਸਿੰਘ ਮਾੜੀਮੇਘਾ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਇਸ ਵੇਲੇ ਦੇਸ਼ ਦੇ ਹਾਲਾਤ ਠੀਕ ਨਹੀਂ ਹਨ। ਇੱਕ ਪਾਸੇ ਮਹਿੰਗਾਈ ਨਾਲ ਲੋਕ ਤਰਾਸ-ਤਰਾਸ ਕਰ ਰਹੇ ਹਨ, ਦੂਜੇ ਪਾਸੇ ਬੀ ਜੇ ਪੀ ਦੀ ਅਗਵਾਈ ਵਾਲੀ ਸਰਕਾਰ ਦੇਸ਼ ਵਿੱਚ ਰਹਿ ਰਹੀਆਂ ਘੱਟ ਗਿਣਤੀਆਂ ’ਤੇ ਜਬਰ ਕਰ ਰਹੀ ਹੈ। ਉਨ੍ਹਾਂ ਨੂੰ ਕਿਹਾ ਜਾ ਰਿਹਾ, ਇਹ ਸਾਡੇ ਦੇਸ਼ ਦੀ ਵਸੋਂ ਹੀ ਨਹੀਂ ਹੈ। ਗਰੀਬ ਲੋਕਾਂ ਨੂੰ ਬੁਲਡੋਜਰ ਨੀਤੀ ਨਾਲ ਦੱਬਿਆ ਜਾ ਰਿਹਾ ਹੈ। ਮਾੜੀਮੇਘਾ ਨੇ ਕਿਹਾ ਕਿ ਹਿੰਦੁਸਤਾਨ ਵਿੱਚ ਔਰਤਾਂ ਦੀ ਇੱਜ਼ਤ ਆਬਰੂ ਖਤਰੇ ਵਿੱਚ ਹੈ। ਦਿਨ-ਦਿਹਾੜੇ ਦਰਿੰਦੇ ਔਰਤਾਂ ਦੀ ਇੱਜ਼ਤ ਲੁੱਟ ਰਹੇ ਹਨ, ਪਰ ਸਰਕਾਰੀ ਤੰਤਰ ’ਤੇ ਕੋਈ ਅਸਰ ਨਹੀਂ ਹੈ।
ਮਾੜੀਮੇਘਾ ਨੇ ਕਿਹਾ ਕਿ ਜਿੰਨਾ ਚਿਰ ਤੱਕ ਹਰੇਕ ਔਰਤ ਨੂੰ ਪੱਕਾ ਰੁਜ਼ਗਾਰ ਅਤੇ ਵਿੱਦਿਆ ਨਹੀਂ ਮਿਲਦੀ, ਓਨਾ ਚਿਰ ਤੱਕ ਹਿੰਦੁਸਤਾਨ ਵਿੱਚੋਂ ਮਰਦ ਦਰਿੰਦਗੀ ਖ਼ਤਮ ਨਹੀਂ ਹੋ ਸਕਦੀ। ਇਹ ਠੀਕ ਹੈ ਕਿ ਔਰਤਾਂ ਪਾਰਲੀਮੈਂਟ ਵਿੱਚ 33 ਫੀਸਦੀ ਔਰਤਾਂ ਵਾਸਤੇ ਰਾਖਵੇਂਕਰਨ ਕਰਨ ਦੀ ਲੜਾਈ ਲੜ ਰਹੀਆਂ ਹਨ, ਜੇ ਇਹ ਲੜਾਈ ਜਿੱਤੀ ਜਾਂਦੀ ਹੈ ਤੇ ਔਰਤਾਂ ਨੂੰ ਪਾਰਲੀਮੈਂਟ ਵਿੱਚ ਆਪਣੇ ਪੱਕੇ ਰੁਜ਼ਗਾਰ ਦਾ ਮਤਾ ਪਾਸ ਕਰਾਉਣਾ ਚਾਹੀਦਾ ਹੈ ਅਤੇ ਬਲਾਤਕਾਰੀਆਂ ਨੂੰ ਮੌਤ ਦੀ ਸਜ਼ਾ ਵਾਲਾ ਕਾਨੂੰਨ ਬਣਾਉਣ ’ਤੇ ਜ਼ੋਰ ਦੇਣ ਦੀ ਮੰਗ ਉਠਾਉਣੀ ਚਾਹੀਦੀ ਹੈ।
ਮਾੜੀਮੇਘਾ ਨੇ ਕਿਹਾ ਕਿ ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ ਪਾਰਲੀਮੈਂਟ ਵਿੱਚ ਪਾਸ ਹੋਣ ਨਾਲ ਵੀ ਉਕਤ ਸਮੱਸਿਆ ਦਾ ਹੱਲ ਹੁੰਦਾ ਹੈ, ਕਿਉਕਿ ਇਸ ਕਾਨੂੰਨ ਦੇ ਬਣਨ ਤੋਂ ਬਾਅਦ 18 ਸਾਲ ਦੀ ਉਮਰ ਤੋਂ ਬਾਅਦ ਹਰੇਕ ਕੁੜੀ-ਮੁੰਡੇ ਨੂੰ ਰੁਜ਼ਗਾਰ ਮਿਲਣ ਦੀ ਗਾਰੰਟੀ ਹੋਵੇਗੀ ਭਾਵੇਂ ਉਹ ਪੜ੍ਹੇ ਹਨ ਜਾਂ ਅਨਪੜ੍ਹ। ਜੁਆਨੀ ਨੂੰ ਉਨ੍ਹਾਂ ਦੀ ਯੋਗਤਾ ਅਨੁਸਾਰ ਸਰਕਾਰੀ ਰੁਜ਼ਗਾਰ ਮਿਲੇਗਾ। ਇਹ ਮੰਗ ਸਮਾਜ ਨੂੰ ਖੁਸ਼ਹਾਲ ਬਣਾਉਣ ਵਾਲੀ ਹੈ। ਇਸ ਮੰਗ ਨੂੰ ਲੈ ਕੇ ਹੀ ਸਰਬ ਭਾਰਤ ਨੌਜਵਾਨ ਸਭਾ ਅਤੇ ਏ ਆਈ ਐੱਸ ਐੱਫ ਪੰਜਾਬ ਪੱਧਰੀ ਸਮਾਗਮ ਮੋਗਾ ਵਿਖੇ ਪਰਮਗੁਣੀ ਭਗਤ ਸਿੰਘ ਦੇ ਜਨਮ ਦਿਹਾੜੇ ’ਤੇ 28 ਸਤੰਬਰ ਨੂੰ ਕਰ ਰਹੀ ਹੈ। ਜਾਣਕਾਰੀ ਅਨੁਸਾਰ ਇਹ ਸਮਾਗਮ ਨਿਵੇਕਲੀ ਕਿਸਮ ਦਾ ਹੋਵੇਗਾ। ਮਾੜੀਮੇਘਾ ਨੇ ਆਪਣੇ ਵਿਚਾਰਾਂ ਵਿੱਚ ਕਿਹਾ ਕਿ ਪੰਜਾਬ ਦੀ ਸਰਕਾਰ ਨੂੰ ਬਾਰਸ਼ਾਂ ਦੇ ਪਾਣੀ ਦੀ ਸੰਭਾਲ ਲਈ ਵਿਸ਼ੇਸ਼ ਉਪਰਾਲੇ ਕਰਨੇ ਚਾਹੀਦੇ ਹਨ। ਇਸ ਤੋਂ ਇਲਾਵਾ ਚੰਡੀਗੜ੍ਹ ਪੰਜਾਬ ਨੂੰ ਦੇਣ, ਭਾਖੜਾ ਪ੍ਰੋਜੈਕਟ ਵਿੱਚ ਆਪਣੇ ਅਧਿਕਾਰ ਮੁੜ ਬਹਾਲ ਕਰਾਉਣ, ਚੰਡੀਗੜ੍ਹ ਵਿੱਚ ਪੰਜਾਬੀ ਬੋਲੀ ਨੂੰ ਪਹਿਲ ਦੇਣ ਤੇ ਚੰਡੀਗੜ੍ਹ ਵਿੱਚ ਵੀ ਪੰਜਾਬ ਦੇ ਮੁਲਾਜ਼ਮਾਂ ਦੇ ਹੱਕਾਂ ਦੀ ਬਹਾਲੀ ਸੈਂਟਰ ਸਰਕਾਰ ’ਤੇ ਜ਼ੋਰ ਪਾਉਣਾ ਚਾਹੀਦਾ ਹੈ।
ਮੀਟਿੰਗਾਂ ਨੂੰ ਨਿਸ਼ਾਨ ਸਿੰਘ ਤੇ ਸਰਦੂਲ ਸਿੰਘ ਪਿੰਡ ਵਾਂ, ਕੁਲਦੀਪ ਸਿੰਘ ਤਤਲੇ, ਡਾਕਟਰ ਭੁਪਿੰਦਰ ਸਿੰਘ ਸੁਰਸਿੰਘ ਤੇ ਬਲਵਿੰਦਰ ਕੌਰ ਉਰਫ ਬਿੰਦੋ ਅਲਗੋਂ ਕਲਾਂ ਨੇ ਵੀ ਸੰਬੋਧਨ ਕੀਤਾ।

LEAVE A REPLY

Please enter your comment!
Please enter your name here