ਕੇਜਰੀਵਾਲ ਦਾ ਜਾਨਸ਼ੀਨ ਲੱਭਣ ਲਈ ਮਸ਼ਵਰੇ

0
172

ਨਵੀਂ ਦਿੱਲੀ : ਆਮ ਆਦਮੀ ਪਾਰਟੀ (ਆਪ) ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਅਚਨਚੇਤ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਦੇ ਕੀਤੇ ਗਏ ਐਲਾਨ ਤੋਂ ਬਾਅਦ ਉਨ੍ਹਾ ਦਾ ਜਾਨਸ਼ੀਨ ਚੁਣਨ ਲਈ ਸੋਮਵਾਰ ਪਾਰਟੀ ਵਿਚ ਵਿਚਾਰ-ਵਟਾਂਦਰਿਆਂ ਅਤੇ ਮੀਟਿੰਗਾਂ ਦਾ ਦੌਰ ਜਾਰੀ ਰਿਹਾ।
ਸਵੇਰੇ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਕੇਜਰੀਵਾਲ ਦੀ ਸਰਕਾਰੀ ਰਿਹਾਇਸ਼ ਉਤੇ ਪੁੱਜੇ ਅਤੇ ਦੋਵੇਂ ਆਗੂਆਂ ਨੇ ਮੁੱਖ ਮੰਤਰੀ ਦੇ ਅਹੁਦੇ ਲਈ ਸੰਭਾਵਤ ਨਾਵਾਂ ਬਾਰੇ ਵਿਚਾਰ-ਚਰਚਾ ਕੀਤੀ। ਕੇਜਰੀਵਾਲ ਦਾ ਜਾਨਸ਼ੀਨ ਬਣਨ ਦੇ ਸੰਭਾਵਤ ਉਮੀਦਵਾਰਾਂ ਵਿਚ ਦਿੱਲੀ ਦੇ ਮੰਤਰੀਆਂ ਆਤਿਸ਼ੀ, ਗੋਪਾਲ ਰਾਏ, ਸੌਰਭ ਭਾਰਦਵਾਜ, ਕੈਲਾਸ਼ ਗਹਿਲੋਤ ਤੇ ਰਾਖਵੇਂ ਵਰਗਾਂ ਦੇ ਕੁਝ ਵਿਧਾਇਕਾਂ ਅਤੇ ਦਿੱਲੀ ਵਿਧਾਨ ਸਭਾ ਦੀ ਸਪੀਕਰ ਰਾਖੀ ਬਿਰਲਾ ਤੇ ਕੇਜਰੀਵਾਲ ਦੀ ਪਤਨੀ ਸੁਨੀਤਾ ਆਦਿ ਦੇ ਨਾਂ ਲਏ ਜਾ ਰਹੇ ਹਨ।
ਦਿੱਲੀ ਆਬਕਾਰੀ ਨੀਤੀ ਸੰਬੰਧੀ ਕੇਸ ਵਿਚ ਜ਼ਮਾਨਤ ਮਿਲਣ ਤੋਂ ਬਾਅਦ ਪਿਛਲੇ ਦਿਨੀਂ ਜੇਲ੍ਹ ਤੋਂ ਰਿਹਾਅ ਹੋਏ ਕੇਜਰੀਵਾਲ ਨੇ ਐਤਵਾਰ ਪਾਰਟੀ ਹੈਡਕੁਆਰਟਰ ਵਿਖੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਐਲਾਨ ਕੀਤਾ ਸੀ ਕਿ ਉਹ ਲੋਕਾਂ ਤੋਂ ‘ਈਮਾਨਦਾਰੀ ਦਾ ਫਤਵਾ’ ਮਿਲਣ ਤੱਕ ਮੁੱਖ ਮੰਤਰੀ ਦਾ ਅਹੁਦਾ ਨਹੀਂ ਸੰਭਾਲਣਗੇ। ਉਨ੍ਹਾ ਕਿਹਾ ਕਿ ਉਹ ਅਤੇ ਸਿਸੋਦੀਆ ਉਦੋਂ ਹੀ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਬਣ ਸਕਦੇ ਹਨ ਜਦੋਂ ‘ਲੋਕ ਕਹਿਣਗੇ ਕਿ ਅਸੀਂ ਈਮਾਨਦਾਰ ਹਾਂ’।

LEAVE A REPLY

Please enter your comment!
Please enter your name here