ਵਿਸ਼ਾਲ ਮਾਨਸਾ ਰੈਲੀ ਵੱਲੋਂ ਲੋਕ-ਪੱਖੀ ਸੰਘਰਸ਼ਾਂ ਦਾ ਹੋਕਾ

0
153

ਇੱਕ ਦੇਸ਼-ਇੱਕ ਚੋਣ ਤੇ ਭਾਜਪਾ ਦਾ ਹਿੰਦੂਤਵੀ ਏਜੰਡਾ ਸੰਘੀ ਢਾਂਚੇ ਲਈ ਖਤਰਨਾਕ : ਐਨੀ ਰਾਜਾ ਪੰਜਾਬ ਸਰਕਾਰ ਹਰ ਫਰੰਟ ’ਤੇ ਹੋਈ ਫੇਲ੍ਹ : ਬੰਤ ਬਰਾੜ ਮੋਦੀ ਸਰਕਾਰ ਦੀਆਂ ਨੀਤੀਆਂ ਨੇ ਛੋਟੇ ਵਪਾਰੀਆਂ ਤੇ ਕਾਰੋਬਾਰੀਆਂ ਨੂੰ ਕੀਤਾ ਤਬਾਹ : ਅਰਸ਼ੀ ਸੀ ਪੀ ਆਈ ਵੱਲੋਂ ਵਿਸ਼ਾਲ ਰਾਜਸੀ ਰੈਲੀ-ਮਾਨਸਾ ਜ਼ਿਲ੍ਹਾ ਕੌਂਸਲ ਵੱਲੋਂ ਪਾਰਟੀ ਕਾਂਗਰਸ ਲਈ ਦੋ ਲੱਖ ਦੀ ਥੈਲੀ ਭੇਟ

ਮਾਨਸਾ (ਆਤਮਾ ਸਿੰਘ ਪਮਾਰ)
ਭਾਰਤੀ ਕਮਿਊਨਿਸਟ ਪਾਰਟੀ ਵੱਲੋਂ ਇਸ ਦੇ ਸ਼ਤਾਬਦੀ ਵਰ੍ਹੇ ਨੂੰ ਸਮਰਪਿਤ ਮਾਨਸਾ ਸ਼ਹਿਰ ਦੀ ਪੁਰਾਣੀ ਅਨਾਜ ਮੰਡੀ ਵਿਖੇ ਸਰਵਸਾਥੀ ਵੇਦ ਪ੍ਰਕਾਸ਼, ਰਤਨ ਕੁਮਾਰ ਭੋਲਾ ਤੇ ਮਨਜੀਤ ਕੌਰ ਗਾਮੀਵਾਲਾ ਦੀ ਪ੍ਰਧਾਨਗੀ ਹੇਠ ਸੋਮਵਾਰ ਵਿਸ਼ਾਲ ਰਾਜਸੀ ਰੈਲੀ ਕੀਤੀ ਗਈ। ਰੈਲੀ ਵਿੱਚ ਜੁੜੇ ਬਹੁਤ ਹੀ ਵੱਡੀ ਗਿਣਤੀ ਅਤੇ ਪ੍ਰਭਾਵਸ਼ਾਲੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਸੀ.ਪੀ.ਆਈ ਦੀ ਕੌਮੀ ਸਕੱਤਰ ਕਾਮਰੇਡ ਐਨੀ ਰਾਜਾ ਨੇ ਭਾਜਪਾ ਸਰਕਾਰ ’ਤੇ ਜ਼ੋਰਦਾਰ ਹਮਲੇ ਕਰਦਿਆਂ ਕਿਹਾ ਕਿ ਦੇਸ਼ ਵਿੱਚ ਸੰਪਰਦਾਇਕ ਤਣਾਅ ਵਾਲਾ ਮਾਹੌਲ ਚੱਲ ਰਿਹਾ ਹੈ ਤੇ ਸੰਪਰਦਾਇਕ ਤਣਾਅ ਅਤੇ ਜਾਤੀਗਤ ਹਿੰਸਾ ਵਿੱਚ ਵਾਧਾ ਹੋਇਆ ਹੈ, ਘੱਟ ਗਿਣਤੀਆਂ ਜਿਵੇਂ ਕਿ ਮੁਸਲਮਾਨ ਅਤੇ ਇਸਾਈਆਂ ’ਤੇ ਫਿਰਕੂ ਹਮਲੇ ਤੇਜ਼ ਹੋਏ ਹਨ। ਫਿਰਕੂ ਕਤਾਰਬੰਦੀ ਨੂੰ ਤੇਜ਼ ਕਰਨ ਲਈ ਆਰ.ਐੱਸ.ਐੱਸ ਤੇ ਇਸ ਨਾਲ ਜੁੜੇ ਕੱਟੜਵਾਦੀ ਸੰਗਠਨ ਮਸਜਿਦਾਂ ਥੱਲਿਓ ਮੰਦਰਾਂ ਨੂੰ ਲੱਭਣ ਦੀ ਖਤਰਨਾਕ ਮੁਹਿੰਮ ਚਲਾ ਰਹੇ ਹਨ, ਜੋ ਦੇਸ਼ ਦੀ ਏਕਤਾ ਅਤੇ ਅਖੰਡਤਾ ਤੋਂ ਇਲਾਵਾ ਸਦਭਾਵਨਾ ਲਈ ਖਤਰੇ ਦੀ ਘੰਟੀ ਹੈ। ਕਮਿਊਨਿਸਟ ਨੇਤਾ ਨੇ ਅੱਗੇ ਕਿਹਾ ਕਿ ਮੋਦੀ ਸਰਕਾਰ ਦੀਆਂ ਅਡਾਨੀ-ਅੰਬਾਨੀ ਪੱਖੀ ਨੀਤੀਆਂ ਨੇ ਦੇਸ਼ ਨੂੰ ਆਰਥਿਕ ਤਬਾਹੀ ਦੇ ਕੰਢੇ ’ਤੇ ਲਿਆ ਖੜ੍ਹਾ ਕੀਤਾ ਹੈ। ਭਾਜਪਾ ਦਾ ਹਿੰਦੂਤਵੀ ਏਜੰਡਾ ਦੇਸ਼ ਦੇ ਬਹੁ-ਧਰਮੀ, ਬਹੁ-ਭਾਸ਼ਾਈ ਅਤੇ ਵੱਖ-ਵੱਖ ਸੱਭਿਆਚਾਰਾਂ ਵਾਲੀ ਜਨਤਾ ਦੀ ਏਕਤਾ ਲਈ ਖਤਰਨਾਕ ਹੈ।ਮਹਿੰਗਾਈ ਤੇ ਬੇਰੁਜ਼ਗਾਰੀ ਨੇ ਪਿਛਲੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਇੱਕ ਦੇਸ਼-ਇੱਕ ਚੋਣ ਦਾ ਪ੍ਰਸਤਾਵ ਦੇਸ਼ ਦੇ ਫੈਡਰਲ ਢਾਂਚੇ ਲਈ ਲਾਹੇਵੰਦ ਸਾਬਤ ਨਹੀਂ ਹੋਵੇਗਾ। ਦੇਸ਼ ਦੀ ਨਿਆਂਪਾਲਿਕਾ ਵੀ ਭਾਰੀ ਦਬਾਅ ਹੇਠ ਕੰਮ ਕਰਦੀ ਜਾਪਦੀ ਹੈ। ਸੰਵਿਧਾਨਕ ਸੰਸਥਾਵਾਂ ਮੋਦੀ ਸਰਕਾਰ ਦੇ ਪਿੰਜਰੇ ਦਾ ਤੋਤਾ ਬਣ ਕੇ ਰਹਿ ਗਈਆਂ ਹਨ, ਜਿਹਨਾਂ ਦੀ ਖੁੱਲ੍ਹੇਆਮ ਦੁਰਵਰਤੋਂ ਕੀਤੀ ਜਾ ਰਹੀ ਹੈ। ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਨੂੰ ਕੁਚਲਿਆ ਜਾ ਰਿਹਾ ਹੈ। ਸਰਗਰਮ ਕਾਰਕੁੰਨ, ਬੁੱਧੀਜੀਵੀ ਤੇ ਸਰਕਾਰ ਵਿਰੁੱਧ ਅਵਾਜ਼ ਬੁਲੰਦ ਕਰਨ ਵਾਲਿਆਂ ਨੂੰ ਜੇਲ੍ਹਾਂ ਵਿੱਚ ਬੰਦ ਕੀਤਾ ਜਾ ਰਿਹਾ ਹੈ। ਡਾ. ਅੰਬੇਡਕਰ ਵਿਰੁੱਧ ਅਪਮਾਨਜਨਕ ਸ਼ਬਦ ਵਰਤਣ ਵਾਲੇ ਗ੍ਰਹਿ ਮੰਤਰੀ ਨੂੰ ਤੁਰੰਤ ਆਪਣਾ ਅਹੁਦਾ ਛੱਡਣਾ ਚਾਹੀਦਾ ਹੈ।ਕਮਿਊਨਿਸਟ ਨੇਤਾ ਨੇ ਅੰਤ ਵਿੱਚ ਕਿਹਾ ਕਿ ਦੇਸ਼ ਨੂੰ ਬਚਾਉਣ ਲਈ ਖੱਬੀਆਂ, ਜਮਹੂਰੀ, ਧਰਮ ਨਿਰਪੱਖ ਤੇ ਦੇਸ਼ ਭਗਤ ਲੋਕਾਂ ਦੀ ਵਿਸ਼ਾਲ ਏਕਤਾ ਤੇ ਲੋਕ ਪੱਖੀ ਸੰਘਰਸ਼ਾਂ ਦੀ ਲੋੜ ਹੈ, ਜਿਸ ਕਰਕੇ ਸੀ.ਪੀ.ਆਈ ਦਾ ਮਜ਼ਬੂਤ ਹੋਣਾ ਵੀ ਜ਼ਰੂਰੀ ਹੈ।ਪੰਜਾਬ ਸੀ.ਪੀ.ਆਈ ਦੇ ਸਕੱਤਰ ਬੰਤ ਸਿੰਘ ਬਰਾੜ ਨੇ ਕਿਹਾ ਕਿ ਪੰਜਾਬ ਦੀ ਮਾਨ ਸਰਕਾਰ ਹਰ ਫਰੰਟ ’ਤੇ ਬੁਰੀ ਤਰਾਂ ਫੇਲ੍ਹ ਸਾਬਿਤ ਹੋਈ ਹੈ, ਇਸ ਤੋਂ ਪੰਜਾਬ ਦਾ ਇੱਕ ਵੀ ਮਸਲਾ ਹੱਲ ਨਹੀਂ ਹੋਇਆ ਹੈ, ਕੇਂਦਰ ਸਰਕਾਰ ਤੋਂ ਜ਼ੋਰਦਾਰ ਤਰੀਕੇ ਨਾਲ ਪੰਜਾਬ ਦੇ ਹੱਕ ਲੈਣ ਦੀ ਬਜਾਏ ਉਸ ਨਾਲ ਦੋਸਤਾਨਾ ਮੈਚ ਖੇਡਿਆ ਜਾ ਰਿਹਾ ਹੈ। ਪੰਜਾਬ ਦੀ ਵਰਤਮਾਨ ਸਰਕਾਰ ਹੁਣ ਤੱਕ ਦੀ ਸਭ ਤੋਂ ਭਿ੍ਰਸ਼ਟ ਸਰਕਾਰ ਸਾਬਿਤ ਹੋਈ ਹੈ। ਪੰਜਾਬ ਵਿੱਚ ਨਸ਼ੇ, ਗੈਂਗਵਾਰ ਤੇ ਲੁੱਟਾਂ-ਖੋਹਾਂ ਵਿੱਚ ਅਥਾਹ ਵਾਧਾ ਹੋਇਆ ਹੈ, ਅਮਨ-ਕਾਨੂੰਨ ਦੀ ਸਥਿਤੀ ਤਰਸਯੋਗ ਹੈ, ਕਿਸੇ ਵੀ ਸ਼ਹਿਰੀ ਦੀ ਜਾਨ-ਮਾਲ ਸੁਰੱਖਿਅਤ ਨਹੀਂ ਹੈ।
ਸਾਥੀ ਬਰਾੜ ਨੇ ਕਿਹਾ ਕਿ ਸੀ.ਪੀ.ਆਈ ਦੀ 25ਵੀਂ ਪਾਰਟੀ ਕਾਂਗਰਸ ਜੋ ਸਤੰਬਰ 2025 ਵਿੱਚ ਚੰਡੀਗੜ੍ਹ ਵਿਖੇ ਹੋ ਰਹੀ ਹੈ, ਇੱਕ ਬਹੁਤ ਵੱਡਾ ਕਾਰਜ ਹੈ, ਜਿਸ ਨੂੰ ਸਫਲ ਕਰਨ ਲਈ ਅੱਜ ਤੋਂ ਹੀ ਤਿਆਰੀਆਂ ਆਰੰਭਣ ਦੀ ਲੋੜ ਹੈ। ਉਹਨਾਂ ਜ਼ਿਲ੍ਹਾ ਮਾਨਸਾ ਦੀ ਪਾਰਟੀ ਨੂੰ ਰੈਲੀ ਦੀ ਉਮੀਦ ਤੋਂ ਵੱਧ ਸਫਲਤਾ ਲਈ ਵਧਾਈ ਵੀ ਦਿੱਤੀ।
ਸੀ.ਪੀ.ਆਈ. ਦੇ ਕੌਮੀ ਕੌਂਸਲ ਮੈਂਬਰ ਤੇ ਸਾਬਕਾ ਵਿਧਾਇਕ ਹਰਦੇਵ ਸਿੰਘ ਅਰਸ਼ੀ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਕਾਰਪੋਰੇਟ ਪੱਖੀ ਆਰਥਿਕ ਨੀਤੀਆਂ ਕਾਰਨ ਮਜ਼ਦੂਰਾਂ-ਕਿਸਾਨਾਂ ਤੋਂ ਇਲਾਵਾ ਛੋਟਾ ਵਪਾਰ ਵੀ ਦਮ ਤੋੜ ਰਿਹਾ ਹੈ। ਸਿੱਧੀ ਖਰੀਦ ਤੇ ਵੱਡੇ ਮਾਲ ਕਲਚਰ ਨੇ ਪ੍ਰਚੂਨ ਵਪਾਰ ਦਾ ਲੱਕ ਤੋੜ ਕੇ ਰੱਖ ਦਿਤਾ ਹੈ।ਪਹਿਲਾਂ ਨੋਟਬੰਦੀ ਨੇ ਛੋਟੀ ਤੇ ਦਰਮਿਆਨੀ ਸਨਅਤ ਨੂੰ ਬਰਬਾਦ ਕੀਤਾ ਅਤੇ ਲੱਖਾਂ ਛੋਟੇ ਉਦਯੋਗ ਬੰਦ ਹੋਣ ਕਾਰਨ ਕਰੋੜਾਂ ਲੋਕਾਂ ਦਾ ਰੁਜ਼ਗਾਰ ਖੁੱਸਿਆ।ਅਰਸ਼ੀ ਨੇ ਪ੍ਰੋਗਰਾਮ ਦੌਰਾਨ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਨਿੱਘਰ ਰਹੀ ਸਿਹਤ ’ਤੇ ਡੰੂਘੀ ਚਿੰਤਾ ਪ੍ਰਗਟ ਕਰਦਿਆਂ ਕੇਂਦਰ ਸਰਕਾਰ ਵੱਲੋਂ ਕੋਈ ਨੋਟਿਸ ਨਾ ਲੈਣ ਅਤੇ ਉਸ ਦੇ ਅੜੀਅਲ ਵਤੀਰੇ ਦੀ ਸਖਤ ਸ਼ਬਦਾਂ ’ਚ ਨਿਖੇਧੀ ਵੀ ਕੀਤੀ। ਪੰਜਾਬ ਸਰਕਾਰ ਵੀ ਅਮਲ ਵਿੱਚ ਠੋਸ ਕਦਮ ਪੁੱਟਣ ਦੀ ਬਜਾਏ ਕੇਵਲ ਤਮਾਸ਼ਬੀਨ ਦੀ ਭੂਮਿਕਾ ਹੀ ਨਿਭਾਅ ਰਹੀ ਹੈ। ਕਮਿਊਨਿਸਟ ਆਗੂ ਨੇ ਡੱਲੇਵਾਲ ਨਾਲ ਇਕਮੁੱਠਤਾ ਦਾ ਇਜ਼ਹਾਰ ਕਰਦਿਆਂ ਮੰਗ ਕੀਤੀ ਕਿ ਸੰਘਰਸ਼ਸ਼ੀਲ ਕਿਸਾਨਾਂ ਦੀਆਂ ਮੰਗਾਂ ਪ੍ਰਵਾਨ ਕਰਕੇ ਕਿਸਾਨ ਆਗੂ ਦੀ ਜਾਨ ਬਚਾਈ ਜਾਵੇ। ਸਾਥੀ ਅਰਸ਼ੀ ਨੇ ਨਾਲ ਹੀ ਮੋਦੀ ਸਰਕਾਰ ਦੀ ਨਵੀਂ ਖੇਤੀ ਨੀਤੀ ’ਤੇ ਖਦਸ਼ਾ ਪ੍ਰਗਟ ਕਰਦਿਆਂ ਉਸ ਨੂੰ ਰੱਦ ਕਰਨ ਦੀ ਵੀ ਮੰਗ ਕੀਤੀ।
ਜ਼ਿਲ੍ਹਾ ਮਾਨਸਾ ਦੀ ਪਾਰਟੀ ਵੱਲੋਂ ਪਾਰਟੀ ਕਾਂਗਰਸ ਦੇ ਖਰਚਿਆਂ ਲਈ ਦੋ ਲੱਖ ਰੁਪਏ ਦੀ ਥੈਲੀ ਵੀ ਸੂਬਾ ਸਕੱਤਰ ਸਾਥੀ ਬੰਤ ਬਰਾੜ ਨੂੰ ਭੇਟ ਕੀਤੀ ਗਈ।ਸਟੇਜ ਸਕੱਤਰ ਦੀ ਜ਼ਿੰਮੇਵਾਰੀ ਸੀਨੀਅਰ ਆਗੂ ਕਾ. ਕੁਲਵਿੰਦਰ ਸਿੰਘ ਉੱਡਤ ਵੱਲੋਂ ਬਾਖੂਬੀ ਨਿਭਾਈ ਗਈ। ਪ੍ਰੋਗਰਾਮ ਦੇ ਅਖੀਰ ’ਚ ਸੀ.ਪੀ.ਆਈ ਦੇ ਜ਼ਿਲ੍ਹਾ ਸਕੱਤਰ ਸਾਥੀ �ਿਸ਼ਨ ਚੌਹਾਨ ਵੱਲੋਂ ਲੀਡਰਸ਼ਿਪ, ਰੈਲੀ ਵਿੱਚ ਸ਼ਾਮਲ ਹੋਏ ਸਮੂਹ ਲੋਕਾਂ ਤੇ ਵਿਸ਼ੇਸ਼ ਕਰਕੇ ਮਾਨਸਾ ਸ਼ਹਿਰ ਦੇ ਦੁਕਾਨਦਾਰਾਂ ਵੱਲੋਂ ਰੈਲੀ ਦੀ ਕੀਤੀ ਗਈ ਮਾਲੀ ਮਦਦ ਲਈ ਤਹਿ ਦਿਲੋਂ ਧੰਨਵਾਦ ਕੀਤਾ ।ਇਸ ਮੌਕੇ ਉਹਨਾਂ ਮਨਰੇਗਾ ਕਾਨੂੰਨ ਨੂੰ ਲਾਗੂ ਕਰਵਾਉਣ ਲਈ ਘੱਟੋ-ਘੱਟ 200 ਦਿਨ ਕੰਮ ਅਤੇ 700 ਰੁਪਏ ਦਿਹਾੜੀ ਪ੍ਰਤੀ ਦਿਨ ਦੀ ਮੰਗ ਕੀਤੀ।ਇਸ ਸਮੇਂ ਗੁਰਮੀਤ ਸਿੰਘ ਜੋਗਾ ਪ੍ਰਧਾਨ ਨਗਰ ਪੰਚਾਇਤ ਜੋਗਾ, ਸੀਤਾ ਰਾਮ ਗੋਬਿੰਦਪੁਰਾ, ਰੂਪ ਸਿੰਘ ਢਿੱਲੋਂ, ਕਰਨੈਲ ਸਿੰਘ ਭੀਖੀ, ਮਲਕੀਤ ਸਿੰਘ ਮੰਦਰਾਂ, ਨਰੇਸ਼ ਬੁਰਜਹਰੀ, ਡਾ: ਰਾਜ ਕੁਮਾਰ, ਬਲਦੇਵ ਸਿੰਘ ਬਾਜੇਵਾਲਾ, ਕੇਵਲ ਸਿੰਘ ਸਮਾਓਂ, ਸੁਖਰਾਜ ਸਿੰਘ ਜੋਗਾ, ਦਲਜੀਤ ਸਿੰਘ ਮਾਨਸ਼ਾਹੀਆ ਤੇ ਦਰਸ਼ਨ ਸਿੰਘ ਮਾਨਸ਼ਾਹੀਆ, ਕਿਰਨਾ ਰਾਣੀ ਸਾਬਕਾ ਐੱਮ ਸੀ ਆਦਿ ਆਗੂ ਵੀ ਹਾਜ਼ਰ ਸਨ।