ਜਕਾਰਤਾ : ਏਸ਼ੀਆ ਕੱਪ ਹਾਕੀ ਟੂਰਨਾਮੈਂਟ ‘ਚ ਭਾਰਤ ਅਤੇ ਪਾਕਿਸਤਾਨ ਵਿਚਾਲੇ ਹੋਏ ਮੁਕਾਬਲੇ ‘ਚ ਦੋਵੇਂ ਟੀਮਾਂ 1-1 ਦੀ ਬਰਾਬਰੀ ‘ਤੇ ਰਹੀਆਂ | ਮੈਚ ਦੇ ਆਖਰੀ 70 ਸੈਕਿੰਡ ‘ਚ ਪਾਕਿਸਤਾਨ ਦੇ ਅਬਦੁਲ ਰਾਣਾ ਨੇ ਸ਼ਾਨਦਾਰ ਖੇਡ ਦਿਖਾਉਂਦੇ ਪੈਨਲਟੀ ਕਾਰਨਰ ਰਾਹੀਂ ਗੋਲ ਦਾਗਿਆ | ਟੀਮ ਇੰਡੀਆ ਵੱਲੋਂ ਇੱਕੋ-ਇੱਕ ਗੋਲ ਕਾਰਤੀ ਸੇਲਵਮ ਨੇ ਕੀਤਾ | ਪਹਿਲੇ ਕੁਆਰਟਰ ‘ਚ ਟੀਮ ਇੰਡੀਆ ਨੇ 2 ਪੈਨਲਟੀ ਕਾਰਨਰ ਗੁਆਏ, ਪਰ ਤੀਜੇ ਪੈਨਲਟੀ ਕਾਰਨਰ ਦਾ ਫਾਇਦੇ ਉਠਾਉਂਦੇ ਹੋਏ ਕਾਰਤੀ ਨੇ 9ਵੇਂ ਮਿੰਟ ‘ਚ ਗੋਲ ਕਰਕੇ ਭਾਰਤ ਨੂੰ 1-0 ਦੀ ਬੜ੍ਹਤ ਦਿਵਾਈ | ਹੁਣ ਟੀਮ ਇੰਡੀਆ ਆਪਣਾ ਅਗਲਾ ਮੁਕਾਬਲਾ 24 ਮਈ ਨੂੰ ਜਾਪਾਨ ਅਤੇ 26 ਮਈ ਨੂੰ ਇੰਡੋਨੇਸ਼ੀਆ ਨਾਲ ਖੇਡੇਗੀ | ਚੌਥੇ ਕੁਆਰਟਰ ਦੇ 18ਵੇਂ ਮਿੰਟ ਤੱਕ ਭਾਰਤ ਦੀ ਬੜ੍ਹਤ 1-0 ਨਾਲ ਸੀ, ਪਰ ਅਗਲੇ ਮਿੰਟ ‘ਚ ਅਬਦੁਲ ਰਾਣਾ ਨੇ ਪੈਨਲਟੀ ਕਾਰਨਰ ਰਾਹੀਂ ਗੋਲ ਕਰਕੇ ਸਕੋਰ 1-1 ਨਾਲ ਬਰਾਬਰ ਕਰ ਦਿੱਤਾ | ਹਾਲਾਂਕਿ ਭਾਰਤੀ ਟੀਮ ਨੇ ਗੋਲ ਖਿਲਾਫ਼ ਰੈਫਰਲ ਲਿਆ, ਪਰ ਉਹ ਬੇਕਾਰ ਰਿਹਾ |