ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਸ੍ਰੀਨਗਰ ’ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਨੈਸ਼ਨਲ ਕਾਨਫਰੰਸ, ਪੀ ਡੀ ਪੀ ਤੇ ਕਾਂਗਰਸ ’ਤੇ ਵੰਸ਼ਵਾਦੀ ਸਿਆਸਤ ਕਰਕੇ ਜੰਮੂ-ਕਸ਼ਮੀਰ ਦਾ ਬੇੜਾ ਗਰਕ ਕਰਨ ਦਾ ਦੋਸ਼ ਲਾਇਆ। ਪਿਛਲੇ ਦਿਨੀਂ ਡੋਡਾ ਜ਼ਿਲ੍ਹੇ ਵਿਚ ਕੀਤੀ ਰੈਲੀ ਵਿਚ ਦੋਸ਼ ਲਾਇਆ ਕਿ ਇਨ੍ਹਾਂ ਤਿੰਨਾਂ ਪਾਰਟੀਆਂ ਨੇ ਜੋ ਕੀਤਾ, ਉਹ ਪਾਪ ਤੋਂ ਘੱਟ ਨਹੀਂ। ਦੋਨੋਂ ਵਾਰ ਉਹ ਭੁੱਲ ਗਏ ਕਿ ਇਨ੍ਹਾਂ ਤਿੰਨ ਖਾਨਦਾਨਾਂ ਵਿੱਚੋਂ ਨਹਿਰੂ-ਗਾਂਧੀ ਖਾਨਦਾਨ, ਯਾਨਿ ਕਾਂਗਰਸ ਨੂੰ ਛੱਡ ਕੇ ਬਾਕੀ ਦੋਵਾਂ ਖਾਨਦਾਨਾਂ, ਯਾਨਿ ਅਬਦੁੱਲਾ ਤੇ ਮੁਫਤੀ ਦੇ ਪਾਪਾਂ ਵਿਚ ਤਾਂ ਭਾਜਪਾ ਵੀ ਭਾਈਵਾਲ ਰਹੀ ਹੈ। ਮੋਦੀ ਦੀ ਅਗਵਾਈ ਵਾਲੀ ਭਾਜਪਾ ਨੇ ਪੀ ਡੀ ਪੀ ਨਾਲ ਤਿੰਨ ਸਾਲ ਤੋਂ ਵੱਧ ਸਮੇਂ ਤੱਕ ਸੂਬੇ ਵਿਚ ਸਰਕਾਰ ਚਲਾਈ। ਮੋਦੀ ਤੋਂ ਪਹਿਲਾਂ ਅਟਲ ਬਿਹਾਰੀ ਵਾਜਪਾਈ ਤੇ ਐੱਲ ਕੇ ਅਡਵਾਨੀ ਦੀ ਅਗਵਾਈ ਵਾਲੀ ਭਾਜਪਾ ਨੇ ਜੰਮੂ-ਕਸ਼ਮੀਰ ਵਿਚ ਫਾਰੂਕ ਅਬਦੁੱਲਾ ਨੂੰ ਮੁੱਖ ਮੰਤਰੀ ਬਣਾਇਆ ਤੇ ਉਨ੍ਹਾ ਦੇ ਬੇਟੇ ਉਮਰ ਅਬਦੁੱਲਾ ਨੂੰ ਕੇਂਦਰ ਵਿਚ ਮੰਤਰੀ ਬਣਾਇਆ। ਸਾਫ ਹੈ ਕਿ ਮੋਦੀ ਜਿਹੜੇ ਪਾਪ ਦੀ ਗੱਲ ਕਰ ਰਹੇ ਹਨ, ਉਸ ਵਿਚ ਭਾਜਪਾ ਸ਼ਾਮਲ ਰਹੀ ਹੈ।
ਇਸੇ ਤਰ੍ਹਾਂ ਹਰਿਆਣਾ ਵਿਚ 10 ਸਾਲ ਤੋਂ ਭਾਜਪਾ ਦੀ ਸਰਕਾਰ ਹੈ। ਕੁਰੂਕਸ਼ੇਤਰ ਵਿਚ ਚੋਣ ਰੈਲੀ ’ਚ ਮੋਦੀ ਨੇ ਦਾਅਵਾ ਕੀਤਾ ਕਿ ਭਾਜਪਾ ਦੀ ਡਬਲ ਇੰਜਣ ਦੀ ਸਰਕਾਰ ਨੇ ਹਰਿਆਣਾ ਵਿਚ ਵਿਕਾਸ ਦੇ ਨਵੇਂ ਰਿਕਾਰਡ ਬਣਾਏ ਹਨ। ਸੂਬੇ ਦੀ ਹਕੀਕਤ ਕੀ ਹੈ? ਵਿਕਾਸ ਦੇ ਪੈਮਾਨੇ ਵਿਚ ਅੱਜ ਹਰਿਆਣਾ ਦੇਸ਼ ਦੇ ਸਭ ਤੋਂ ਪੱਛੜੇ ਸੂਬਿਆਂ ਵਿਚ ਸ਼ੁਮਾਰ ਹੈ। ਕੇਂਦਰ ਸਰਕਾਰ ਦੇ ਆਪਣੇ ਅੰਕੜਿਆਂ ਮੁਤਾਬਕ ਬੇਰੁਜ਼ਗਾਰੀ, ਅਪਰਾਧ ਤੇ ਦਲਿਤਾਂ ’ਤੇ ਅੱਤਿਆਚਾਰ ਦੇ ਮਾਮਲੇ ਸਿਖਰ ’ਤੇ ਹਨ। ਹਰਿਆਣਾ ਦੀ ਬਦਹਾਲੀ ਦੀ ਹਕੀਕਤ ਰੈਲੀ ਵਾਲੇ ਦਿਨ ਹੀ ਸਾਹਮਣੇ ਆ ਗਈ ਸੀ, ਜਦੋਂ ਇਕ ਬਹੁਕੌਮੀ ਬੈਂਕ ਦੇ ਦੋ ਅਧਿਕਾਰੀਆਂ ਦੀ ਕਾਰ ਫਰੀਦਾਬਾਦ ਦੇ ਅੰਡਰਪਾਸ ਵਿਚ ਭਰੇ ਪਾਣੀ ਵਿਚ ਡੁੱਬ ਗਈ ਤੇ ਦੋਵੇਂ ਅਧਿਕਾਰੀ ਮਾਰੇ ਗਏ। ਹਰਿਆਣਾ ਵਿਚ ਭਾਜਪਾ ਦਾ ਕਾਂਗਰਸ ਨਾਲ ਮੁੱਖ ਮੁਕਾਬਲਾ ਹੈ। ਮੋਦੀ ਕਾਂਗਰਸ ’ਤੇ ਹਮਲਾ ਕਰਨ ਦਾ ਕੋਈ ਮੌਕਾ ਨਹੀਂ ਗੁਆਉਦੇ। ਕੁਰੁਕਸ਼ੇਤਰ ਦੀ ਰੈਲੀ ਵਿਚ ਉਨ੍ਹਾ ਕਰਨਾਟਕ, ਜਿੱਥੇ ਕਾਂਗਰਸ ਦੀ ਸਰਕਾਰ ਹੈ, ਦੀ ਮਾਂਡਿਆ ਵਿਚ ਗਣਪਤੀ ਵਿਸਰਜਨ ਦੌਰਾਨ ਦੋ ਫਿਰਕਿਆਂ ਵਿਚਾਲੇ ਝਗੜੇ ਨੂੰ ਵੀ ਹਰਿਆਣਾ ਚੋਣਾਂ ’ਚ ਮੁੱਦੇ ਵਜੋਂ ਉਭਾਰਿਆ। ਇਸ ਘਟਨਾ ਦੇ ਵਿਰੋਧ ਵਿਚ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਲੋਕ ਗਣਪਤੀ ਦੀ ਮੂਰਤੀ ਚੁੱਕ ਟਾਊਨ ਹਾਲ ਲਿਆ ਕੇ ਪ੍ਰਦਰਸ਼ਨ ਕਰਨ ਲੱਗੇ, ਜਿੱਥੇ ਪ੍ਰਦਰਸ਼ਨ ਦੀ ਆਗਿਆ ਨਹੀਂ ਸੀ। ਪੁਲਸ ਨੇ ਮੂਰਤੀ ਜ਼ਬਤ ਕਰਕੇ ਵੈਨ ਵਿਚ ਰੱਖ ਦਿੱਤੀ, ਤਾਂ ਜੋ ਨੁਕਸਾਨੀ ਨਾ ਜਾਵੇ। ਇਸ ਨੂੰ ਲੈ ਕੇ ਪ੍ਰਧਾਨ ਮੰਤਰੀ ਨੇ ਫਿਰਕੂ ਕਾਰਡ ਖੇਡਦਿਆਂ ਕਿਹਾ ਕਿ ਕਾਂਗਰਸ ਹਿੰਦੂ ਵਿਰੋਧੀ ਹੈ। ਉਨ੍ਹਾ ਘਟਨਾ ਨੂੰ ਇੰਜ ਪੇਸ਼ ਕੀਤਾ ਕਿ ਕਾਂਗਰਸ ਲੋਕਾਂ ਨੂੰ ਗਣਪਤੀ ਪੂਜਾ ਨਹੀਂ ਕਰਨ ਦੇ ਰਹੀ ਤੇ ਗਣਪਤੀ ਨੂੰ ਗਿ੍ਰਫਤਾਰ ਕਰਕੇ ਸਲਾਖਾਂ ਵਿਚ ਡੱਕ ਰਹੀ ਹੈ।
ਲਗਾਤਾਰ ਤੀਜੀ ਵਾਰ ਪ੍ਰਧਾਨ ਮੰਤਰੀ ਦੀ ਕੁਰਸੀ ’ਤੇ ਬੈਠੇ ਵਿਅਕਤੀ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ ਬੇਰੁਜ਼ਗਾਰੀ ਤੇ ਮਹਿੰਗਾਈ ਨੂੰ ਠੱਲ੍ਹ ਪਾਉਣ ਲਈ ਕੀਤੇ ਗਏ ਜਤਨਾਂ ਬਾਰੇ ਦੱਸੇ, ਪਰ ਹਤਾਸ਼ਾ ਦਾ ਆਲਮ ਇਹ ਹੈ ਕਿ ਉਹ ਵਿਰੋਧੀਆਂ ਨੂੰ ਭੰਡਣ ਦਾ ਹੀ ਕੰਮ ਕਰ ਰਿਹਾ ਹੈ। ਲੋਕ ਸਭਾ ਚੋਣਾਂ ਵਿਚ ਚਾਰ ਸੌ ਪਾਰ ਦਾ ਨਾਅਰਾ ਦੇਣ ਵਾਲਾ ਨੇਤਾ 240 ’ਤੇ ਅਟਕ ਜਾਣ ਕਾਰਨ ਅੰਦਰੋਂ ਹਿੱਲਿਆ ਹੋਇਆ ਨਜ਼ਰ ਆ ਰਿਹਾ ਹੈ।