ਚਾਉਕੇ/ਰਾਮਪੁਰਾ ਫੂਲ (ਦਰਸ਼ਨ ਜਿੰਦਲ)
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਮਨ, ਤਰੱਕੀ ਤੇ ਖੁਸ਼ਹਾਲੀ ਦੀਆਂ ਦੁਸ਼ਮਣ ਤਾਕਤਾਂ ਉਨ੍ਹਾ ਖਿਲਾਫ਼ ਬੇਬੁਨਿਆਦ ਅਫਵਾਹਾਂ ਫੈਲਾ ਰਹੀਆਂ ਹਨ, ਤਾਂ ਕਿ ਸੂਬੇ ਦੇ ਵਿਕਾਸ ਨੂੰ ਲੀਹੋਂ ਲਾਹਿਆ ਜਾ ਸਕੇ।ਸੋਮਵਾਰ ਇੱਥੇ ਸੂਬੇ ਦੇ 30 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕਰਨ ਤੋਂ ਬਾਅਦ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀਆਂ ਦੇ ਘਟੀਆ ਹੱਥਕੰਡੇ ਉਨ੍ਹਾ ਨੂੰ ਲੋਕਾਂ ਦੀ ਸੇਵਾ ਕਰਨ ਤੋਂ ਨਹੀਂ ਰੋਕ ਸਕਦੇ। ਅਕਾਲੀ ਆਗੂ ਸੁਖਬੀਰ ਸਿੰਘ ਬਾਦਲ ਨੂੰ ਆੜੇ ਹੱਥੀਂ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਦੀ ਵਾਗਡੋਰ ਸੰਭਾਲਣ ਦੇ ਬਾਵਜੂਦ ਸਾਬਕਾ ਉਪ ਮੁੱਖ ਮੰਤਰੀ ਸੂਬੇ ਦੀ ਭੂਗੋਲਿਕ ਸਥਿਤੀ ਤੋਂ ਅਣਜਾਣ ਹਨ। ਉਨ੍ਹਾ ਕਿਹਾ-ਸਭ ਕੁਝ ਛੱਡ ਦਿਓ, ਸੁਖਬੀਰ ਨੂੰ ਕੱਦੂ ਅਤੇ ਲੌਕੀ ਵਿਚਲੇ ਮੂਲ ਫਰਕ ਦਾ ਵੀ ਪਤਾ ਨਹੀਂ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਪੰਚਾਇਤੀ ਚੋਣਾਂ ਜਲਦੀ ਹੀ ਹੋਣਗੀਆਂ ਅਤੇ ਇਹ ਉਮੀਦਵਾਰ ਬਿਨਾਂ ਪਾਰਟੀ ਚੋਣ ਨਿਸ਼ਾਨ ਤੋਂ ਚੋਣ ਲੜਨਗੇ। ਸੂਬਾ ਸਰਕਾਰ ਨੇ ਵਡੇਰੇ ਲੋਕ ਹਿੱਤਾਂ ਨੂੰ ਧਿਆਨ ਵਿੱਚ ਰੱਖਦਿਆਂ ਉਮੀਦਵਾਰਾਂ ਨੂੰ ਪਾਰਟੀ ਦੇ ਚੋਣ ਨਿਸ਼ਾਨਾਂ ’ਤੇ ਚੋਣ ਲੜਨ ਤੋਂ ਰੋਕਣ ਦਾ ਵੱਡਾ ਫੈਸਲਾ ਲਿਆ ਹੈ।ਜਿਹੜਾ ਵੀ ਪਿੰਡ ਸਰਬਸੰਮਤੀ ਨਾਲ ਪੰਚਾਇਤ ਦੀ ਚੋਣ ਕਰੇਗਾ, ਉਸ ਨੂੰ ਸਟੇਡੀਅਮ, ਸਕੂਲ ਜਾਂ ਹਸਪਤਾਲ ਸਮੇਤ 5 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਜਾਵੇਗੀ।ਮਾਨ ਨੇ 30 ਹੋਰ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕਰਨ ਵੇਲੇ ਕਿਹਾ ਕਿ ਹੁਣ ਤੱਕ 872 ਕਲੀਨਿਕ ਕਾਰਜਸ਼ੀਲ ਹੋ ਚੁੱਕੇ ਹਨ।ਮੁੱਖ ਮੰਤਰੀ ਵੱਲੋਂ ਸਮਰਪਿਤ ਕੀਤੇ ਗਏ 30 ਕਲੀਨਿਕਾਂ ਵਿੱਚੋਂ ਬਠਿੰਡਾ ਵਿੱਚ ਪੰਜ, ਹੁਸ਼ਿਆਰਪੁਰ ਵਿੱਚ ਦੋ, ਮਾਨਸਾ ਵਿੱਚ ਸੱਤ, ਮੋਗਾ ਵਿੱਚ ਤਿੰਨ, ਪਟਿਆਲਾ ਵਿੱਚ ਛੇ, ਐੱਸ ਏ ਐੱਸ ਨਗਰ ਮੋਹਾਲੀ ਵਿੱਚ ਪੰਜ ਅਤੇ ਸ੍ਰੀ ਮੁਕਤਸਰ ਸਾਹਿਬ ਵਿੱਚ ਦੋ ਕਲੀਨਿਕ ਸ਼ਾਮਲ ਹਨ।