ਬਹੁਤੀ ਚਰਚਾ ਇਹ ਹੋਈ ਕਿ ਹਰਿਆਣਾ ਅਸੰਬਲੀ ਚੋਣਾਂ ਵਿਚ ਕਾਂਗਰਸ ਤੇ ਆਮ ਆਦਮੀ ਪਾਰਟੀ ਵਿਚਾਲੇ ਗੱਠਜੋੜ ਨਹੀਂ ਹੋਇਆ, ਪਰ ਸੂਬੇ ਵਿਚ ਇੰਡੀਆ ਗੱਠਜੋੜ ਨੇ ਜਿਹੜਾ ਇਕ ਹੋਰ ਪ੍ਰਯੋਗ ਕੀਤਾ ਹੈ, ਉਸ ਦੀ ਜ਼ਿਆਦਾ ਚਰਚਾ ਨਹੀਂ ਹੋਈ। ਕਾਂਗਰਸ ਨੇ ਭਿਵਾਨੀ ਹਲਕੇ ਤੋਂ ਆਪਣਾ ਉਮੀਦਵਾਰ ਖੜ੍ਹਾ ਨਹੀਂ ਕੀਤਾ, ਸਗੋਂ ਸੀ ਪੀ ਆਈ (ਐੱਮ) ਦੇ ਕਾਮਰੇਡ ਓਮ ਪ੍ਰਕਾਸ਼ ਲਈ ਸੀਟ ਛੱਡ ਦਿੱਤੀ। ਚੋਣ ਮਾਹੌਲ ਕਾਂਗਰਸ ਦੇ ਹੱਕ ਵਿਚ ਸਾਫ ਦਿਸ ਰਿਹਾ ਹੈ, ਇਸ ਦੇ ਬਾਵਜੂਦ ਕਾਂਗਰਸ ਨੇ ਸੀਟ ਮਾਰਕਸੀ ਪਾਰਟੀ ਲਈ ਛੱਡਣੀ ਵਾਜਬ ਸਮਝੀ ਹੈ। ਉਜ ਭਿਵਾਨੀ ਹਲਕਾ ਕਾਂਗਰਸ ਲਈ ਕਦੇ ਆਸਾਨ ਨਹੀਂ ਰਿਹਾ, ਪਰ ਬਦਲੀ ਹਵਾ ਕਰਕੇ ਇਸ ਵਾਰ ਟਿਕਟ ਲਈ ਕਾਫੀ ਕਾਂਗਰਸੀ ਦਾਅਵੇਦਾਰ ਸਨ। 1967 ਵਿਚ ਹਰਿਆਣਾ ਦੀ ਸਥਾਪਨਾ ਦੇ ਬਾਅਦ ਪਹਿਲੀ ਅਸੰਬਲੀ ਚੋਣ ਵਿਚ ਇੱਥੋਂ ਜਨਸੰਘ ਜਿੱਤਿਆ ਸੀ। ਹੁਣ ਤੱਕ ਹੋਈਆਂ 13 ਅਸੰਬਲੀ ਚੋਣਾਂ ਵਿਚ ਕਾਂਗਰਸ ਸਿਰਫ ਤਿੰਨ ਵਾਰ ਇੱਥੋਂ ਸਫਲ ਰਹੀ ਹੈ। 2005 ਤੋਂ ਬਾਅਦ ਕਦੇ ਨਹੀਂ ਜਿੱਤੀ। ਕਹਿਣ ਵਾਲੇ ਕਹਿ ਸਕਦੇ ਹਨ ਕਿ ਕਾਂਗਰਸ ਨੇ ਇਸੇ ਕਰਕੇ ਇਹ ਸੀਟ ਮਾਰਕਸੀ ਪਾਰਟੀ ਲਈ ਛੱਡ ਦਿੱਤੀ, ਪਰ ਇਹ ਗੱਲ ਧਿਆਨ ਵਿਚ ਰੱਖਣੀ ਪਵੇਗੀ ਕਿ 10 ਸਾਲ ਤੋਂ ਰਾਜ ਕਰ ਰਹੀ ਭਾਜਪਾ ਖਿਲਾਫ ਲਹਿਰ ਚੱਲ ਰਹੀ ਹੈ। ਵਰਤਮਾਨ ਭਾਜਪਾ ਵਿਧਾਇਕ ਘਣਸ਼ਿਆਮ ਸਰਾਫ ਲਗਾਤਾਰ ਤੀਜੀ ਵਾਰ ਜਿੱਤੇ ਸਨ। ਇਸ ਲਈ ਸਥਾਪਤੀ ਵਿਰੋਧੀ ਲਹਿਰ ਦਾ ਸਰਾਫ ’ਤੇ ਵੀ ਥੋੜ੍ਹਾ-ਬਹੁਤਾ ਅਸਰ ਹੋਣਾ ਸੁਭਾਵਕ ਹੈ। ਭਿਵਾਨੀ ਸੀਟ ਦੀ ਖਾਸੀਅਤ ਇਹ ਹੈ ਕਿ ਇੱਥੇ ਬ੍ਰਾਹਮਣ ਤੇ ਬਾਣੀਆ ਵੋਟਰ ਕਾਫੀ ਹਨ, ਜਿਹੜਾ ਹਰਿਆਣਾ ਵਿਚ ਭਾਜਪਾ ਦਾ ਆਧਾਰ ਵੋਟ ਵੀ ਹਨ। ਹਾਲਾਂਕਿ, ਜਾਟ ਤੇ ਦਲਿਤ ਵੀ ਘੱਟ ਨਹੀਂ ਤੇ ਚੋਣ ਸਮੀਕਰਨ ਬਦਲ ਸਕਦੇ ਹਨ। ਕਾਮਰੇਡ ਓਮ ਪ੍ਰਕਾਸ਼ ਦੀ ਜਿੱਤ ਇਸ ਗੱਲ ’ਤੇ ਨਿਰਭਰ ਕਰੇਗੀ ਕਿ ਕਾਂਗਰਸੀ ਵਰਕਰ ਉਨ੍ਹਾ ਲਈ ਤਨ-ਮਨ-ਧਨ ਨਾਲ ਕਿੰਨਾ ਜ਼ੋਰ ਲਾਉਦੇ ਹਨ। ਕਾਮਰੇਡ ਓਮ ਪ੍ਰਕਾਸ਼ ਰਿਟਾਇਰਡ ਬੈਂਕ ਅਧਿਕਾਰੀ ਹਨ ਤੇ ਭਿਵਾਨੀ ਦਾ ਜਾਣਿਆ-ਪਛਾਣਿਆ ਚਿਹਰਾ ਹਨ। ਹਰ ਤਰ੍ਹਾਂ ਦੇ ਅੰਦੋਲਨ ਵਿਚ ਉਹ ਪੇਸ਼-ਪੇਸ਼ ਰਹਿੰਦੇ ਹਨ ਤੇ ਇਸ ਕਰਕੇ ਕਈ ਵਾਰ ਪੁਲਸ ਦੇ ਤਸੀਹੇ ਵੀ ਪਿੰਡੇ ’ਤੇ ਝੱਲ ਚੁੱਕੇ ਹਨ।
ਹਾਲਾਂਕਿ ਸੂਬੇ ਵਿਚ ਖੱਬੀਆਂ ਪਾਰਟੀਆਂ ਦਾ ਬਹੁਤਾ ਆਧਾਰ ਨਹੀਂ ਹੈ, ਪਰ ਇਨ੍ਹਾਂ ਨੇ ਕਿਸਾਨਾਂ, ਮਜ਼ਦੂਰਾਂ, ਇਸਤਰੀਆਂ, ਨੌਜਵਾਨਾਂ ਤੇ ਮੁਲਾਜ਼ਮਾਂ ਦੇ ਅੰਦੋਲਨਾਂ ਵਿਚ ਵਿੱਤੋਂ ਵੱਧ ਹਿੱਸਾ ਪਾਇਆ ਹੈ। 1987 ਦੀਆਂ ਅਸੰਬਲੀ ਚੋਣਾਂ ਅਜਿਹਾ ਮੌਕਾ ਸੀ, ਜਦੋਂ ਸੰਯੁਕਤ ਮੋਰਚੇ ਦੇ ਮੈਂਬਰ ਦੇ ਤੌਰ ’ਤੇ ਖੱਬੀਆਂ ਪਾਰਟੀਆਂ ਨੂੰ 9 ਸੀਟਾਂ ਦਿੱਤੀਆਂ ਗਈਆਂ ਸਨ। ਸੀ ਪੀ ਆਈ ਪੰਜ ਤੇ ਸੀ ਪੀ ਆਈ (ਐੱਮ) ਚਾਰ ਸੀਟਾਂ ਲੜੀ ਸੀ। ਸ਼ਾਹਾਬਾਦ ਤੋਂ ਸੀ ਪੀ ਆਈ ਦੇ ਹਰਨਾਮ ਸਿੰਘ ਤੇ ਟੋਹਾਣਾ ਤੋਂ ਸੀ ਪੀ ਆਈ (ਐੱਮ) ਦੇ ਹਰਪਾਲ ਸਿੰਘ ਚੁਣੇ ਗਏ ਸਨ। ਉਸ ਸਮੇਂ ਹਵਾ ਪੂਰੀ ਤਰ੍ਹਾਂ ਚੌਧਰੀ ਦੇਵੀ ਲਾਲ ਦੇ ਹੱਕ ਵਿਚ ਸੀ ਤੇ ਜੇ ਉਹ ਚਾਹੁੰਦੇ ਤਾਂ ਖੱਬੀਆਂ ਪਾਰਟੀਆਂ ਨੂੰ ਕੋਈ ਵੀ ਸੀਟ ਦੇਣ ਤੋਂ ਇਨਕਾਰ ਕਰ ਸਕਦੇ ਸਨ, ਪਰ ਉਨ੍ਹਾ ਗੱਠਜੋੜ ਧਰਮ ਨਿਭਾਇਆ। ਕੁਝ ਇਸੇ ਤਰ੍ਹਾਂ ਦਾ ਫੈਸਲਾ ਇਸ ਵਾਰ ਕਾਂਗਰਸ ਨੇ ਕੀਤਾ ਹੈ। ਭਿਵਾਨੀ ਦਾ ਨਤੀਜਾ ਜੋ ਵੀ ਨਿਕਲੇ, ਪਰ ਕਾਂਗਰਸ ਨੇ ‘ਇੰਡੀਆ’ ਗੱਠਜੋੜ ਦੇ ਭਾਈਵਾਲਾਂ ਦਾ ਸਤਿਕਾਰ ਜ਼ਰੂਰ ਕੀਤਾ ਹੈ।