ਸ਼ਾਹਕੋਟ (ਗਿਆਨ ਸੈਦਪੁਰੀ)
‘ਕਿਰਤੀ ਲੋਕਾਂ ਦੀ ਬਾਈਬਲ ਆਖੀ ਜਾਂਦੀ ਸਰਮਾਇਆ (ਦਾਸ ਕੈਪੀਟਲ) ਲਿਖਣ ਨੂੰ ਮਾਰਕਸ ਨੇ ਲੰਮਾ ਸਮਾਂ ਲਾਇਆ ਸੀ। ਇਹ ਮਹਾਨ ਗ੍ਰੰਥ ਲਿਖਦਿਆਂ ਉਸ ਨੂੰ ਕਈ ਵਾਰ ਅੱਤ ਦੀਆਂ ਮਾੜੀਆਂ ਹਾਲਤਾਂ ਵਿੱਚ ਦੀ ਗੁਜ਼ਰਨਾ ਪਿਆ, ਪਰ ਉਸ ਨੇ ਲੋਕਾਂ ਲਈ ਕੁਝ ਚੰਗਾ ਕਰਨ ਦਾ ਅਕੀਦਾ ਨਾ ਛੱਡਿਆ। ਚੰਗੇ ਕਮਿਊਨਿਸਟ ਬਣਨ ਲਈ ਸਾਨੂੰ ਅਜਿਹੇ ਮਹਾਨਮਨੁੱਖਾਂ ਕੋਲੋਂ ਸੇਧ ਤੇ ਪ੍ਰੇਰਨਾ ਲੈਣੀ ਚਾਹੀਦੀ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਮਿਊਨਿਸਟ ਪਾਰਟੀ ਦੇ ਸੂਬਾ ਸਕੱਤਰ ਬੰਤ ਸਿੰਘ ਬਰਾੜ ਨੇ ਕੀਤਾ। ਉਹ ਜਲੰਧਰ ਵਿੱਚ ਸੀ ਪੀ ਆਈ ਦੀ ਜ਼ਿਲ੍ਹਾ ਕੌਂਸਲ ਨੂੰ ਸੰਬੋਧਨ ਕਰ ਰਹੇ ਸਨ। ਉਹ ਪਾਰਟੀ ਦੀ ਸੂਬਾ ਕੌਂਸਲ ਵਿੱਚ ਪਾਰਟੀ ਨੂੰ ਮਜ਼ਬੂਤ ਕਰਨ ਲਈ ਉਲੀਕੇ ਗਏ ਪ੍ਰੋਗਰਾਮ ਦੇ ਸੰਦਰਭ ਵਿੱਚ ਗੱਲ ਕਰ ਰਹੇ ਸਨ। ਉਨ੍ਹਾ ਵਿਸ਼ਵ ਯੁੱਧ ਵਿੱਚ ਸਟਾਲਿਨ ਵੱਲੋਂ ਆਪਣੇ ਦੇਸ਼ ਲਈ ਕੀਤੀਆਂ ਵੱਡੀਆਂ ਕੁਰਬਾਨੀਆਂ ਦੇ ਹਵਾਲੇ ਨਾਲ ਕਮਿਊਨਿਸਟ ਕਾਰਕੁਨਾਂ ਨੂੰ ਸੰਘਰਸ਼ਾਂ ਦੇ ਪਿੜ ਮੱਲਣ ਲਈ ਪ੍ਰੇਰਿਤ ਕੀਤਾ।ਸੂਬਾ ਸਕੱਤਰ ਨੇ ਦੱਸਿਆ ਕਿ ਪੰਜਾਬ ਵਿੱਚ ਪੰਜ ਵੱਡੀਆਂ ਰੈਲੀਆਂ ਕਰਨ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਇਲਾਕਾ ਪੱਧਰ ਦੀਆਂ ਇਹ ਰੈਲੀਆਂ ਸਾਰੇ ਪੰਜਾਬ ਨੂੰ ਕਵਰ ਕਰਨਗੀਆਂ। ਇਹ ਰੈਲੀਆਂ ਮਾਨਸਾ, ਅੰਮਿ੍ਰਤਸਰ, ਲੁਧਿਆਣਾ, ਪਠਾਨਕੋਟ ਤੇ ਮੋਗਾ ਵਿਖੇ ਹੋਣਗੀਆਂ।ਇਹਨਾਂ ਰੈਲੀਆਂ ਵਿੱਚ ਵੱਡੀ ਗਿਣਤੀ ਵਿੱਚ ਕਮਿਊਨਿਸਟ ਲੋਕ ਸ਼ਾਮਿਲ ਹੋਣਗੇ। ਸਾਥੀ ਬਰਾੜ ਨੇ ਦੱਸਿਆ ਕਿ ਆਉਣ ਵਾਲੀ 26 ਦਸੰਬਰ ਨੂੰ ਪਾਰਟੀ 100 ਸਾਲ ਦੀ ਹੋ ਰਹੀ ਹੈ। ਪਾਰਟੀ ਦੀ ਸਥਾਪਨਾ ਕਾਨਪੁਰ ਵਿੱਚ ਹੋਈ ਸੀ। ਉੱਥੇ ਹੀ 100 ਸਾਲਾ ਸਥਾਪਨਾ ਦਿਵਸ ਇਨਕਲਾਬੀ ਜੋਸ਼ੋ-ਖਰੋਸ਼ ਨਾਲ ਮਨਾਇਆ ਜਾਵੇਗਾ। ਪੰਜਾਬ ਵਿੱਚ ਵੀ ਸਥਾਪਨਾ ਦਿਵਸ ਧੂਮ-ਧਾਮ ਨਾਲ ਮਨਾਇਆ ਜਾਵੇਗਾ।ਪੰਜਾਬ ਦੀ ਆਰਥਿਕ ਤੇ ਸਿਆਸੀ ਸਥਿਤੀ ਦੀ ਗੱਲ ਕਰਦਿਆ ਸੂਬਾ ਸਕੱਤਰ ਨੇ ਕਿਹਾ ਕਿ ਹਰ ਖੇਤਰ ਵਿੱਚ ਵਿਕਾਸ ਦੀ ਖੜੋਤ ਨਜ਼ਰ ਆ ਰਹੀ ਹੈ। ਪੰਜਾਬ ਲੁੱਟਾਂ-ਖੋਹਾਂ ਵਾਲਾ ਸੂਬਾ ਬਣਿਆ ਹੋਇਆ ਹੈ।ਸਿਹਤ ਸੇਵਾਵਾਂ ਮੰਦੇ ਹਾਲੀ ਹਨ। ਉਹਨਾ ਮੰਗ ਕੀਤੀ ਕਿ ਹੈੱਡ ਵਰਕਸ ਦੀ ਮਾਲਕੀ ਪੰਜਾਬ ਨੂੰ ਦਿੱਤੀ ਜਾਵੇ। ਸਨਅਤੀ ਸਹੂਲਤਾਂ ਵਿੱਚ ਵਿਤਕਰਾ ਬੰਦ ਕੀਤਾ ਜਾਵੇ। ਖੇਤੀ ਜਿਣਸਾਂ ਦੇ ਲਾਹੇਵੰਦ ਭਾਅ ਦੇਣੇ ਯਕੀਨੀ ਬਣਾਏ ਜਾਣ। ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦਾ ਕਰਜ਼ਾ ਮਾਫ ਕੀਤਾ ਜਾਵੇ। ਮਨਰੇਗਾ ਸਕੀਮ ਵਿੱਚ ਘੱਟੋ-ਘੱਟ 200 ਦਿਨ ਕੰਮ ਦਿੱਤਾ ਜਾਵੇ। ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ। ਪੰਜਾਬ ਵਿੱਚ ਹੋ ਰਹੀਆਂ ਹਿੰਸਾਤਮਕ ਘਟਨਾਵਾਂ ਨੂੰ ਨੱਥ ਪਾਈ ਜਾਵੇ। ਉਹਨਾ ਕਿਹਾ ਕਿ ਉਕਤ ਤੇ ਹੋਰ ਮੰਗਾਂ ਮਨਵਾਉਣ ਲਈ ਸੀ ਪੀ ਆਈ ਸੰਘਰਸ਼ਤ ਹੈ। ਸਾਥੀ ਐੱਸ ਭਗਤ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੇ ਆਰੰਭ ਵਿੱਚ ਸੀ ਪੀ ਆਈ (ਐੱਮ) ਦੇ ਮਹਿਬੂਬ ਆਗੂ ਸੀਤਾ ਰਾਮ ਯੇਚੁਰੀ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਮੀਟਿੰਗ ਨੂੰ ਜ਼ਿਲ੍ਹਾ ਸਕੱਤਰ ਰਸ਼ਪਾਲ ਕੈਲੇ ਨੇ ਵੀ ਸੰਬੋਧਨ ਕੀਤਾ। ਮੀਟਿੰਗ ਵਿੱਚ ਸਹਾਇਕ ਸਕੱਤਰ ਹਰਜਿੰਦਰ ਸਿੰਘ ਮੌਜੀ, ਮਹਿੰਦਰ ਸਿੰਘ ਘੋੜਾਬਾਹੀ, ਸਿਕੰਦਰ ਸੰਧੂ, ਵੀਰ ਕੁਮਾਰ, ਸੰਤੋਸ਼ ਬਰਾੜ, ਜਸਵਿੰਦਰ ਸਿੰਘ ਜੰਡਿਆਲਾ, ਕੁਲਦੀਪ ਬਹਿਰਾਮ, ਪਰਮਿੰਦਰ ਫਲਪੋਤਾ, ਪ੍ਰੇਮ ਮੁਠੱਡਾ ਤੇ ਅਮਰਜੀਤ ਕੌਰ ਆਦਿ ਹਾਜ਼ਰ ਸਨ।




