ਭੁਬਨੇਸ਼ਵਰ : ਓਡੀਸ਼ਾ ਦੇ ਕਿਓਂਝੋਰ ਵਿਚ 80 ਸਾਲਾ ਮਹਿਲਾ ਨੂੰ ਪੈਨਸ਼ਨ ਲੈਣ ਲਈ ਦੋ ਕਿੱਲੋਮੀਟਰ ਦੂਰ ਦਫਤਰ ਤੱਕ ਰੀਂਘ ਕੇ ਜਾਣਾ ਪਿਆ। ਰਾਇਸੁਆਂ ਪਿੰਡ ਦੀ ਪਥੁਰੀ ਦੇਹੁਰੀ ਬੁਢਾਪੇ ਤੇ ਬਿਮਾਰੀ ਕਾਰਨ ਠੀਕ ਢੰਗ ਨਾਲ ਤੁਰ ਨਹੀਂ ਸਕਦੀ।
ਸੀਨੀਅਰ ਸਿਟੀਜ਼ਨ ਤੇ ਦਿਵਿਆਂਗਾਂ ਨੂੰ ਘਰ ਜਾ ਕੇ ਪੈਨਸ਼ਨ ਦੇਣ ਦੇ ਸਰਕਾਰੀ ਹੁਕਮ ਹਨ, ਪਰ ਇਸ ਦੇ ਬਾਵਜੂਦ ਉਸ ਨੂੰ ਪੰਚਾਇਤ ਦਫਤਰ ਜਾਣਾ ਪਿਆ। ਮਾਮਲਾ 21 ਸਤੰਬਰ ਦਾ ਹੈ ਪਰ ਇਸ ਦੀ ਵੀਡੀਓ ਮੰਗਲਵਾਰ ਵਾਇਰਲ ਹੋਈ। ਉਸ ਨੇ ਦੱਸਿਆਪੰਚਾਇਤ ਐਕਸਟੈਂਸ਼ਨ ਅਫਸਰ ਨੇ ਮੈਨੂੰ ਪੈਨਸ਼ਨ ਲੈਣ ਲਈ ਦਫਤਰ ਆਉਣ ਨੂੰ ਕਿਹਾ ਸੀ। ਜਦੋਂ ਕੋਈ ਘਰ ਪੈਨਸ਼ਨ ਦੇਣ ਨਹੀਂ ਆਇਆ ਤਾਂ ਮੇਰੇ ਕੋਲ ਦਫਤਰ ਜਾਣ ਤੋਂ ਇਲਾਵਾ ਕੋਈ ਚਾਰਾ ਨਹੀਂ ਸੀ।
ਸੂਬੇ ਵਿਚ 2023 ਵਿਚ ਵੀ ਅਜਿਹਾ ਇਕ ਮਾਮਲਾ ਸਾਹਮਣੇ ਆਇਆ ਸੀ ਜਦੋਂ 17 ਅਪ੍ਰੈਲ ਨੂੰ ਬਜ਼ੁਰਗ ਮਹਿਲਾ ਨੂੰ ਪੈਨਸ਼ਨ ਲੈਣ ਲਈ ਤਿੱਖੀ ਧੁੱਪ ਵਿਚ ਪੈਦਲ ਬੈਂਕ ਤੱਕ ਜਾਣਾ ਪਿਆ ਸੀ। ਉਸ ਵੇਲੇ ਦੀ ਵੀਡੀਓ ਵਿਚ 70 ਸਾਲ ਦੀ ਸੂਰੀਆ ਟੁੱਟੀ ਕੁਰਸੀ ਸਹਾਰੇ ਪੈਦਲ ਚਲਦੀ ਨਜ਼ਰ ਆਈ ਸੀ। ਉਸ ਦਾ ਬੇਟਾ ਦੂਜੇ ਸੂਬੇ ਵਿਚ ਮਜ਼ਦੂਰੀ ਕਰਦਾ ਹੈ। ਉਹ ਛੋਟੇ ਬੇਟੇ ਨਾਲ ਰਹਿੰਦੀ ਹੈ, ਜਿਹੜਾ ਪਸ਼ੂਆਂ ਦੀ ਦੇਖਭਾਲ ਕਰਦਾ ਹੈ। ਉਹ ਝੌਂਪੜੀ ਵਿਚ ਰਹਿੰਦੀ ਹੈ ਤੇ ਉਨ੍ਹਾਂ ਕੋਲ ਜ਼ਮੀਨ ਨਹੀਂ ਹੈ। ਇਸ ਵੀਡੀਓ ਤੋਂ ਬਾਅਦ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਸੀ ਕਿ ਬੈਂਕ ਵਾਲਿਆਂ ਨੂੰ ਇਨਸਾਨੀਅਤ ਦਿਖਾਉਣੀ ਚਾਹੀਦੀ ਹੈ।