ਨਵੀਂ ਦਿੱਲੀ : ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਜ਼ੋਰਦਾਰ ਹਮਲਾ ਬੋਲਿਆ ਤੇ ਨਾਲ ਹੀ ਆਰ ਐੱਸ ਐੱਸ ਨੂੰ ਪੁੱਛਿਆ ਕਿ ਕੀ ਉਹ ਆਪੋਜ਼ੀਸ਼ਨ ਪਾਰਟੀਆਂ ਨੂੰ ਤੋੜਨ ਤੇ ਉਨ੍ਹਾਂ ਦੀਆਂ ਸਰਕਾਰਾਂ ਉਲਟਾਉਣ ਲਈ ਕੇਂਦਰੀ ਏਜੰਸੀਆਂ ਦੀ ਵਰਤੋਂ ਕਰਨ ਦੀ ਭਾਜਪਾ ਦੀ ਸਿਆਸਤ ਨਾਲ ਸਹਿਮਤ ਹੈ?
ਮੁੱਖ ਮੰਤਰੀ ਦਾ ਅਹੁਦਾ ਛੱਡਣ ਤੋਂ ਬਾਅਦ ਇੱਥੇ ਜੰਤਰ-ਮੰਤਰ ਵਿਖੇ ਪਹਿਲੀ ‘ਜਨਤਾ ਕੀ ਅਦਾਲਤ’ ਵਿੱਚ ਕੇਜਰੀਵਾਲ ਨੇ ਆਰ ਐੱਸ ਐੱਸ (ਰਾਸ਼ਟਰੀ ਸੋਇਮ ਸੇਵਕ ਸੰਘ) ਦੇ ਮੁਖੀ ਮੋਹਨ ਭਾਗਵਤ ਨੂੰ ਪੰਜ ਸਵਾਲ ਪੁੱਛੇ। ਉਨ੍ਹਾ ਕਿਹਾਪੂਰੇ ਸਤਿਕਾਰ ਸਹਿਤ ਮੈਂ ਮੋਹਨ ਭਾਗਵਤ ਨੂੰ ਪੰਜ ਸਵਾਲ ਪੁੱਛਣਾ ਚਾਹੁੰਦਾ ਹਾਂ। ਮੋਦੀ ਜੀ ਜਿਸ ਤਰ੍ਹਾਂ ਲਾਲਚ ਦੇ ਕੇ ਜਾਂ ਈ ਡੀ ਤੇ ਸੀ ਬੀ ਆਈ ਦੀ ਧਮਕੀ ਦੇ ਕੇ ਦੇਸ਼-ਭਰ ਵਿਚ ਪਾਰਟੀਆਂ ਤੋੜ ਰਹੇ ਹਨ ਤੇ ਉਨ੍ਹਾਂ ਦੀਆਂ ਸਰਕਾਰਾਂ ਡੇਗ ਰਹੇ ਹਨ, ਕੀ ਇਹ ਸਹੀ ਹੈ? ; ਮੋਦੀ ਜੀ ਨੇ ਅੱਤ ਦੇ ਕੁਰੱਪਟ ਆਗੂ ਆਪਣੀ ਪਾਰਟੀ ਨਾਲ ਰਲਾਏ ਹਨ, ਜਿਨ੍ਹਾਂ ਨੂੰ ਉਹ ਕੁਰੱਪਟ ਕਹਿੰਦੇ ਸਨ, ਕੀ ਤੁਸੀਂ ਅਜਿਹੀ ਸਿਆਸਤ ਨਾਲ ਸਹਿਮਤ ਹੋ? ; ਭਾਜਪਾ ਆਰ ਐੱਸ ਐੱਸ ਦੀ ਕੁੱਖ ਵਿੱਚੋਂ ਪੈਦਾ ਹੋਈ, ਇਹ ਆਰ ਐੱਸ ਐੱਸ ਦੀ ਜ਼ਿੰਮੇਵਾਰੀ ਹੈ ਕਿ ਉਹ ਯਕੀਨੀ ਬਣਾਏ ਕਿ ਭਾਜਪਾ ਕੁਰਾਹੇ ਨਾ ਪਵੇ, ਕੀ ਤੁਸੀਂ ਕਦੇ ਗਲਤ ਗੱਲਾਂ ਲਈ ਮੋਦੀ ਜੀ ਨੂੰ ਰੋਕਿਆ ਹੈ; ਜੇ ਪੀ ਨੱਢਾ ਨੇ ਲੋਕ ਸਭਾ ਚੋਣਾਂ ਦੌਰਾਨ ਕਿਹਾ ਸੀ ਕਿ ਉਨ੍ਹਾ ਨੂੰ ਆਰ ਐੱਸ ਐੱਸ ਦੀ ਹੁਣ ਲੋੜ ਨਹੀਂ। ਕੀ ਬੇਟਾ ਏਨਾ ਵੱਡਾ ਹੋ ਗਿਆ ਹੈ ਕਿ ਮਾਂ ਨੂੰ ਅੱਖਾਂ ਦਿਖਾਉਣ ਲੱਗ ਪਵੇ? ਨੱਢਾ ਦੇ ਬਿਆਨ ਤੋਂ ਬਾਅਦ ਕੀ ਤੁਸੀਂ ਉਦਾਸ ਨਹੀਂ ਹੋਏ? ਤੁਸੀਂ ਨਿਯਮ ਬਣਾਇਆ ਸੀ ਕਿ 75 ਸਾਲ ਦੀ ਉਮਰ ਤੋਂ ਬਾਅਦ ਆਗੂ ਰਿਟਾਇਰ ਹੋ ਜਾਣਗੇ। ਅਮਿਤ ਸ਼ਾਹ ਕਹਿ ਰਹੇ ਹਨ ਕਿ ਇਹ ਨਿਯਮ ਮੋਦੀ ਜੀ ’ਤੇ ਲਾਗੂ ਨਹੀਂ ਹੋਵੇਗਾ। ਜਿਹੜਾ ਅਡਵਾਨੀ ਜੀ ’ਤੇ ਲਾਗੂ ਹੋਇਆ, ਉਹ ਮੋਦੀ ਜੀ ’ਤੇ ਕਿਉ ਲਾਗੂ ਨਹੀਂ ਹੋਵੇਗਾ?
ਕੇਜਰੀਵਾਲ ਦੇ ਇਹ ਸਵਾਲ ਸਿਆਸੀ ਤੌਰ ’ਤੇ ਤਾਂ ਨਰਮੀ ਵਾਲੇ ਹਨ, ਪਰ ਇਨ੍ਹਾਂ ਰਾਹੀਂ ਜਿਸ ਤਰ੍ਹਾਂ ਭਾਗਵਤ ਨੂੰ ਨਵੇਂ ਸਿਆਸੀ ਬਿਰਤਾਂਤ ਵਿਚ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਹੈ, ਉਹ ਅਸਾਧਾਰਨ ਤੇ ਨਵੀਂ ਹੈ।



