ਖਨੌਰੀ : ਐੱਮ ਐੱਸ ਪੀ ਸਮੇਤ ਹੋਰ ਮੰਗਾਂ ਦੀ ਪੂਰਤੀ ਲਈ 200 ਤੋਂ ਵੱਧ ਦਿਨਾਂ ਤੋਂ ਖਨੌਰੀ ਬਾਰਡਰ ’ਤੇ ਬੈਠੇ ਅੰਦੋਲਨਕਾਰੀ ਕਿਸਾਨਾਂ ਵਿੱਚੋਂ ਇੱਕ ਨੇ ਖੁਦ ਨੂੰ ਫਾਂਸੀ ਲਾ ਕੇ ਜੀਵਨ ਲੀਲ੍ਹਾ ਸਮਾਪਤ ਕਰ ਲਈ। ਜ਼ਿਲ੍ਹਾ ਮਾਨਸਾ ਦੇ ਪਿੰਡ ਠੂਠਿਆਂਵਾਲੀ ਦਾ ਕਿਸਾਨ ਗੁਰਮੀਤ ਸਿੰਘ ਪੁੱਤਰ ਬਲਵੀਰ ਸਿੰਘ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਨਾਲ ਜੁੜਿਆ ਹੋਇਆ ਸੀ ਤੇ ਮੋਰਚੇ ’ਚ ਇਲੈਕਟ੍ਰੀਸ਼ਨ ਦਾ ਕੰਮ ਕਰਦਾ ਸੀ। ਜਦੋਂ ਬਾਕੀ ਕਿਸਾਨ ਉਥੇ ਨਹੀਂ ਸਨ ਤਾਂ ਗੁਰਮੀਤ ਸਿੰਘ ਨੇ ਪਿੰਡ ਮੱਲਣ ਬਲਾਕ ਦੋਦਾ, ਸ੍ਰੀ ਮੁਕਤਸਰ ਸਾਹਿਬ ਦੇ ਟੈਂਟ ’ਚ ਬੁੱਧਵਾਰ ਸਵੇਰੇ 9:40 ਦੇ ਕਰੀਬ ਆਤਮ ਹੱਤਿਆ ਕਰ ਲਈ। ਕਿਸਾਨ ਆਗੂਆਂ ਜਗਜੀਤ ਸਿੰਘ ਡੱਲੇਵਾਲ ਅਤੇ ਬਲਦੇਵ ਸਿੰਘ ਸੰਦੋਆ ਨੇ ਦੱਸਿਆ ਕਿ ਉਹ ਮੋਰਚੇ ਨੂੰ ਏਨਾ ਪਿਆਰ ਕਰਦਾ ਸੀ ਕਿ ਆਪਣੇ ਮੁੰਡੇ ਦੇ ਵਿਆਹ ’ਚ ਵੀ ਨਹੀਂ ਸੀ ਗਿਆ ਅਤੇ ਮੋਰਚੇ ’ਤੇ ਡਟਿਆ ਰਿਹਾ ਸੀ।