26.6 C
Jalandhar
Friday, March 29, 2024
spot_img

ਕਿਤੇ ਡੋਬਾ, ਕਿਤੇ ਸੋਕਾ

‘ਕਿਤੇ ਡੋਬਾ, ਕਿਤੇ ਸੋਕਾ’ ਵਾਲੀ ਸਥਿਤੀ ਦਰਮਿਆਨ ਭਾਰਤੀ ਮੌਸਮ ਵਿਗਿਆਨ ਵਿਭਾਗ ਦੇ ਡਾਇਰੈਕਟਰ ਜਨਰਲ ਮਿ੍ਤਯੂੰਜਯ ਮਹਾਪਾਤਰਾ ਨੇ ਕਿਹਾ ਹੈ ਕਿ ਜਲਵਾਯੂ ਪਰਿਵਰਤਨ ਕਾਰਨ ਮੌਸਮ ਨੂੰ ਲੈ ਕੇ ਗੰਭੀਰ ਘਟਨਾਵਾਂ ਦੀ ਸਟੀਕ ਭਵਿੱਖਬਾਣੀ ਕਰਨ ਦੀ ਪੂਰਵ-ਅਨੁਮਾਨ ਲਾਉਣ ਵਾਲੀਆਂ ਏਜੰਸੀਆਂ ਦੀ ਸਮਰੱਥਾ ਪ੍ਰਭਾਵਤ ਹੋਈ ਹੈ | ਇਸ ਕਰਕੇ ਦੁਨੀਆ-ਭਰ ਦੀਆਂ ਮੌਸਮ ਏਜੰਸੀਆਂ ਆਪਣੇ ਨਿਗਰਾਨੀ ਨੈੱਟਵਰਕ ਤੇ ਮੌਸਮ ਪੂਰਵ-ਅਨੁਮਾਨ ਮਾਡਲ ਵਿਚ ਸੁਧਾਰ ਲਿਆਉਣ ‘ਤੇ ਧਿਆਨ ਕੇਂਦਰਤ ਕਰ ਰਹੀਆਂ ਹਨ | ਮਹਾਪਾਤਰਾ ਮੁਤਾਬਕ ਦੇਸ਼ ਵਿਚ ਮੌਨਸੂਨੀ ਵਰਖਾ ਦਾ ਕੋਈ ਸਪੱਸ਼ਟ ਰੁਝਾਨ ਦੇਖਣ ਨੂੰ ਨਹੀਂ ਮਿਲਿਅ, ਪਰ ਜਲਵਾਯੂ ਪਰਿਵਰਤਨ ਕਾਰਨ ਭਾਰੀ ਵਰਖਾ ਦੇ ਮਾਮਲੇ ਵਧੇ ਹਨ, ਜਦਕਿ ਹਲਕੀ ਵਰਖਾ ਦੇ ਮਾਮਲਿਆਂ ਵਿਚ ਕਮੀ ਆਈ ਹੈ | ਭਾਰਤ ਕੋਲ ਮੌਨਸੂਨੀ ਵਰਖਾ ਦੇ 1901 ਤੋਂ ਲੈ ਕੇ ਹੁਣ ਤੱਕ ਦੇ ਅੰਕੜੇ ਮੌਜੂਦ ਹਨ | ਇਸ ਮੁਤਾਬਕ ਉੱਤਰ-ਪੂਰਬ ਭਾਰਤ ਦੇ ਕੁਝ ਹਿੱਸਿਆਂ ਵਿਚ ਵਰਖਾ ਵਿਚ ਕਮੀ, ਜਦਕਿ ਪੱਛਮ ਦੇ ਕੁਝ ਇਲਾਕਿਆਂ, ਮਸਲਨ ਰਾਜਸਥਾਨ ਵਿਚ ਵਰਖਾ ‘ਚ ਵਾਧੇ ਦੀ ਗੱਲ ਸਾਹਮਣੇ ਆਉਂਦੀ ਹੈ | ਮੌਨਸੂਨ ਅਨਿਯਮਤ ਚੱਲ ਰਹੀ ਹੈ ਤੇ ਇਸ ਵਿਚ ਵਿਆਪਕ ਉਤਾਰ-ਚੜ੍ਹਾਅ ਦੇਖਣ ਨੂੰ ਮਿਲ ਰਹੇ ਹਨ | ਕੇਂਦਰ ਸਰਕਾਰ ਨੇ ਖੁਦ 27 ਜੁਲਾਈ ਨੂੰ ਸੰਸਦ ਨੂੰ ਦੱਸਿਆ ਕਿ ਯੂ ਪੀ, ਬਿਹਾਰ, ਪੱਛਮੀ ਬੰਗਾਲ, ਮੇਘਾਲਿਆ ਤੇ ਨਾਗਾਲੈਂਡ ਵਿਚ ਬੀਤੇ 30 ਸਾਲਾਂ ਵਿਚ ਦੱਖਣ-ਪੱਛਮੀ ਮੌਨਸੂਨ ਨਾਲ ਹੋਣ ਵਾਲੀ ਵਰਖਾ ਵਿਚ ਕਾਫੀ ਕਮੀ ਦੇਖੀ ਗਈ ਹੈ | ਇਨ੍ਹਾਂ ਪੰਜ ਰਾਜਾਂ ਤੋਂ ਇਲਾਵਾ ਅਰੁਣਾਚਲ ਤੇ ਹਿਮਾਚਲ ਵਿਚ ਸਾਲਾਨਾ ਔਸਤ ਵਰਖਾ ਵਿਚ ਵੀ ਚੋਖੀ ਕਮੀ ਦਰਜ ਕੀਤੀ ਗਈ ਹੈ | ਮਹਾਪਾਤਰਾ ਨੇ ਇਹ ਅਹਿਮ ਤੱਥ ਸਾਹਮਣੇ ਲਿਆਂਦਾ ਹੈ ਕਿ 1970 ਤੋਂ ਲੈ ਕੇ ਹੁਣ ਤੱਕ ਦੇ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਪਤਾ ਚੱਲਦਾ ਹੈ ਕਿ ਦੇਸ਼ ‘ਚ ਭਾਰੀ ਵਰਖਾ ਦੇ ਦਿਨਾਂ ਵਿਚ ਵਾਧਾ ਹੋਇਆ ਹੈ, ਜਦਕਿ ਹਲਕੀ ਜਾਂ ਦਰਮਿਆਨੀ ਵਰਖਾ ਦੇ ਦਿਨਾਂ ਵਿਚ ਕਮੀ ਆਈ ਹੈ | ਇਸ ਦਾ ਮਤਲਬ ਹੈ ਕਿ ਜੇ ਵਰਖਾ ਨਹੀਂ ਹੋ ਰਹੀ ਤਾਂ ਇਕਦਮ ਨਹੀਂ ਹੋ ਰਹੀ ਅਤੇ ਜੇ ਹੋ ਰਹੀ ਹੈ ਤਾਂ ਬਹੁਤ ਜ਼ਿਆਦਾ ਹੋ ਰਹੀ ਹੈ | ਘੱਟ ਦਬਾਅ ਦਾ ਖੇਤਰ ਬਣਨ ਨਾਲ ਵਰਖਾ ਬਹੁਤ ਤੇਜ਼ ਹੁੰਦੀ ਹੈ | ਇਹ ਭਾਰਤ ਸਣੇ ਊਸ਼ਣ ਕਟੀਬੰਧ ਪੱਟੀ ਵਿਚ ਦੇਖੇ ਜਾਣ ਵਾਲੇ ਸਭ ਤੋਂ ਅਹਿਮ ਰੁਝਾਨਾਂ ਵਿਚੋਂ ਇਕ ਹੈ | ਅਧਿਅਨਾਂ ਤੋਂ ਪਤਾ ਲੱਗਦਾ ਹੈ ਕਿ ਭਾਰੀ ਵਰਖਾ ਦੇ ਮਾਮਲਿਆਂ ਵਿਚ ਵਾਧਾ ਤੇ ਹਲਕੀ ਵਰਖਾ ਦੇ ਦਿਨਾਂ ਵਿਚ ਕਮੀ ਜਲਵਾਯੂ ਪਰਿਵਰਤਨ ਦਾ ਨਤੀਜਾ ਹੈ |
ਪੰਜਾਬ ਵਿਚ ਮੌਨਸੂਨ ਸੀਜ਼ਨ ‘ਚ ਦੇਖਿਆ ਗਿਆ ਹੈ ਕਿ ਪਠਾਨਕੋਟ, ਜ਼ੀਰਕਪੁਰ, ਮੁਹਾਲੀ ਦੇ ਨਾਲ-ਨਾਲ ਰਾਜਧਾਨੀ ਚੰਡੀਗੜ੍ਹ ਆਦਿ ਵਿਚ ਕਾਫੀ ਮੀਂਹ ਪਿਆ ਹੈ, ਜਦਕਿ ਜਲੰਧਰ ਵਿਚ ਕਿਤੇ ਘੱਟ ਪਿਆ ਹੈ | ਹਾਲ ਤਾਂ ਇਹ ਹੈ ਕਿ ਜਲੰਧਰ ਛਾਉਣੀ ‘ਚ ਮੀਂਹ ਪੈ ਜਾਂਦਾ ਹੈ, ਪਰ ਜਲੰਧਰ ਸ਼ਹਿਰ ਵਿਚ ਨਹੀਂ | ਅਜਿਹੀ ਹਾਲਤ ਵਿਚ ਵਰਖਾ ਦੇ ਪਾਣੀ ਨੂੰ ਸਹੇਜਣ ਵਾਲੇ ਛੱਪੜਾਂ ਦੀ ਹਾਲਤ ਸੁਧਾਰ ਕੇ ਤੇ ਵੱਡੀਆਂ ਇਮਾਰਤਾਂ ਦੀਆਂ ਛੱਤਾਂ ‘ਤੇ ਵਰਖਾ ਦਾ ਪਾਣੀ ਸਟੋਰ ਕਰਨਾ ਲਾਜ਼ਮੀ ਬਣਾ ਕੇ ਹੀ ਬਚਿਆ ਜਾ ਸਕਦਾ ਹੈ | ਹਿਮਾਚਲ ਵਿਚ ਵਰਖਾ ‘ਚ ਕਮੀ ਪੰਜਾਬ ਵਰਗੇ ਰਾਜ ਦੀ ਖੇਤੀਬਾੜੀ ‘ਤੇ ਬਹੁਤ ਮਾੜਾ ਅਸਰ ਪਾਏਗੀ | ਫਸਲ ਦੀ ਉਪਜ ਘਟੀ ਤਾਂ ਹੋਰ ਕਈ ਸਮੱਸਿਆਵਾਂ ਨਾਲ ਦੋ-ਚਾਰ ਹੋਣਾ ਪੈਣਾ | ਤੇਜ਼ ਵਰਖਾ ਦਾ ਪਾਣੀ ਰੁੜ੍ਹਦਾ ਰਿਹਾ ਤਾਂ ਜੀਣਾ ਹੋਰ ਮੁਹਾਲ ਹੋ ਜਾਣਾ |

Related Articles

LEAVE A REPLY

Please enter your comment!
Please enter your name here

Latest Articles