ਜਲੰਧਰ (ਸ਼ੈਲੀ ਐਲਬਰਟ)-ਪੁਲਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਪੁਲਸ ਨੇ ਦੋ ਹਫ਼ਤਿਆਂ ਤੱਕ ਚੱਲੇ ਅਪ੍ਰੇਸ਼ਨ ਦੌਰਾਨ ਘਿਨਾਉਣੇ ਅਪਰਾਧਾਂ ਵਿੱਚ ਸ਼ਾਮਲ 17 ਖ਼ਤਰਨਾਕ ਅਪਰਾਧੀਆਂ ਨੂੰ ਕਾਬੂ ਕੀਤਾ ਹੈ। ਇਨ੍ਹਾਂ ਵਿੱਚ ਕਨੂੰ ਗੁੱਜਰ, ਇੱਕ ਬਦਨਾਮ ਗੈਂਗਸਟਰ ਅਤੇ ਜੱਗੂ ਭਗਵਾਨਪੁਰੀਆ ਦਾ ਕਰੀਬੀ ਸਾਥੀ ਅਤੇ ਹੋਰ ਸ਼ਾਮਲ ਹਨ। ਫੜੇ ਗਏ ਅਪਰਾਧੀਆਂ ਵਿਰੁੱਧ 38 ਤੋਂ ਵੱਧ ਅਪਰਾਧਿਕ ਮਾਮਲੇ ਦਰਜ ਕੀਤੇ ਗਏ ਹਨ, ਜੋ ਸਮਾਜ ਲਈ ਗੰਭੀਰ ਖਤਰਾ ਬਣ ਰਹੇ ਸਨ।ਇਹਨਾਂ ਕੱਟੜ ਅਪਰਾਧੀਆਂ ਤੋਂ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਵੱਡੀ ਖੇਪ ਬਰਾਮਦ ਕੀਤੀ ਹੈ।ਬਰਾਮਦਗੀ ਵਿੱਚ 18 ਹਥਿਆਰ, 66 ਕਾਰਤੂਸ ਅਤੇ 1.1 ਕਿਲੋ ਹੈਰੋਇਨ ਸ਼ਾਮਲ ਹੈ।
ਚਿਬ ਯੂਥ ਕਾਂਗਰਸ ਦੇ ਪ੍ਰਧਾਨ
ਨਵੀਂ ਦਿੱਲੀ : ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਐਤਵਾਰ ਜੰਮੂ-ਕਸ਼ਮੀਰ ਦੇ ਸਾਬਕਾ ਯੂਥ ਕਾਂਗਰਸ ਪ੍ਰਧਾਨ ਉਦੈ ਭਾਨੂੰ ਚਿਬ ਨੂੰ ਕੁਲ ਹਿੰਦ ਯੂਥ ਕਾਂਗਰਸ ਦਾ ਪ੍ਰਧਾਨ ਥਾਪ ਦਿੱਤਾ। ਪਾਰਟੀ ਨੇ ਪਹਿਲੇ ਪ੍ਰਧਾਨ ਸ੍ਰੀਨਿਵਾਸ ਬੀ ਵੀ ਵੱਲੋਂ ਦਿੱਤੇ ਯੋਗਦਾਨ ਦੀ ਵੀ ਪ੍ਰਸੰਸਾ ਕੀਤੀ ਹੈ।
ਗੋਲੀ ਦਾ ਜਵਾਬ ਗੋਲੇ ਨਾਲ ਦੇਵਾਂਗੇ : ਸ਼ਾਹ
ਜੰਮੂ : ਭਾਜਪਾ ਆਗੂ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਐਤਵਾਰ ਰਾਜੌਰੀ ਜ਼ਿਲ੍ਹੇ ਦੇ ਨੌਸ਼ਹਿਰਾ ’ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾਨੌਸ਼ਹਿਰਾ ਵਰਗੇ ਸਰਹੱਦੀ ਇਲਾਕਿਆਂ ਵਿਚ ਸਾਡੇ ਵੱਲੋਂ ਕੰਕਰੀਟ ਦੇ ਮਜ਼ਬੂਤ ਬੰਕਰ ਬਣਾਏ ਗਏ ਹਨ, ਪਰ ਮੈਂ ਤੁਹਾਨੂੰ ਭਰੋਸਾ ਦਿੰਦਾ ਹਾਂ ਕਿ ਹੁਣ ਇਨ੍ਹਾਂ ਬੰਕਰਾਂ ਦੀ ਕੋਈ ਲੋੜ ਨਹੀਂ। ਅਗਰ ਵੋਹ ਗੋਲੀ ਚਲਾਏਂਗੇ, ਤੋ ਹਮ ਗੋਲਾ ਚਲਾਏਂਗੇ। ਉਨ੍ਹਾ ਕਿਹਾ ਕਿ ਕਾਂਗਰਸ ਅਤੇ ਨੈਸ਼ਨਲ ਕਾਨਫਰੰਸ ਹਰਗਿਜ਼ ਵੀ ਗੁੱਜਰਾਂ, ਬੱਕਰਵਾਲਾਂ, ਪਹਾੜੀਆਂ, ਓ ਬੀ ਸੀਜ਼, ਵਾਲਮੀਕਿ ਸਮਾਜ ਆਦਿ ਲਈ ਰਾਖਵਾਂਕਰਨ ਨਹੀਂ ਚਾਹੁੰਦੇ, ਜੇ ਜੰਮੂ-ਕਸ਼ਮੀਰ ਵਿਚ ਉਨ੍ਹਾਂ ਦੀ ਸਰਕਾਰ ਬਣ ਗਈ ਤਾਂ ਉਹ ਰਾਖਵੇਂਕਰਨ ਦੀ ਨਜ਼ਰਸਾਨੀ ਕਰਨਗੇ।




