ਨਵੀਂ ਦਿੱਲੀ : ਹਰਿਆਣਾ ਅਸੰਬਲੀ ਚੋਣਾਂ ਤੋਂ ਪਹਿਲਾਂ ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਮੰਗਲਵਾਰ ਇੱਥੇ 50 ਕਿਸਾਨ ਆਗੂਆਂ ਨਾਲ ਗੱਲਬਾਤ ਕੀਤੀ। ਬੈਠਕ ਦੌਰਾਨ ਚਾਰ ਮੁੱਦਿਆਂ ’ਤੇ ਚਰਚਾ ਹੋਈ। ਇਨ੍ਹਾਂ ਵਿਚ ਫਸਲਾਂ ਦੀਆਂ ਕੀਮਤਾਂ, ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ, ਆਵਾਰਾ ਪਸ਼ੂਆਂ ਤੋਂ ਨੁਕਸਾਨ ਤੇ ਵਾਢੀ ਵੇਲੇ ਸਰਕਾਰ ਦੇ ਫੈਸਲੇ ਨਾਲ ਜੁੜੇ ਮੁੱਦੇ ਸ਼ਾਮਲ ਸਨ।
ਪੂਸਾ ਕੰਪਲੈਕਸ ਵਿਚ ਹੋਈ ਬੈਠਕ ’ਚ ਹਰਿਆਣਾ, ਯੂ ਪੀ, ਉੱਤਰਾਖੰਡ ਤੇ ਮਹਾਰਾਸ਼ਟਰ ਦੇ ਭਾਰਤੀ ਕਿਸਾਨ ਯੂਨੀਅਨ (ਅਰਾਜਨੈਤਿਕ) ਦੇ ਆਗੂ ਸ਼ਾਮਲ ਹੋਏ। ਬੈਠਕ ਵਿਚ ਖੇਤੀ ਤੇ ਕਿਸਾਨ ਭਲਾਈ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।
ਬੈਠਕ ਤੋਂ ਬਾਅਦ ਚੌਹਾਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾਮੈਂ ਪਹਿਲਾਂ ਵੀ ਕਿਹਾ ਹੈ ਕਿ ਖੇਤੀ ਭਾਰਤੀ ਅਰਥ ਵਿਵਸਥਾ ਦੀ ਰੀੜ੍ਹ ਹੈ ਤੇ ਕਿਸਾਨ ਇਸ ਦੀ ਆਤਮਾ ਹਨ। ਕਿਸਾਨਾਂ ਦੀ ਸੇਵਾ ਕਰਨਾ ਸਾਡੇ ਲਈ ਭਗਵਾਨ ਦੀ ਪੂਜਾ ਕਰਨ ਵਰਗਾ ਹੈ। ਪਿਛਲੀ ਵਾਰ ਜਦ ਮੈਂ 100 ਦਿਨਾਂ ਦੀਆਂ ਪ੍ਰਾਪਤੀਆਂ ਦੀ ਗੱਲ ਕੀਤੀ ਸੀ ਤਾਂ ਐਲਾਨਿਆ ਸੀ ਕਿ ਹਰ ਮੰਗਲਵਾਰ ਕਿਸਾਨਾਂ ਤੇ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਮਿਲਣ ਦਾ ਸਿਲਸਿਲਾ ਸ਼ੁਰੂ ਕਰਾਂਗਾ, ਕਿਉਕਿ ਕਈ ਵਾਰ ਅਸੀਂ ਦਫਤਰ ਵਿਚ ਬੈਠ ਕੇ ਸਮੱਸਿਆਵਾਂ ਨੂੰ ਸਮਝ ਨਹੀਂ ਪਾਉਦੇ। ਸਾਡਾ ਫਰਜ਼ ਹੈ ਕਿ ਜਿਨ੍ਹਾਂ ਲੋਕਾਂ ਨੂੰ ਸਮੱਸਿਆ ਹੈ, ਉਨ੍ਹਾਂ ਨਾਲ ਸਿੱਧੀ ਗੱਲ ਕਰੀਏ ਤੇ ਹੱਲ ਕੱਢੀਏ।
ਚੌਹਾਨ ਨੇ ਕਿਹਾਬੈਠਕ ਦੌਰਾਨ ਕੁਝ ਸੁਝਾਅ ਫਸਲਾਂ ਦੀਆਂ ਕੀਮਤਾਂ ਨੂੰ ਲੈ ਕੇ ਦਿੱਤੇ ਗਏ, ਕੁਝ ਫਸਲ ਬੀਮਾ ਯੋਜਨਾ ਤੇ ਕੁਝ ਆਵਾਰਾ ਪਸ਼ੂਆਂ ਬਾਰੇ ਦਿੱਤੇ ਗਏ। ਕਿਸਾਨ ਦੀ ਫਸਲ ਆਉਣ ਵੇਲੇ ਕੀ ਫੈਸਲੇ ਕੀਤੇ ਜਾਣ, ਇਸ ਬਾਰੇ ਵੀ ਸੁਝਾਅ ਆਏ। ਮੈਂ ਅਫਸਰ ਨਾਲ ਬਿਠਾਏ ਸਨ। ਅਸੀਂ ਜੋ ਵੀ ਸੰਭਵ ਹੋਇਆ ਕਰਾਂਗੇ। ਗੱਲਬਾਤ ਸਦਭਾਵਨਾ ਭਰੇ ਮਾਹੌਲ ਵਿਚ ਹੋਈ।
ਭਾਰਤੀ ਕਿਸਾਨ ਯੂਨੀਅਨ ਅਰਾਜਨੈਤਿਕ ਦੇ ਕੌਮੀ ਬੁਲਾਰੇ ਧਰਮਵੀਰ ਮਲਿਕ ਨੇ ਦੱਸਿਆ ਕਿ ਉਨ੍ਹਾ ਕਮਜ਼ੋਰ ਐੱਮ ਐੱਸ ਪੀ ਨਿਜ਼ਾਮ, ਪ੍ਰਧਾਨ ਮੰਤਰੀ ਕਿਸਾਨ ਫਸਲ ਸਨਮਾਨ ਨਿਧੀ ਦੇ ਘਟਦੇ ਦਾਇਰੇ, ਫਸਲ ਬੀਮਾ ਸਕੀਮ ਤੇ ਖੇਤੀ ਉਤਪਾਦ ਬਾਹਰੋਂ ਮੰਗਵਾਉਣ ਨਾਲ ਕਿਸਾਨਾਂ ਨੂੰ ਹੋਣ ਵਾਲੇ ਮਾਲੀ ਨੁਕਸਾਨ ਦੇ ਮੁੱਦੇ ਉਠਾਏ। ਮੰਤਰੀ ਨੇ ਹੱਲ ਦਾ ਭਰੋਸਾ ਦਿੱਤਾ।
ਉਨ੍ਹਾ ਇਨ੍ਹਾਂ ਮੁੱਦਿਆਂ ’ਤੇ ਮੰਤਰੀ ਨੂੰ ਸੂਬਾ ਪੱਧਰੀ ਬੈਠਕਾਂ ਕਰਨ ਦਾ ਸੁਝਾਅ ਵੀ ਦਿੱਤਾ। ਮਲਿਕ ਨੇ ਕਿਹਾ ਕਿ ਉਹ ਅਪੀਲ ਕਰਦੇ ਹਨ ਕਿ ਅੰਦੋਲਨਕਾਰੀ ਕਿਸਾਨ ਯੂਨੀਅਨਾਂ ਤੇ ਸਰਕਾਰ ਗੱਲਬਾਤ ਕਰਨ। ਮਲਿਕ ਨੇ ਕਿਹਾ ਕਿ ਸ਼ੰਭੂ ਬਾਰਡਰ ’ਤੇ ਧਰਨਾ ਦੇਣ ਵਾਲੇ ਕਿਸਾਨਾਂ ਦਾ ਕੋਈ ਨੁਮਾਇੰਦਾ ਬੈਠਕ ਵਿਚ ਸ਼ਾਮਲ ਨਹੀਂ ਹੋਇਆ।