ਪਟਿਆਲਾ : ਪੀ ਆਰ ਟੀ ਸੀ ਵਿਚ ਕੰਮ ਕਰਦੀਆਂ 6 ਜਥੇਬੰਦੀਆਂ ਦੀ ਸਾਂਝੀ ਐਕਸ਼ਨ ਕਮੇਟੀ ਵੱਲੋਂ ਪਟਿਆਲਾ ਬੱਸ ਸਟੈਂਡ ਵਿਖੇ 10 ਅਗਸਤ ਨੂੰ ਵਿਸ਼ਾਲ ਰੋਸ ਧਰਨਾ ਦਿੱਤਾ ਜਾ ਰਿਹਾ ਹੈ ਅਤੇ ਧਰਨੇ ਉਪਰੰਤ ਰੋਸ ਮਾਰਚ ਵੀ ਕੀਤਾ ਜਾਵੇਗਾ | ਇਹ ਧਰਨਾ ਅਤੇ ਰੋਸ ਮਾਰਚ ਪੰਜਾਬ ਸਰਕਾਰ ਦੀ ਪੀ ਆਰ ਟੀ ਸੀ ਦੇ ਵਰਕਰਾਂ ਨੂੰ ਭੁੱਖੇ ਮਰਨ ਲਈ ਮਜਬੂਰ ਕਰਨ ਵਾਲੀਆਂ ਨੀਤੀਆਂ ਦੇ ਵਿਰੁੱਧ ਅਤੇ ਪੀ ਆਰ ਟੀ ਸੀ ਮੈਨੇਜਮੈਂਟ ਵੱਲੋਂ ਵਰਕਰਾਂ ਦੀਆਂ ਮੰਗਾਂ ਦੀ ਅਣਦੇਖੀ ਕਰਨ ਦੇ ਵਿਰੁੱਧ ਦਿੱਤਾ ਜਾ ਰਿਹਾ ਹੈ |
ਐਕਸ਼ਨ ਕਮੇਟੀ ਦੇ ਕਨਵੀਨਰ ਨਿਰਮਲ ਸਿੰਘ ਧਾਲੀਵਾਲ ਅਤੇ ਮੈਬਰਾਂ ਬਲਦੇਵ ਰਾਜ ਬੱਤਾ, ਹਰਪ੍ਰੀਤ ਸਿੰਘ ਖਟੜਾ, ਗੁਰਬਖਸ਼ਾ ਰਾਮ, ਤਰਸੇਮ ਸਿੰਘ ਅਤੇ ਮਹੁੰਮਦ ਖਲੀਲ ਵੱਲੋਂ ਐਕਸ਼ਨ ਪ੍ਰੋਗਰਾਮ ਅਤੇ ਮੰਗਾਂ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਮੁਫਤ ਅਤੇ ਰਿਆਇਤੀ ਸਫਰ ਸਹੂਲਤਾਂ ਬਦਲੇ ਬਣਦੇ 200 ਕਰੋੜ ਰੁਪਏ ਤੋਂ ਵੱਧ ਦੀ ਰਕਮ ਪੀ ਆਰ ਟੀ ਸੀ ਨੂੰ ਨਹੀਂ ਦੇ ਰਹੀ, ਜਿਸ ਕਰਕੇ ਕਰਮਚਾਰੀਆਂ ਦੀਆਂ ਤਨਖਾਹਾਂ ਅਤੇ ਪੈਨਸ਼ਨਾਂ ਦੀ ਅਦਾਇਗੀ ਪਿਛਲੇ ਚਾਰ ਮਹੀਨਿਆਂ ਤੋਂ ਹਰ ਵਾਰ ਲੇਟ ਹੋ ਰਹੀ ਹੈ, ਜੋ ਕਿ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਕੀਤੀ ਜਾਣੀ ਬਣਦੀ ਹੈ | ਇਸ ਤੋਂ ਇਲਾਵਾ ਕਰਮਚਾਰੀਆਂ ਦੇ ਸੇਵਾ-ਮੁਕਤੀ ਬਕਾਏ, ਓਵਰਟਾਈਮ ਅਤੇ ਹੋਰ ਏਰੀਅਰਜ਼, ਮੈਡੀਕਲ ਬਿੱਲ ਅਤੇ ਡੀ ਏ ਦੀਆਂ ਕਿਸ਼ਤਾਂ ਆਦਿ ਦੇ ਬਕਾਇਆਂ ਦਾ ਭੁਗਤਾਨ ਨਹੀਂ ਕੀਤਾ ਜਾ ਰਿਹਾ, ਵਰਕਰਾਂ ਵਿੱਚ ਪੰਜਾਬ ਸਰਕਾਰ ਵਿਰੁੱਧ ਕਾਫੀ ਗੁੱਸਾ ਅਤੇ ਨਰਾਜ਼ਗੀ ਵਧ ਰਹੀ ਹੈ, ਕਿਉਂਕਿ ਆਪ ਸਰਕਾਰ ਵੱਲੋਂ ਜਿਹੜੇ ਵੱਡੇ-ਵੱਡੇ ਦਾਅਵੇ ਰਾਜ-ਭਾਗ ਹਥਿਆਉਣ ਲਈ ਕੀਤੇ ਸਨ, ਉਹ ਸਭ ਹਵਾ ਹੋ ਗਏ ਹਨ | ਸਰਕਾਰ ਝੂਠੇ ਲਾਰਿਆਂ ਨਾਲ ਡੰਗ-ਟਪਾਈ ਕਰ ਰਹੀ ਹੈ, ਇਹ ਸਰਕਾਰ ਨਿੱਜੀਕਰਨ ਦੀਆਂ ਨੀਤੀਆਂ ‘ਤੇ ਚਲਦੀ ਹੋਈ ਕਿਲੋਮੀਟਰ ਸਕੀਮ ਅਧੀਨ ਪ੍ਰਾਈਵੇਟ ਬੱਸਾਂ ਪੁਆ ਰਹੀ ਹੈ, ਕੰਟਰੈਕਟ ਅਤੇ ਆਊਟਸੋਰਸ ਵਰਕਰਾਂ ਨੂੰ ਰੈਗੂਲਰ ਨਹੀਂ ਕਰਨਾ ਚਾਹੁੰਦੀ, ਪੈਨਸ਼ਨ ਤੋਂ ਵਾਂਝੇ ਰਹਿੰਦੇ ਵਰਕਰਾਂ ਨੂੰ ਪੈਨਸ਼ਨ ਸਕੀਮ 1992 ਵਿੱਚ ਨਹੀਂ ਲਿਆ ਜਾ ਰਿਹਾ, ਓਵਰ ਟਾਈਮ ਪੂਰਾ ਨਾ ਦੇਣਾ, ਅਦਾਲਤੀ ਫੈਸਲੇ ਲਾਗੂ ਨਾ ਕਰਨਾ ਅਜਿਹੇ ਹੋਰ ਅਨੇਕਾਂ ਮਸਲੇ ਹਨ, ਜੋ ਸਰਕਾਰ ਹੱਲ ਨਹੀਂ ਕਰ ਰਹੀ |
ਐਕਸ਼ਨ ਕਮੇਟੀ ਵੱਲੋਂ ਵਰਕਰਾਂ ਨੂੰ ਧਰਨੇ ਵਿੱਚ ਹੁੰਮ-ਹੁਮਾ ਕੇ ਪੁੱਜਣ ਦੀ ਅਪੀਲ ਕੀਤੀ ਗਈ | ਇਹ ਵੀ ਸੂਚਿਤ ਕੀਤਾ ਗਿਆ ਕਿ ਰੱਖੜੀ ਦੇ ਤਿਊਹਾਰ ਕਾਰਨ ਅਗਲਾ ਪ੍ਰੋਗਰਾਮ 15 ਤਰੀਕ ਤੋਂ ਬਾਅਦ ਦਿੱਤਾ ਜਾਵੇਗਾ |