ਚੰਡੀਗੜ੍ਹ : ਸੰਯੁਕਤ ਕਿਸਾਨ ਮੋਰਚਾ (ਗੈਰਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਸਾਰੀਆਂ ਫਸਲਾਂ ਨੂੰ ਐੱਮ ਐੱਸ ਪੀ ’ਤੇ ਖਰੀਦ ਦੀ ਕਾਨੂੰਨੀ ਗਰੰਟੀ ਅਤੇ ਕਿਸਾਨਾਂ ਤੇ ਮਜ਼ਦੂਰਾਂ ਦੀਆਂ ਹੋਰਨਾਂ ਮੰਗਾਂ ਨੂੰ ਲੈ ਕੇ ਸੋਮਵਾਰ ਪੰਜਾਬ ਬੰਦ ਰੱਖਣ ਦੇ ਦਿੱਤੇ ਸੱਦੇ ਦਾ ਵਿਆਪਕ ਅਸਰ ਹੋਇਆ। ਸਵੇਰੇ 7 ਵਜੇ ਹੀ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ 140 ਤੋਂ ਵੱਧ ਥਾਵਾਂ ’ਤੇ ਡੇਰੇ ਲਾ ਲਾਉਂਦਿਆਂ ਸੜਕੀ ਅਤੇ ਰੇਲ ਆਵਾਜਾਈ ਬੰਦ ਕਰ ਦਿੱਤੀ। ਹਾਲਾਂਕਿ ਇਸ ਦੌਰਾਨ ਐਮਰਜੈਂਸੀ ਸੇਵਾਵਾਂ ਨੂੰ ਨਹੀਂ ਰੋਕਿਆ ਗਿਆ। ਬੰਦ ਦੇ ਸੱਦੇ ਦੀ ਹਮਾਇਤ ’ਚ ਸੂਬੇ ਦੀਆਂ ਵੱਡੀ ਗਿਣਤੀ ’ਚ ਵਪਾਰੀ, ਧਾਰਮਕ, ਮੁਲਾਜ਼ਮ, ਵਿਦਿਆਰਥੀ, ਟਰਾਂਸਪੋਰਟਰ ਅਤੇ ਹੋਰਨਾਂ ਜਥੇਬੰਦੀਆਂ ਵੀ ਨਿੱਤਰੀਆਂ। ਨਿੱਜੀ ਬੱਸ ਟਰਾਂਸਪੋਰਟ ਤੋਂ ਇਲਾਵਾ ਵੰਦੇ ਭਾਰਤ ਅਤੇ ਸ਼ਤਾਬਦੀ ਸਮੇਤ 200 ਤੋਂ ਵੱਧ ਰੇਲ ਗੱਡੀਆਂ ਪ੍ਰਭਾਵਤ ਹੋਈਆਂ। ਬੰਦ ਦਾ ਸੱਦਾ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਹਮਾਇਤ ’ਚ ਦਿੱਤਾ ਗਿਆ, ਜੋ ਕਿਸਾਨ ਮੰਗਾਂ ਨੂੰ ਲਾਗੂ ਕਰਵਾਉਣ ਲਈ ਇੱਕ ਮਹੀਨੇ ਤੋਂ ਵੱਧ ਸਮੇਂ ਤੋਂ ਭੁੱਖ ਹੜਤਾਲ ’ਤੇ ਹਨ। ਨੌਂ ਘੰਟੇ ਦਾ ਬੰਦ ਸ਼ਾਮ 4 ਵਜੇ ਤੱਕ ਰਿਹਾ। ਮੁਹਾਲੀ, ਪਟਿਆਲਾ, ਲੁਧਿਆਣਾ, ਮੋਗਾ, ਫਿਰੋਜ਼ਪੁਰ, ਬਠਿੰਡਾ, ਹੁਸ਼ਿਆਰਪੁਰ, ਜਲੰਧਰ ਅਤੇ ਹੋਰ ਥਾਵਾਂ ’ਤੇ ਦੁਕਾਨਾਂ ਅਤੇ ਕਾਰੋਬਾਰੀ ਅਦਾਰੇ ਬੰਦ ਰਹੇ।
ਪ੍ਰਾਈਵੇਟ ਬੱਸ ਟਰਾਂਸਪੋਰਟਰਾਂ ਦੇ ਬੰਦ ’ਚ ਸ਼ਾਮਲ ਹੋਣ ਕਾਰਨ ਜ਼ਿਆਦਾਤਰ ਪ੍ਰਾਈਵੇਟ ਬੱਸਾਂ ਸੜਕਾਂ ਗਾਇਬ ਰਹੀਆਂ। ਚੰਡੀਗੜ੍ਹ ਵਿੱਚ ਬੰਦ ਦਾ ਅਸਰ ਦੇਖਣ ਨੂੰ ਨਹੀਂ ਮਿਲਿਆ। ਡੱਬਵਾਲੀ-ਮਲੋਟ ਕੌਮੀ ਸੜਕ-9 ’ਤੇ ਸੜਕ ਜਾਮ ਮੌਕੇ ਗਿਦੜਬਾਹਾ ਤੋਂ ‘ਆਪ’ ਵਿਧਾਇਕ ਹਰਦੀਪ ਸਿੰਘ ਡਿੰਪੀ ਢਿੱਲੋਂ ਦੇ ਕਾਫਲੇ ਨੂੰ ਵਾਪਸ ਮੁੜਨਾ ਪਿਆ। ਵਿਧਾਇਕ ਦਾ ਕਾਫਲਾ ਮਲੋਟ ਵਾਲੇ ਪਾਸਿਓਂ ਸੜਕ ਤੋਂ ਲੰਬੀ-ਡੱਬਵਾਲੀ ਵੱਲ ਨੂੰ ਲੰਘ ਰਿਹਾ ਸੀ। ਪਟਿਆਲਾ ਜ਼ਿਲ੍ਹੇ ’ਚ ਬਾਜ਼ਾਰਾਂ ਸਮੇਤ ਸਬਜ਼ੀ ਮੰਡੀ ਆਦਿ ਸਭ ਕੁਝ ਬੰਦ ਰਹੇ।
ਬਟਾਲਾ ਦੇ ਚਾਰ ਥਾਵਾਂ ’ਤੇ ਮੋਰਚੇ ਲਾ ਕੇ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਅੰਮਿ੍ਰਤਸਰ-ਪਠਾਨਕੋਟ ਹਾਈਵੇ ਤੇ ਬਟਾਲਾ-ਅੰਮਿ੍ਰਤਸਰ ਬਾਈਪਾਸ ’ਤੇ ਵੀ ਧਰਨੇ ਦਿੱਤੇ ਗਏ। ਬਟਾਲਾ ਸ਼ਹਿਰ ਦੇ ਅੰਦਰ ਵੀ ਬੰਦ ਨੂੰ ਪੂਰੀ ਹਮਾਇਤ ਮਿਲੀ। ਫਰੀਦਕੋਟ ਵਿੱਚ ਭਰਵਾਂ ਹੁੰਗਾਰਾ ਮਿਲਿਆ ਹਾਲਾਂਕਿ ਨਿੱਜੀ ਬੈਂਕ, ਪੈਟਰੋਲ ਪੰਪ, ਟੈਕਸੀ ਸਟੈਂਡ ਅਤੇ ਇੱਕਾ-ਦੁੱਕਾ ਦੁਕਾਨਾਂ ਖੁੱਲ੍ਹੀਆਂ ਰਹੀਆਂ। ਕਿਸਾਨ ਆਗੂਆਂ ਨੇ ਕਾਫਲੇ ਦੇ ਰੂਪ ’ਚ ਨਿੱਜੀ ਬੈਂਕਾਂ ਆਦਿ ਨੂੰ ਬੰਦ ਕਰਵਾਇਆ।
ਬਠਿੰਡਾ ਸਮੇਤ ਗੋਨਿਆਣਾ ਮੰਡੀ, ਰਾਮਾ ਮੰਡੀ, ਭੁੱਚੋ ਮੰਡੀ, ਰਾਮਪੁਰਾ ਫੂਲ, ਮੌੜ ਮੰਡੀ ਸਮੇਤ ਹੋਰ ਨਿੱਕੇ ਕਸਬਿਆਂ ’ਚ ਬਜ਼ਾਰ ਲਗਭਗ ਬੰਦ ਦੇਖਣ ਨੂੰ ਮਿਲੇ। ਬਠਿੰਡਾ ਦੇ ਭਾਈ ਘਨੱਈਆ ਚੌਕ ਸਮੇਤ 5 ਥਾਵਾਂ ’ਤੇ ਮੋਰਚੇ ਲਾ ਕੇ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਗਿਆ। ਅੰਮਿ੍ਰਤਸਰ-ਬਠਿੰਡਾ ਹਾਈਵੇ ’ਤੇ ਵੀ ਧਰਨਾ ਦਿੱਤਾ ਗਿਆ। ਸ੍ਰੀ ਮੁਕਤਸਰ ਸਾਹਿਬ ’ਚ ਬੰਦ ਦਾ ਸੱਦਾ ਮੁਕੰਮਲ ਤੌਰ ’ਤੇ ਸਫਲ ਰਿਹਾ। ਫਿਲੌਰ ’ਚ ਵੀ ਭਰਵਾਂ ਹੁੰਗਾਰਾ ਮਿਲਿਆ। ਜੰਡਿਆਲਾ ਗੁਰੂ ਤੋਂ ਤਰਨ ਤਾਰਨ ਜਾਣ ਵਾਲੀ ਸੜਕ ਉਪਰ ਸਥਿਤ ਪਿੰਡ ਬੰਡਾਲਾ ਵਿਖੇ ਜਾਮ ਕਰਕੇ ਪ੍ਰਦਰਸ਼ਨ ਕੀਤਾ ਗਿਆ।





