ਹੁਲੁਨਬਿਊਰ (ਚੀਨ) : ਭਾਰਤ ਨੇ ਮੰਗਲਵਾਰ ਚੀਨ ਨੂੰ 1-0 ਨਾਲ ਹਰਾ ਕੇ ਪੰਜਵੀਂ ਏਸ਼ੀਅਨ ਚੈਂਪੀਅਨਜ਼ ਟਰਾਫੀ ਜਿੱਤ ਲਈ। ਮੁਕਾਬਲਾ ਏਨਾ ਸਖਤ ਸੀ ਕਿ ਚੀਨੀ ਕੰਧ ਨੂੰ ਜੁਗਰਾਜ ਸਿੰਘ ਨੇ ਬਦਲਵੇਂ ਖਿਡਾਰੀ ਵਜੋਂ ਆ ਕੇ ਸੰਨ੍ਹ ਲਾਈ। ਜੁਗਰਾਜ ਨੇ ਯਾਦਗਾਰੀ ਗੋਲ ਕੀਤਾ। ਉਸ ਤੋਂ ਪਹਿਲਾਂ ਚੀਨੀ ਗੋਲਕੀਪਰ ਵਾਂਗ ਵੀਹਾਓ ਨੇ ਕਿਸੇ ਦੀ ਪੇਸ਼ ਨਹੀਂ ਜਾਣ ਦਿੱਤੀ।
23ਵੇਂ ਰੈਂਕ ਵਾਲੀ ਚੀਨੀ ਟੀਮ ਨੇ ਟਾਪ ਦੀ ਏਸ਼ੀਆਈ ਭਾਰਤੀ ਟੀਮ ਦੇ ਪਸੀਨੇ ਛੁਡਾ ਦਿੱਤੇ। ਮੇਜ਼ਬਾਨ ਖਿਡਾਰੀਆਂ ਨੇ ਘਰੇਲੂ ਦਰਸ਼ਕਾਂ ਨੂੰ ਨਿਰਾਸ਼ ਨਹੀਂ ਕੀਤਾ ਅਤੇ ਪਹਿਲੇ ਤਿੰਨ ਕੁਆਰਟਰਾਂ ਵਿਚ ਭਾਰਤੀ ਖਿਡਾਰੀਆਂ ਦੇ ਅੱਗੇ ਕੰਧ ਬਣ ਕੇ ਖੜ੍ਹੇ। ਚੀਨੀਆਂ ਨੇ ਗੇਂਦ ’ਤੇ ਵੀ ਕਾਫੀ ਸਮਾਂ ਕਬਜ਼ਾ ਰੱਖਿਆ, ਪਰ ਭਾਰਤੀ ਰੱਖਿਆ ਪੰਕਤੀ ਨੂੰ ਪਾਰ ਨਹੀਂ ਕਰ ਸਕੇ।
ਚੀਨੀ ਖਿਡਾਰੀ ਸ਼ੁਰੂਆਤੀ ਮਿੰਟਾਂ ਵਿਚ ਕੁਝ ਕਮਜ਼ੋਰ ਨਜ਼ਰ ਆਏ, ਪਰ ਉਸ ਦਾ ਭਾਰਤੀ ਖਿਡਾਰੀ ਫਾਇਦਾ ਨਹੀਂ ਉਠਾ ਸਕੇ। ਘਰੇਲੂ ਦਰਸ਼ਕਾਂ ਨੇ ਵੀ ਕਪਤਾਨ ਹਰਮਨਪ੍ਰੀਤ ਸਿੰਘ ਐਂਡ ਕੰਪਨੀ ’ਤੇ ਕੁਝ ਦਬਾਅ ਬਣਾਇਆ। ਦਰਸ਼ਕ ਆਪਣੀ ਟੀਮ ਦੀ ਹੌਸਲਾ-ਅਫਜ਼ਾਈ ਲਈ ਕਾਫੀ ਗਿਣਤੀ ਵਿਚ ਉਮੜੇ ਸਨ। ਸਮਾਂ ਲੰਘਣ ਨਾਲ ਚੀਨੀ ਖਿਡਾਰੀ ਸ਼ੇਰ ਬਣਦੇ ਗਏ, ਪਰ ਗੋਲ ਨਹੀਂ ਕਰ ਸਕੇ। ਭਾਰਤ ਵੱਲੋਂ ਸੁਮੀਤ ਨੇ ਛੇਵੇਂ ਮਿੰਟ ਵਿਚ ਗੇਂਦ ਗੋਲਾਂ ਵਿਚ ਸੁੱਟੀ, ਪਰ ਗੋਲਕੀਪਰ ਨੇ ਗੋਲ ਨਹੀਂ ਹੋਣ ਦਿੱਤਾ। ਭਾਰਤ ਨੂੰ ਪਹਿਲਾ ਪੈਨਲਟੀ ਕਾਰਨਰ ਦਸਵੇਂ ਮਿੰਟ ਵਿਚ ਮਿਲਿਆ, ਪਰ ਹਰਮਨਪ੍ਰੀਤ ਦਾ ਸ਼ਾਟ ਰਖਿਅਕ ਦੇ ਪੈਰ ਵਿਚ ਲੱਗਾ। ਇਸ ਨਾਲ ਇਕ ਹੋਰ ਮਿਲੇ ਪੈਨਲਟੀ ਕਾਰਨਰ ਨੂੰ ਹਰਮਨਪ੍ਰੀਤ ਨੇ ਗੋਲਾਂ ਦੇ ਬਾਹਰ ਮਾਰ ਦਿੱਤਾ। ਚੌਦਵੇਂ ਮਿੰਟ ਵਿਚ ਭਾਰਤ ਨੂੰ ਇਕ ਹੋਰ ਮੌਕਾ ਮਿਲਿਆ, ਪਰ ਜਿਸ ਤਰ੍ਹਾਂ ਵੀਹਾਓ ਨੇ ਨਾਕਾਮ ਕੀਤਾ, ਉਸ ਨੂੰ ਦੇਖ ਕੇ ਸੁਖਜੀਤ ਵੀ ਹੈਰਾਨ ਰਹਿ ਗਿਆ। ਦੂਜੇ ਕੁਆਰਟਰ ਵਿਚ ਜਰਮਨਪ੍ਰੀਤ ਸਿੰਘ ਨੇ ਦੋ ਕੁ ਟਰਾਈਆਂ ਮਾਰੀਆਂ, ਪਰ ਚੀਨੀ ਰਖਿਅਕਾਂ ਨੇ ਨਾਕਾਮ ਕਰ ਦਿੱਤੀਆਂ। ਹਰਮਨਪ੍ਰੀਤ ਦੂਜੇ ਕੁਆਰਟਰ ਵਿਚ ਗੋਲ ਕਰ ਚੱਲਿਆ ਸੀ, ਪਰ ਗੇਂਦ ਬਾਹਰ ਚਲੇ ਗਈ।
13 ਵੇਂ ਮਿੰਟ ਵਿਚ ਮਨਪ੍ਰੀਤ ਨੇ ਵਧੀਆ ਡਿ੍ਰਬਲਿੰਗ ਕੀਤੀ, ਪਰ ਉਸ ਨੂੰ ਗੋਲਕੀਪਰ ਨੇ ਸੁੱਟ ਲਿਆ। ਇਸ ਨਾਲ ਭਾਰਤ ਨੂੰ ਪੈਨਲਟੀ ਸਟਰੋਕ ਮਿਲਿਆ, ਪਰ ਚੀਨੀ ਖਿਡਾਰੀਆਂ ਵੱਲੋਂ ਇਤਰਾਜ਼ ਕਰਨ ’ਤੇ ਬਾਹਰ ਬੈਠੇ ਰੈਫਰੀ ਨੇ ਉਸ ਨੂੰ ਰੱਦ ਕਰਕੇ ਫ੍ਰੀ ਕਿੱਕ ਵਿਚ ਬਦਲ ਦਿੱਤਾ। ਭਾਰਤੀ ਕੋਚ ਪੀਟਰ ਫੁਲਟਨ ਖਿਡਾਰੀਆਂ ਦੇ ਪ੍ਰਦਰਸ਼ਨ ਨੂੰ ਦੇਖ ਕੇ ਹੈਰਾਨ ਨਜ਼ਰ ਆਇਆ। ਭਾਰਤ ਨੂੰ ਮੈਚ ਖਤਮ ਹੋਣ ਤੋਂ 9 ਮਿੰਟ 34 ਸਕਿੰਟ ਪਹਿਲਾਂ ਸੁੱਖ ਦਾ ਸਾਹ ਆਇਆ, ਜਦੋਂ ਬਦਲਵੇਂ ਖਿਡਾਰੀ ਵਜੋਂ ਉਤਰੇ ਜੁਗਰਾਜ ਸਿੰਘ ਨੇ ਗੋਲ ਠੋਕਿਆ। ਗੋਲ ਬਣਾਉਣ ਵਿਚ ਹਰਮਨਪ੍ਰੀਤ ਨੇ ਰੋਲ ਨਿਭਾਇਆ।
ਪਾਕਿਸਤਾਨ ਨੇ ਦੱਖਣੀ ਕੋਰੀਆ ਨੂੰ 5-2 ਨਾਲ ਹਰਾ ਕੇ ਤੀਜੀ ਪੁਜ਼ੀਸ਼ਨ ਹਾਸਲ ਕੀਤੀ।