30.5 C
Jalandhar
Tuesday, August 16, 2022
spot_img

ਐੱਮ ਐੱਸ ਭਾਟੀਆ ਚੁਣੇ ਗਏ ਸੀ ਪੀ ਆਈ ਲੁਧਿਆਣਾ ਸ਼ਹਿਰੀ ਦੇ ਨਵੇਂ ਸਕੱਤਰ

ਲੁਧਿਆਣਾ (ਰੈਕਟਰ ਕਥੂਰੀਆ, ਪ੍ਰਦੀਪ ਸ਼ਰਮਾ)
ਪਾਰਟੀ ਦੇ ਹਰ ਪ੍ਰੋਗਰਾਮ ਵਿੱਚ ਦਿਨ-ਰਾਤ ਇੱਕ ਕਰਕੇ ਸਰਗਰਮੀ ਦਿਖਾਉਣ ਵਾਲੇ ਐੱਮ ਐੱਸ ਭਾਟੀਆ ਨੂੰ ਪਾਰਟੀ ਦੀ ਸ਼ਹਿਰੀ ਇਕਾਈ ਦਾ ਸਕੱਤਰ ਚੁਣ ਲਿਆ ਗਿਆ | ਪਹਿਲਾਂ ਪਾਰਟੀ ਦੇ ਸਰਗਰਮ ਬੁੱਧੀਜੀਵੀ ਰਮੇਸ਼ ਰਤਨ ਇਹ ਜ਼ਿੰਮੇਵਾਰੀ ਸੰਭਾਲ ਰਹੇ ਸਨ, ਪਰ ਕੁਝ ਅਰਸੇ ਤੋਂ ਸਿਹਤ ਦੀ ਖਰਾਬੀ ਕਾਰਨ ਉਹ ਇਸ ਜ਼ਿੰਮੇਵਾਰੀ ਤੋਂ ਮੁਕਤ ਹੋਣਾ ਚਾਹ ਰਹੇ ਸਨ | ਭਾਟੀਆ ਅਤੇ ਰਮੇਸ਼ ਰਤਨ ਅਕਸਰ ਹਰ ਪ੍ਰੋਗਰਾਮ ਵਿਚ ਇਕੱਠੇ ਹੀ ਹੁੰਦੇ, ਹੁਣ ਵੀ ਉਹ ਇੱਕ ਹੀ ਹਨ | ਭਾਰਤੀ ਕਮਿਊਨਿਸਟ ਪਾਰਟੀ (ਸੀ ਪੀ ਆਈ) ਲੁਧਿਆਣਾ ਸ਼ਹਿਰੀ ਦੀ ਕਾਨਫਰੰਸ ਸੋਮਵਾਰ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਵਿਖੇ ਨਵਲ ਛਿੱਬੜ ਐਡਵੋਕੇਟ, ਕੁਲਵੰਤ ਕੌਰ ਤੇ ਡਾ: ਵਿਨੋਦ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਲੁਧਿਆਣਾ ਸ਼ਹਿਰ ਦੀਆਂ ਵੱਖ-ਵੱਖ ਬ੍ਰਾਂਚਾਂ ਵਿੱਚੋਂ ਚੁਣ ਕੇ ਆਏ ਡੈਲੀਗੇਟਾਂ ਨੇ ਹਿੱਸਾ ਲਿਆ | ਕਾਨਫ਼ਰੰਸ ਵਿਚ ਸਰਬਸੰਮਤੀ ਨਾਲ ਐੱਮ ਐੱਸ ਭਾਟੀਆ ਨੂੰ ਨਵਾਂ ਸਕੱਤਰ ਅਤੇ ਵਿਜੇ ਕੁਮਾਰ, ਕੁਲਵੰਤ ਕੌਰ ਅਤੇ ਡਾ: ਵਿਨੋਦ ਕੁਮਾਰ ਨੂੰ ਸਹਾਇਕ ਸਕੱਤਰ ਚੁਣਿਆ ਗਿਆ |
ਕਾਨਫ਼ਰੰਸ ਵਿਚ ਮਹਿੰਗਾਈ ਤੇ ਫ਼ਿਰਕਾਪ੍ਰਸਤੀ ਵਿਰੁੱਧ ਅਤੇ ਨਗਰ ਦੇ ਮਸਲਿਆਂ ਦੇ ਹੱਲ ਲਈ ਸੰਘਰਸ਼ ਦਾ ਸੱਦਾ ਦਿੱਤਾ | ਐਤਵਾਰ 29 ਮਈ ਨੂੰ ਕੌਮੀ ਸੱਦੇ ਮੁਤਾਬਕ ਜਗਰਾਓਾ ਪੁਲ ‘ਤੇ ਇਕੱਤਰ ਹੋ ਕੇ ਸੰਘਰਸ਼ ਆਰੰਭਿਆ ਜਾਏਗਾ |
ਸ਼ਹਿਰੀ ਸਕੱਤਰ ਰਮੇਸ਼ ਰਤਨ ਨੇ ਪਿਛਲੇ ਚਾਰ ਸਾਲਾਂ ਦੀ ਰਿਪੋਰਟ ਪੇਸ਼ ਕੀਤੀ, ਜਿਸ ਵਿਚ ਦੇਸ਼ ਦਾ ਰਾਜਨੀਤਕ, ਸਮਾਜਕ ਅਤੇ ਆਰਥਕ ਦਿ੍ਸ਼ ਪੇਸ਼ ਕੀਤਾ ਗਿਆ | ਇਸ ਸਮੇਂ ਦੌਰਾਨ ਪਾਰਟੀ ਵੱਲੋਂ ਕੀਤੇ ਗਏ ਪ੍ਰੋਗਰਾਮਾਂ ਬਾਰੇ ਜਾਣਕਾਰੀ ਦਿੱਤੀ ਗਈ | ਇਸ ਤੋਂ ਪਹਿਲਾਂ ਕਾਨਫਰੰਸ ਦਾ ਉਦਘਾਟਨ ਪਾਰਟੀ ਦੇ ਜ਼ਿਲ੍ਹਾ ਸਕੱਤਰ ਡੀ ਪੀ ਮੌੜ ਨੇ ਕੀਤਾ, ਜਿਨ੍ਹਾ ਕਿਹਾ ਕਿ ਦੇਸ਼ ਦੇ ਹਾਲਾਤ ਇਸ ਵੇਲੇ ਬਹੁਤ ਖ਼ਤਰਨਾਕ ਮੋੜ ‘ਤੇ ਹਨ | ਸੱਤਾ ‘ਤੇ ਕਾਬਜ਼ ਆਰ ਐੱਸ ਐੱਸ ਦੀ ਥਾਪੜੀ ਮੋਦੀ ਸਰਕਾਰ ਲੋਕਾਂ ਦਾ ਧਿਆਨ ਵਧ ਰਹੀ ਮਹਿੰਗਾਈ, ਬੇਰੁਜ਼ਗਾਰੀ ਅਤੇ ਡਿੱਗ ਰਹੀ ਆਰਥਿਕਤਾ ਤੋਂ ਹਟਾਉਣ ਲਈ ਹਿੰਦੂ-ਮੁਸਲਿਮ ਫਿਰਕੂ ਗੱਲਾਂ ਕਰ ਰਹੀ ਹੈ ਅਤੇ ਮਸਜਿਦ-ਮੰਦਰ ਦੇ ਝਗੜਿਆਂ ਵਿੱਚ ਬੇਰੁਜ਼ਗਾਰ ਨੌਜਵਾਨਾਂ ਨੂੰ ਉਕਸਾ ਕੇ ਦੰਗੇ ਕਰਵਾ ਰਹੀ ਹੈ ਅਤੇ ਨਿੱਤ ਘੱਟ ਗਿਣਤੀਆਂ ਅਤੇ ਪੱਛੜੇ ਵਰਗਾਂ ਨੂੰ ਦਬਾਉਣ ਦੀਆਂ ਸਾਜ਼ਿਸ਼ਾਂ ਰਚ ਰਹੀ ਹੈ | ਥੋਕ ਮਹਿੰਗਾਈ ਅੰਕ ਪਿਛਲੇ ਤੇਰਾਂ ਮਹੀਨੇ ਤੋਂ ਦੋ ਅੰਕਾਂ ਵਿਚ ਹੈ ਤੇ ਹੁਣ ਇਹ 15.09 ਹੈ, ਜੋ ਕਿ ਪਿਛਲੇ ਪੱਚੀ ਸਾਲ ਵਿੱਚ ਸਭ ਤੋਂ ਜ਼ਿਆਦਾ ਹੈ | ਇਸੇ ਤਰ੍ਹਾਂ ਪਰਚੂਨ ਮਹਿੰਗਾਈ ਅੱਜ ਪਿਛਲੇ 8 ਸਾਲਾਂ ਵਿੱਚ ਸਭ ਤੋਂ ਉਤਲੇ ਪੱਧਰ ‘ਤੇ ਯਾਨਿ 7.79 ਫੀਸਦੀ ‘ਤੇ ਪੁੱਜ ਗਈ ਹੈ | ਇਸ ਨਾਲ ਜਿੱਥੇ ਛੋਟੇ ਕਾਰਖਾਨੇਦਾਰ, ਸਨਅਤਕਾਰ ਅਤੇ ਮੱਧਮ ਵਰਗ ‘ਤੇ ਤਾਂ ਮਾੜਾ ਅਸਰ ਪਵੇਗਾ ਹੀ, ਸਭ ਤੋਂ ਮਾੜਾ ਹਾਲ ਦੇਸ਼ ਦੇ ਅਸੰਗਠਿਤ ਖੇਤਰ ਵਿਚ ਕੰਮ ਕਰਦੇ ਕਾਮਿਆਂ ਦਾ ਹੋਵੇਗਾ, ਜਿਨ੍ਹਾਂ ਦੀ ਗਿਣਤੀ 94 ਫੀਸਦੀ ਹੈ, ਜਿਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਵਧ ਰਹੀ ਮਹਿੰਗਾਈ ਦਾ ਮੁਆਵਜ਼ਾ ਨਹੀਂ ਮਿਲਦਾ | ਕਾਰਪੋਰੇਟ ਘਰਾਣੇ ਆਪਣੇ ਮੁਨਾਫ਼ੇ ਵਿੱਚ ਕਮੀ ਕਰਨ ਦੀ ਥਾਂ ਮਹਿੰਗਾਈ ਦਾ ਇਹ ਭਾਰ ਖਰੀਦਦਾਰ ‘ਤੇ ਪਾ ਰਹੇ ਹਨ | ਉਨ੍ਹਾਂ ਕਿਹਾ ਕਿ ਭੱੁਖਮਰੀ ਦੇ ਸੂਚਕ ਅੰਕ ਵਿੱਚ ਸਾਡਾ ਦੇਸ਼ 117 ਵਿਚੋਂ 102ਵੇਂ ਨੰਬਰ ਤੇ ਹੈ ਅਤੇ ਇਹ ਬੰਗਲਾਦੇਸ਼, ਨੇਪਾਲ ਅਤੇ ਹੋਰ ਗੁਆਂਢੀ ਦੇਸ਼ ਪਾਕਿਸਤਾਨ ਨਾਲੋਂ ਵੀ ਹੇਠਾਂ ਹੈ | ਸਿਹਤ ਸੇਵਾਵਾਂ ‘ਤੇ ਖ਼ਰਚ ਕਰਨ ਕਰਕੇ ਲੋਕ ਗਰੀਬੀ ਰੇਖਾ ਤੋਂ ਥੱਲੇ ਆ ਰਹੇ ਹਨ | ਸਿੱਖਿਆ ਤੋਂ ਸਰਕਾਰ ਨੇ ਆਪਣਾ ਹੱਥ ਪਿੱਛੇ ਖਿੱਚ ਲਿਆ ਹੈ ਅਤੇ ਨਿੱਜੀ ਸੰਸਥਾਨਾਂ ਦੇ ਹਵਾਲੇ ਲੋਕਾਂ ਨੂੰ ਕੀਤਾ ਹੋਇਆ ਹੈ | ਜਨਤਕ ਖੇਤਰ ਦੇ ਮੁਨਾਫ਼ਾ ਕਮਾ ਰਹੇ ਅਦਾਰਿਆਂ ਨੂੰ ਕੌਡੀਆਂ ਦੇ ਭਾਅ ਵੇਚਿਆ ਜਾ ਰਿਹਾ ਹੈ | ਕੋਰੋਨਾ ਦੌਰਾਨ ਜਦੋਂ ਕਰੋੜਾਂ ਨੌਕਰੀਆਂ ਚਲੀਆਂ ਗਈਆਂ ਅਤੇ ਲੋਕਾਂ ਦੇ ਕਾਰੋਬਾਰ ਠੱਪ ਹੋ ਗਏ, ਲੋਕ ਬੇਕਾਰ ਹੋ ਗਏ, ਉਸ ਸਮੇਂ ਵੀ ਕਾਰਪੋਰੇਟ ਘਰਾਣਿਆਂ ਦਾ ਮੁਨਾਫ਼ਾ ਕਈ ਗੁਣਾ ਵਧਿਆ ਹੈ | ਉਨ੍ਹਾ ਕਿਹਾ ਕਿ ਆਜ਼ਾਦੀ ਦੇ ਅੰਦੋਲਨ ਵਿਚ ਜਿੱਥੇ ਦੇਸ਼ ਭਗਤਾਂ, ਗਦਰੀ ਬਾਬਿਆਂ, ਦੇਸ਼ ਭਗਤ ਲੋਕਾਂ ਅਤੇ ਕਮਿਊਨਿਸਟਾਂ ਨੇ ਅੰਗਰੇਜ਼ਾਂ ਖ਼ਿਲਾਫ਼ ਸੰਘਰਸ਼ ਕੀਤੇ, ਉਥੇ ਆਰ ਐੱਸ ਐੱਸ ਅਤੇ ਹਿੰਦੂ ਮਹਾਂ ਸਭਾ ਦੇ ਆਗੂ ਸਾਵਰਕਰ ਅੰਗਰੇਜ਼ਾਂ ਤੋਂ ਮਾਫ਼ੀਆਂ ਮੰਗਦੇ ਰਹੇ ਤੇ ਨਾਲ ਮਿਲ ਕੇ ਕੰਮ ਕਰਦੇ ਰਹੇ | ਦੇਸ਼ ਦੇ ਸੰਵਿਧਾਨ ਨੂੰ ਬਦਲ ਕੇ ਇਹ ਸਰਕਾਰ ਮੰਨੂ ਸਿਮਰਤੀ ਲਿਆਉਣਾ ਚਾਹੁੰਦੀ ਹੈ | ਉਹਨਾ ਕਿਹਾ ਕਿ ਦੇਸ਼ ਦੇ 94 ਫੀਸਦੀ ਅਸੰਗਠਿਤ ਮਜ਼ਦੂਰਾਂ ਵਿੱਚੋਂ 50 ਫੀਸਦੀ ਪੇਂਡੂ ਖੇਤਰਾਂ ਵਿੱਚ ਕੰਮ ਕਰਦੇ ਹਨ, ਜਿਨ੍ਹਾਂ ਦੀ ਆਮਦਨ ਪਿਛਲੇ 7 ਸਾਲਾਂ ਵਿੱਚ 22 ਫੀਸਦੀ ਵਧੀ ਹੈ, ਜਦਕਿ ਮਹਿੰਗਾਈ 50 ਫੀਸਦੀ ਵਧੀ ਹੈ | ਇਨ੍ਹਾਂ ਪਰਵਾਰਾਂ ਨੂੰ ਦੋ ਵਕਤ ਦਾ ਚੁੱਲ੍ਹਾ ਬਾਲਣਾ ਵੀ ਔਖਾ ਹੋਇਆ ਪਿਆ ਹੈ | ਪਾਰਟੀ ਦੇ ਕੌਮੀ ਕੌਂਸਲ ਮੈਂਬਰ ਡਾ: ਅਰੁਣ ਮਿੱਤਰਾ ਨੇ ਕਿਹਾ ਕਿ ਮਜ਼ਦੂਰਾਂ ਦੇ 44 ਕਾਨੂੰਨਾਂ ਨੂੰ ਤੋੜ ਕੇ ਸਰਕਾਰ ਚਾਰ ਲੇਬਰ ਕੋਡ ਲਿਆ ਰਹੀ ਹੈ, ਜਿਸ ਨਾਲ ਹਾਸ਼ੀਏ ‘ਤੇ ਆਏ ਮਜ਼ਦੂਰਾਂ ਦੀ ਹਾਲਤ ਹੋਰ ਵੀ ਪਤਲੀ ਹੋ ਜਾਵੇਗੀ ਅਤੇ ਜਿਉਣਾ ਵੀ ਔਖਾ ਹੋ ਜਾਵੇਗਾ | ਸਮਾਜਕ ਸੁਰੱਖਿਆ ਖਤਮ ਹੋ ਜਾਵੇਗੀ | ਕੁੱਲ ਹਿੰਦ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ ਚਮਕੌਰ ਸਿੰਘ ਨੇ ਵੀ ਸੰਬੋਧਨ ਕੀਤਾ | ਮੁਹੰਮਦ ਸਫੀਕ ਨੇ ਇਨਕਲਾਬੀ ਕਲਾਮ ਪੇਸ਼ ਕੀਤੇ | ਸੈਕਟਰੀ ਦੀ ਰਿਪੋਰਟ ‘ਤੇ ਬੋਲਦਿਆਂ ਜਿਨ੍ਹਾਂ ਸਾਥੀਆਂ ਨੇ ਹਿੱਸਾ ਲਿਆ, ਉਨ੍ਹਾਂ ਵਿੱਚ ਜੀਤ ਕੁਮਾਰੀ, ਵਿਜੇ ਕੁਮਾਰ, ਅਜੀਤ ਜਵੱਦੀ, ਗੁਰਵੰਤ ਸਿੰਘ, ਅਰਜੁਨ ਪ੍ਰਸਾਦ ਤੇ ਅਵਤਾਰ ਛਿੱਬੜ ਸ਼ਾਮਲ ਸਨ |

Related Articles

LEAVE A REPLY

Please enter your comment!
Please enter your name here

Latest Articles