ਨਵੀਂ ਦਿੱਲੀ : ਵਿਸ਼ੇਸ਼ ਜੱਜ ਵਿਸ਼ਾਲ ਗੋਗਨ ਨੇ ਨੌਕਰੀ ਬਦਲੇ ਜ਼ਮੀਨ ਘਪਲੇ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਵਿਚ ਸਾਬਕਾ ਰੇਲ ਮੰਤਰੀ ਲਾਲੂ ਪ੍ਰਸਾਦ ਯਾਦਵ, ਉਨ੍ਹਾ ਦੇ ਪੁੱਤਰਾਂ ਤੇਜਸਵੀ ਯਾਦਵ ਤੇ ਤੇਜ ਪ੍ਰਤਾਪ ਯਾਦਵ ਅਤੇ ਹੋਰਨਾਂ ਨੂੰ 7 ਅਕਤੂਬਰ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਹਨ। ਉਨ੍ਹਾ ਇਹ ਹੁਕਮ ਈ ਡੀ ਵੱਲੋਂ ਦਾਖਲ ਸਪਲੀਮੈਂਟਰੀ ਚਾਰਜਸ਼ੀਟ ਉਤੇ ਗੌਰ ਕਰਦਿਆਂ ਸੁਣਾਏ।
ਮਨੀਪੁਰ ਦੇ ਪਿੰਡ ’ਤੇ ਗੋਲੀਬਾਰੀ
ਇੰਫਾਲ : ਕੁਝ ਦਿਨਾਂ ਦੀ ਸ਼ਾਂਤੀ ਤੋਂ ਬਾਅਦ ਮਨੀਪੁਰ ਦੇ ਜਿਰੀਬਾਮ ਦੇ ਮੋਂਗਬੁੰਗ ਮੇਤੇਈ ਪਿੰਡ ’ਚ ਸ਼ੱਕੀ ਖਾੜਕੂਆਂ ਨੇ ਮੰਗਲਵਾਰ ਅਧੁਨਿਕ ਹਥਿਆਰਾਂ ਨਾਲ ਗੋਲੀਬਾਰੀ ਕੀਤੀ। ਪਿੰਡ ਦੇ ਹਥਿਆਰਬੰਦ ਵਾਲੰਟੀਅਰਾਂ ਦੀ ਜਵਾਬੀ ਕਾਰਵਾਈ ਤੋਂ ਬਾਅਦ ਉਹ ਭੱਜ ਗਏ। ਅੱਧੇ ਘੰਟੇ ਦੀ ਗੋਲੀਬਾਰੀ ’ਚ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਇਸ ਦੌਰਾਨ ਸੰਯੁਕਤ ਸੁਰੱਖਿਆ ਬਲ ਇਲਾਕੇ ’ਚ ਪਹੁੰਚ ਕੇ ਖਾੜਕੂਆਂ ਦੀ ਭਾਲ ਕਰ ਰਹੇ ਹਨ।
ਬੱਚੀ ਨਾਲ ਜਬਰ-ਜ਼ਨਾਹ ਦੇ ਦੋਸ਼ ’ਚ ਟੀਚਰ ਗਿ੍ਰਫਤਾਰ
ਭੋਪਾਲ : ਇੱਥੋਂ ਦੀ ਪੁਲਸ ਨੇ 3 ਸਾਲ 7 ਮਹੀਨੇ ਦੀ ਵਿਦਿਆਰਥਣ ਨਾਲ ਕਥਿਤ ਤੌਰ ’ਤੇ ਜਬਰ-ਜ਼ਨਾਹ ਦੇ ਦੋਸ਼ ’ਚ ਪੋਕਸੋ ਐਕਟ ਤਹਿਤ ਪ੍ਰਾਈਵੇਟ ਸਕੂਲ ਦੇ 28 ਸਾਲਾ ਕੰਪਿਊਟਰ ਅਧਿਆਪਕ ਕਾਸਿਮ ਰੇਹਾਨ ਨੂੰ ਗਿ੍ਰਫਤਾਰ ਕੀਤਾ ਹੈ। ਡਿਪਟੀ ਕਮਿਸ਼ਨਰ ਪੁਲਸ ਪਿ੍ਰਅੰਕਾ ਸ਼ੁਕਲਾ ਨੇ ਦੱਸਿਆ ਕਿ ਬੱਚੀ ਦੀ ਮਾਂ ਨੇ ਧੀ ਦੇ ਗੁਪਤ ਅੰਗ ’ਚ ਜ਼ਖਮ ਦੇਖ ਕੇ ਸਕੂਲ ਪ੍ਰਬੰਧਨ ਕੋਲ ਸ਼ਿਕਾਇਤ ਕੀਤੀ, ਪਰ ਉਸ ਨੇ ਪਰਵਾਹ ਨਹੀਂ ਕੀਤੀ। ਫਿਰ ਉਸ ਨੇ ਸੋਮਵਾਰ ਪੁਲਸ ਕੋਲ ਪਹੁੰਚ ਕੀਤੀ।
10 ਕਿੱਲੋ ਹੈਰੋਇਨ ਤੇ ਡਰੋਨ ਬਰਾਮਦ, ਇੱਕ ਗਿ੍ਰਫਤਾਰ
ਅੰਮਿ੍ਰਤਸਰ : ਪੰਜਾਬ ਪੁਲਸ ਨੇ 10 ਕਿੱਲੋਗ੍ਰਾਮ ਬਰਾਮਦ ਕਰਕੇ ਲੋਪੋਕੇ ਸਬ-ਡਵੀਜ਼ਨ ਤੋਂ ਇੱਕ ਵਿਅਕਤੀ ਨੂੰ ਗਿ੍ਰਫਤਾਰ ਕੀਤਾ ਤੇ ਇੱਕ ਡਰੋਨ ਕਬਜ਼ੇ ਵਿਚ ਲਿਆ ਹੈ। ਲੋਪੋਕੇ ਪੁਲਸ ਨੇ ਪਿੰਡ ਡੱਲਾ ਦੇ ਜਗਰੂਪ ਸਿੰਘ ਨੂੰ 5 ਕਿੱਲੋ ਹੈਰੋਇਨ, ਦੋ ਮੋਬਾਇਲ ਫੋਨਾਂ ਅਤੇ ਮੋਟਰਸਾਈਕਲ ਸਮੇਤ ਪਿੰਡ ਵਣੀਏਕੇ ਤੋਂ ਗਿ੍ਰਫਤਾਰ ਕੀਤਾ। ਅੰਮਿ੍ਰਤਸਰ ਦਿਹਾਤੀ ਪੁਲਸ ਦੇ ਐੱਸ ਅੱੈਸ ਪੀ ਚਰਨਜੀਤ ਸਿੰਘ ਨੇ ਦੱਸਿਆ ਕਿ ਮੁਖਬਰ ਤੋਂ ਸੂਚਨਾ ਮਿਲੀ ਸੀ ਕਿ ਜਗਰੂਪ ਨਸ਼ੀਲਾ ਪਦਾਰਥ ਦੇਣ ਲਈ ਪਿੰਡ ਕਮਾਸਕੇ ਤੋਂ ਪਿੰਡ ਵਣੀਏਕੇ ਜਾ ਰਿਹਾ ਸੀ। ਮੰਝ ਪਿੰਡ ’ਚ ਝੋਨੇ ਦੇ ਖੇਤ ’ਚ ਵੱਡਾ ਡਰੋਨ ਡਿੱਗਣ ਦੀ ਸੂਚਨਾ ਮਿਲੀ ਹੈ। ਤਲਾਸ਼ੀ ਲੈਣ ’ਤੇ 5 ਕਿੱਲੋ ਨਸ਼ੀਲੇ ਪਦਾਰਥ ਦੇ ਨਾਲ ਹੈਕਸਾਕਾਪਟਰ ਬਰਾਮਦ ਹੋਇਆ।