ਸ੍ਰੀਨਗਰ : ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਤਹਿਤ ਦੂਜੇ ਗੇੜ ਵਿਚ 26 ਸੀਟਾਂ ਲਈ ਬੁੱਧਵਾਰ ਨੂੰ ਵੋਟਾਂ ਪੈਣਗੀਆਂ। ਕਰੀਬ 25 ਲੱਖ ਵੋਟਰ 239 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਕਰਨਗੇ, ਜਿਨ੍ਹਾਂ ਵਿਚ ਉਮਰ ਅਬਦੁੱਲਾ, ਜੰਮੂ ਕਸ਼ਮੀਰ ਕਾਂਗਰਸ ਕਮੇਟੀ ਦੇ ਪ੍ਰਧਾਨ ਤਾਰਿਕ ਅਹਿਮਦ ਅਤੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਰਵਿੰਦਰ ਰੈਨਾ ਵੀ ਹਨ। ਦੂਜੇ ਗੇੜ ਤਹਿਤ ਛੇ ਜ਼ਿਲ੍ਹਿਆਂ ਅਧੀਨ ਆਉਂਦੀਆਂ 26 ਸੀਟਾਂ ’ਤੇ ਵੋਟਾਂ ਪੈਣੀਆਂ ਹਨ।
ਮਨੀਪੁਰ ਦੀਆਂ ਪਹਾੜੀਆਂ ’ਚੋਂ ਅਸਲਾ ਬਰਾਮਦ
ਇੰਫਾਲ : ਮਨੀਪੁਰ ਪੁਲਸ ਨੇ ਦੱਸਿਆ ਕਿ ਸੋਮਵਾਰ ਬਿਸ਼ਣੁਪੁਰ ਜ਼ਿਲ੍ਹੇ ਦੀਆਂ ਮਾਚਿਨ ਮਾਨੋ ਪਹਾੜੀਆਂ ਵਿਚ ਤਲਾਸ਼ੀ ਮੁਹਿੰਮ ਦੌਰਾਨ ਇਕ ਮੈਗਜ਼ੀਨ ਨਾਲ ਰਾਈਫਲ, ਦੋ ਰਾਕੇਟ ਦੇ ਗੋਲੇ, ਆਰ ਪੀ ਜੀ ਚਾਰਜਰ, ਤਿੰਨ ਐੱਚ ਈ ਹੱਥਗੋਲੇ ਅਤੇ ਇਕ ਚੀਨੀ ਹੱਥਗੋਲਾ ਬਰਾਮਦ ਕੀਤਾ ਗਿਆ। ਮਨੀਪੁਰ ਵਿਚ ਇੰਫਾਲ ਘਾਟੀ ਦੇ ਮੇਤੇਈ ਸਮੁਦਾਇ ਅਤੇ ਨਜ਼ਦੀਕੀ ਪਹਾੜੀ ਇਲਾਕਿਆਂ ਵਿਚ ਰਹਿਣ ਵਾਲੇ ਕੁੱਕੀ ਸਮੁਦਾਇ ਵਿਚਕਾਰ ਜਾਰੀ ਜਾਤੀਗਤ ਹਿੰਸਾ ਵਿਚ 200 ਤੋਂ ਜ਼ਿਆਦਾ ਲੋਕ ਮਾਰੇ ਗਏ ਹਨ ਅਤੇ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ।
ਹੁਣ ਪ੍ਰਸ਼ਾਦ ’ਚ ਚੂਹੇ ਦੇ ਬੱਚੇ
ਮੁੰਬਈ : ਤਿਰੂਪਤੀ ਮੰਦਰ ਦੇ ਲੱਡੂਆਂ ’ਚ ਪਸ਼ੂਆਂ ਦੀ ਚਰਬੀ ਦੀ ਮਿਲਾਵਟ ਦੇ ਮਾਮਲੇ ਦਰਮਿਆਨ ਮੁੰਬਈ ਦੇ ਸਿੱਧੀਵਿਨਾਇਕ ਮੰਦਰ ਦੇ ਪ੍ਰਸਾਦ ਦੀ ਸ਼ੁੱਧਤਾ ’ਤੇ ਵੀ ਸਵਾਲ ਖੜ੍ਹੇ ਹੋ ਗਏ ਹਨ। ਸੋਸ਼ਲ ਮੀਡੀਆ ’ਤੇ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵਿਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਸਿੱਧੀਵਿਨਾਇਕ ਮੰਦਰ ਦੇ ਪ੍ਰਸਾਦ ਦੇ ਪੈਕੇਟ ’ਚ ਚੂਹਿਆਂ ਦੇ ਬੱਚੇ ਮਿਲੇ ਹਨ। ਸਿੱਧੀਵਿਨਾਇਕ ਗਣਪਤੀ ਮੰਦਰ ਟਰੱਸਟ ਦੇ ਪ੍ਰਧਾਨ ਸਦਾ ਸਰਵਣਕਰ ਨੇ ਕਿਹਾ ਕਿ ਇਹ ਵੀਡੀਓ ਉਨ੍ਹਾਂ ਦੇ ਮੰਦਰ ਦੀ ਨਹੀਂ ਹੈ।
ਮਾਲ ਗੱਡੀ ਪਟੜੀਓਂ ਉੱਤਰੀ
ਕੋਲਕਾਤਾ : ਪੱਛਮੀ ਬੰਗਾਲ ਦੇ ਜਲਪਾਈਗੁੜੀ ਜ਼ਿਲ੍ਹੇ ਦੇ ਨਿਉਮੈਨਾਗੁੜੀ ਰੇਲਵੇ ਸਟੇਸ਼ਟਨ ’ਤੇ ਮੰਗਲਵਾਰ ਸਵੇਰ ਖਾਲੀ ਮਾਲ ਗੱਡੀ ਦੇ ਪੰਜ ਡੱਬੇ ਲੀਹ ਤੋਂ ਉੱਤਰ ਗਏ। ਗੁਹਾਟੀ ਤੋਂ ਆ ਰਹੀ ਮਾਲ ਗੱਡੀ ਨਿਉਜਲਪਾਈਗੁੜੀ ਜਾ ਰਹੀ ਸੀ।