28.2 C
Jalandhar
Tuesday, October 8, 2024
spot_img

ਐਨਕਾਊਂਟਰ ’ਤੇ ਬੰਬੇ ਹਾਈ ਕੋਰਟ ਦੇ ਤਿੱਖੇ ਸਵਾਲ

ਪਿਸਤੌਲ ਲੋਡ ਕਰਨ ਲਈ ਜਾਨ ਚਾਹੀਦੀ ਹੈ, ਇਕ ਮਾੜਕੂ ਨੂੰ ਚਾਰ ਪੁਲਸ ਵਾਲੇ ਸੰਭਾਲ ਨਹੀਂ ਸਕੇ? ਕੀ ਏ ਐੱਸ ਆਈ ਨੂੰ ਪਤਾ ਨਹੀਂ ਸੀ ਕਿ ਸਵੈ-ਰੱਖਿਆ ’ਚ ਪਹਿਲਾਂ ਗੋਲੀ ਪੈਰਾਂ ’ਤੇ ਮਾਰੀਦੀ ਹੈ, ਸਿੱਧੀ ਸਿਰ ’ਚ ਨਹੀਂ? ਕਹਾਣੀ ਜਚ ਨਹੀਂ ਰਹੀ!

ਮੁੰਬਈ : ਮਹਾਰਾਸ਼ਟਰ ’ਚ ਠਾਣੇ ਜ਼ਿਲ੍ਹੇ ਦੇ ਬਦਲਾਪੁਰ ਇਲਾਕੇ ਵਿਚ ਨਰਸਰੀ ਦੀਆਂ ਦੋ ਬੱਚੀਆਂ ਨਾਲ ਯੌਨ ਸ਼ੋਸ਼ਣ ਦੇ ਮੁਲਜ਼ਮ ਅਕਸ਼ੈ ਸ਼ਿੰਦੇ ਦੇ ਐਨਕਾਉਟਰ ’ਤੇ ਬੰਬੇ ਹਾਈ ਕੋਰਟ ਨੇ ਬੁੱਧਵਾਰ ਕੁਝ ਤਿੱਖੀਆਂ ਟਿੱਪਣੀਆਂ ਕਰਨ ਦੇ ਨਾਲ-ਨਾਲ ਅਹਿਮ ਸਵਾਲ ਵੀ ਉਠਾਏ। ਅਕਸ਼ੈ ਦੇ ਪਿਤਾ ਵੱਲੋਂ ਐਨਕਾਊਂਟਰ ਦੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ (ਸਿੱਟ) ਤੋਂ ਜਾਂਚ ਕਰਾਉਣ ਦੀ ਪਟੀਸ਼ਨ ’ਤੇ ਸੁਣਵਾਈ ਕਰਦਿਆਂ ਜਸਟਿਸ ਰੇਵਤੀ ਮੋਹਿਤੇ ਡੇਰੇ ਤੇ ਜਸਟਿਸ ਪਿ੍ਰਥਵੀਰਾਜ ਚਵਾਨ ਦੀ ਬੈਂਚ ਨੇ ਕਿਹਾ ਕਿ ਅਕਸ਼ੈ ਸ਼ਿੰਦੇ ਨੂੰ ਗੋਲੀ ਮਾਰਨ ਦੀ ਲੋੜ ਹੀ ਨਾ ਪੈਂਦੀ, ਜੇ ਪੁਲਸ ਵਾਲੇ ਉਸ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਦੇ। ਇਸ ਦੇ ਨਾਲ ਹੀ ਕਿਹਾ ਕਿ ਉਸ ਦੀ ਮੌਤ ਦੀ ਜਾਂਚ ਨਿਰਪੱਖ ਢੰਗ ਨਾਲ ਹੋਣੀ ਚਾਹੀਦੀ ਹੈ। ਜੇ ਜਾਂਚ ਸਹੀ ਢੰਗ ਨਾਲ ਨਾ ਹੋਈ ਤਾਂ ਉਹ ਢੁੱਕਵੇਂ ਹੁਕਮ ਪਾਸ ਕਰਨ ਲਈ ਮਜਬੂਰ ਹੋਣਗੇ। ਫਾਜ਼ਲ ਜੱਜਾਂ ਨੇ ਕਿਹਾ ਕਿ ਉਹ ਪੁਲਸ ’ਤੇ ਸ਼ੱਕ ਨਹੀਂ ਕਰ ਰਹੇ, ਪਰ ਉਸ ਨੂੰ ਸਾਰੇ ਪੱਖਾਂ ’ਤੇ ਖੁਦ ਨੂੰ ਬੇਦਾਗ ਸਾਬਤ ਕਰਨਾ ਹੋਵੇਗਾ।
ਬੈਂਚ ਨੇ ਅਗਲੀ ਸੁਣਵਾਈ ਤਿੰਨ ਅਕਤੂਬਰ ਦੀ ਤੈਅ ਕੀਤੀ ਹੈ। ਉਦੋਂ ਤੱਕ ਪੁਲਸ ਨੂੰ ਅਕਸ਼ੈ ਦੇ ਪਿਤਾ ਅੰਨਾ ਸ਼ਿੰਦੇ ਦੀ ਇਸ ਸ਼ਿਕਾਇਤ ’ਤੇ ਫੈਸਲਾ ਕਰਨਾ ਹੋਵੇਗਾ ਕਿ ਐਨਕਾਊਂਟਰ ਵਿਚ ਸ਼ਾਮਲ ਪੁਲਸ ਅਫਸਰਾਂ ਖਿਲਾਫ ਐੱਫ ਆਈ ਆਰ ਦਰਜ ਕੀਤੀ ਜਾਵੇ।
ਬੈਂਚ ਨੇ ਕਿਹਾਅਸੀਂ ਕਿਵੇਂ ਮੰਨ ਲਈਏ ਕਿ ਚਾਰ ਅਫਸਰ ਇਕ ਮੁਲਜ਼ਮ ਨੂੰ ਸੰਭਾਲ ਨਹੀਂ ਸਕੇ। ਹਥਕੜੀ ਲੱਗੀ ਸੀ। ਉਸ ਨੇ ਪੁਲਸ ਵਾਲੇ ਦਾ ਪਿਸਤੌਲ ਕਿਵੇਂ ਖੋਹ ਲਿਆ। ਪਿਸਤੌਲ ਨੂੰ ਅਨਲੌਕ ਕਰਨਾ ਤੇ ਉਸ ਨਾਲ ਫਾਇਰ ਕਰਨਾ ਆਸਾਨ ਨਹੀਂ ਹੁੰਦਾ। ਜੇ ਗੋਲੀ ਚਲਾਉਣ ਵਾਲਾ ਅਫਸਰ ਅਸਿਸਟੈਂਟ ਪੁਲਸ ਇੰਸਪੈਕਟਰ ਹੈ, ਤਦ ਉਹ ਇਹ ਨਹੀਂ ਕਹਿ ਸਕਦਾ ਕਿ ਉਸ ਨੂੰ ਕਿਵੇਂ ਰਿਐਕਟ ਕਰਨਾ ਚਾਹੀਦਾ ਸੀ, ਇਸ ਦਾ ਇਲਮ ਨਹੀਂ ਸੀ। ਉਸ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਫਾਇਰ ਕਿੱਥੇ ਕਰਨਾ ਹੈ। ਪਹਿਲਾਂ ਮੁਲਜ਼ਮ ਦੇ ਪੈਰਾਂ ਵਿਚ ਗੋਲੀ ਮਾਰਨ ਦੀ ਥਾਂ ਸਿਰ ਵਿਚ ਕਿਉ ਮਾਰੀ ਗਈ?
ਬੈਂਚ ਨੇ ਅੱਗੇ ਕਿਹਾਜਿਵੇਂ ਹੀ ਮੁਲਜ਼ਮ ਨੇ ਟਿ੍ਰਗਰ ਦਬਾਇਆ, ਚਾਰ ਲੋਕ ਅਸਾਨੀ ਨਾਲ ਉਸ ’ਤੇ ਕਾਬੂ ਪਾ ਸਕਦੇ ਸਨ। ਉਹ ਕੋਈ ਬਹੁਤ ਮਜ਼ਬੂਤ ਆਦਮੀ ਨਹੀਂ ਸੀ। ਸਰਕਾਰੀ ਕਹਾਣੀ ਜਚ ਨਹੀਂ ਰਹੀ, ਇਸ ਨੂੰ ਐਨਕਊਂਟਰ ਮੰਨਣਾ ਮੁਸ਼ਕਲ ਹੈ।
ਪੁਲਸ ਦੇ ਵਕੀਲ ਚੀਫ ਪਬਲਿਕ ਪ੍ਰਾਸੀਕਿਊਟਰ ਹਿਤੇਨ ਵੈਨੇਗਾਵਕਰ ਨੇ ਕਿਹਾ ਕਿ ਮਹਾਰਾਸ਼ਟਰ ਸੀ ਆਈ ਡੀ ਘਟਨਾ ਦੀ ਜਾਂਚ ਕਰ ਰਹੀ ਹੈ। ਇਕ ਐੱਫ ਆਈ ਆਰ ਧਾਰਾ 307 ਤੇ ਇਕ ਐਕਸੀਡੈਂਟਲ ਡੈੱਥ ਰਿਪੋਰਟ (ਏ ਡੀ ਆਰ) ਤਹਿਤ ਦਰਜ ਕੀਤੀ ਗਈ ਹੈ। ਇਸ ’ਤੇ ਬੈਂਚ ਨੇ ਕਿਹਾ ਕਿ ਜਾਂਚ ਕਦੋਂ ਮੁਕੰਮਲ ਹੋਵੇਗੀ। ਇਸ ਮਾਮਲੇ ਵਿਚ ਹੁਣ ਕੋਈ ਭੇਦ ਵਾਲੀ ਗੱਲ ਤਾਂ ਰਹੀ ਨਹੀਂ।
ਬੈਂਚ ਨੇ ਇਹ ਵੀ ਪੁੱਛਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਕਦੋਂ ਲਿਜਾਇਆ ਗਿਆ ਤੇ ਕੀ ਪੋਸਟਮਾਰਟਮ ਦੀ ਵੀਡੀਓਗ੍ਰਾਫੀ ਕੀਤੀ ਗਈ? ਵਕੀਲ ਨੇ ਕਿਹਾ ਕਿ ਮੁਲਜ਼ਮ ਦੀ ਮੌਤ ਦਾ ਕਾਰਨ ਖੂਨ ਨਿਕਲਣਾ ਸੀ। ਗੋਲੀ ਉਸ ਦੇ ਸਿਰ ਵਿੱਚੋਂ ਲੰਘੀ। ਪੁਲਸ ਅਫਸਰ ਦੇ ਸਰੀਰ ਵਿੱਚੋਂ ਵੀ ਇਕ ਗੋਲੀ ਲੰਘੀ।
ਫਾਜ਼ਲ ਜੱਜਾਂ ਨੇ ਕਿਹਾ ਕਿ ਉਹ ਇਸ ਮੌਕੇ ਸ਼ੰਕਾ ਨਹੀਂ ਜ਼ਾਹਰ ਕਰ ਰਹੇ, ਪਰ ਇਹ ਮੰਨਣਾ ਬਹੁਤ ਮੁਸ਼ਕਲ ਹੈ ਕਿ ਅਕਸ਼ੈ ਸਿੰਦੇ ਨੇ ਪੁਲਸ ਅਫਸਰ ਤੋਂ ਪਿਸਤੌਲ ਖੋਹ ਲਿਆ ਤੇ ਫਾਇਰ ਕਰ ਦਿੱਤਾ। ਜਸਟਿਸ ਚਵਾਨ ਨੇ ਕਿਹਾਵੈਨੇਗਾਵਕਰ, ਪਹਿਲੀ ਨਜ਼ਰੇ ਕਹਾਣੀ ’ਤੇ ਭਰੋਸਾ ਨਹੀਂ ਹੁੰਦਾ। ਇਕ ਕਮਜ਼ੋਰ ਆਦਮੀ ਪਿਸਤੌਲ ਨੂੰ ਲੋਡ ਨਹੀਂ ਕਰ ਸਕਦਾ, ਕਿਉਕਿ ਉਸ ਲਈ ਤਾਕਤ ਚਾਹੀਦੀ ਹੈ। ਕੀ ਤੁਸੀਂ ਕਦੇ ਪਿਸਤੌਲ ਵਰਤਿਆ? ਮੈਂ 100 ਵਾਰ ਵਰਤਿਆ ਹੈ, ਇਸ ਕਰਕੇ ਮੈਨੂੰ ਇਸ ਦਾ ਪਤਾ ਹੈ। ਜਦੋਂ ਅਸੀਂ ਗੰਭੀਰ ਅਪਰਾਧਾਂ ਵਾਲੇ ਮੁਲਜ਼ਮ ਨੂੰ ਕਿਤੇ ਲੈ ਕੇ ਜਾਂਦੇ ਹਾਂ ਤਾਂ ਏਨੇ ਲਾਪਰਵਾਹ ਕਿਉ ਹੋ ਜਾਂਦੇ ਹਾਂ? ਮੁਲਜ਼ਮ ਨੂੰ ਕਿਤੇ ਲਿਜਾਣ ਦੀ ਵਿਧੀ ਕੀ ਹੈ? ਤੁਸੀਂ ਕਿਹਾ ਕਿ ਮੁਲਜ਼ਮ ਨੇ ਪੁਲਸ ਵਾਲਿਆਂ ’ਤੇ ਤਿੰਨ ਫਾਇਰ ਕੀਤੇ। ਸਿਰਫ ਇੱਕ ਪੁਲਸ ਵਾਲੇ ਦੇ ਲੱਗਾ, ਬਾਕੀ ਦੋ ਬਾਰੇ ਕੀ ਕਹਿਣਾ ਹੈ?
ਅਕਸ਼ੈ ਇੱਕ ਅਗਸਤ ਨੂੰ ਸਕੂਲ ਵਿਚ ਠੇਕੇ ’ਤੇ ਸਵੀਪਰ ਲੱਗਿਆ ਸੀ। 12 ਤੇ 13 ਅਗਸਤ ਨੂੰ ਉਸ ਨੇ ਕਿੰਡਰ ਗਾਰਟਨ ਵਿਚ ਪੜ੍ਹਨ ਵਾਲੀਆਂ ਤਿੰਨ ਤੇ ਚਾਰ ਸਾਲਾਂ ਦੀਆਂ ਬੱਚੀਆਂ ਦਾ ਵਾਸ਼ਰੂਮ ਵਿਚ ਯੌਨ ਸ਼ੋਸ਼ਣ ਕੀਤਾ। ਇਕ ਬੱਚੀ ਮੁਤਾਬਕ ਉਸ ਦੇ ਕੱਪੜੇ ਖੋਲ੍ਹ ਕੇ ਗਲਤ ਤਰੀਕੇ ਨਾਲ ਛੂਹਿਆ। ਘਟਨਾ ਦੇ ਬਾਅਦ ਦੋਨੋਂ ਸਕੂਲ ਜਾਣ ਤੋਂ ਡਰਨ ਲੱਗੀਆਂ। ਸ਼ੱਕ ਹੋਣ ’ਤੇ ਮਾਤਾ-ਪਿਤਾ ਨੇ ਪੁੱਛਿਆ ਤਾਂ ਬੱਚੀ ਨੇ ਸਾਰੀ ਕਹਾਣੀ ਦੱਸੀ। ਫਿਰ ਮਾਤਾ-ਪਿਤਾ ਨੇ ਦੂਜੀ ਬੱਚੀ ਦੇ ਮਾਤਾ-ਪਿਤਾ ਨਾਲ ਗੱਲ ਕੀਤੀ। ਇਸ ਦੇ ਬਾਅਦ ਮੈਡੀਕਲ ਟੈੱਸਟ ਵਿਚ ਯੌਨ ਸ਼ੋਸ਼ਣ ਦਾ ਖੁਲਾਸਾ ਹੋਇਆ। ਬੱਚੀਆਂ ਦੇ ਪਰਵਾਰ ਵਾਲੇ ਥਾਣੇ ਗਏ ਤਾਂ ਪੁਲਸ ਨੇ ਐੱਫ ਆਈ ਆਰ ਦਰਜ ਕਰਨ ਤੋਂ ਟਾਲਮਟੋਲ ਕੀਤੀ। ਪਰਵਾਰਾਂ ਨੇ ਸਮਾਜੀ ਕਾਰਕੁਨਾਂ ਦੀ ਮਦਦ ਮੰਗੀ ਤਾਂ ਜਾ ਕੇ 16 ਅਗਸਤ ਦੇਰ ਰਾਤ ਐੱਫ ਆਈ ਆਰ ਦਰਜ ਕੀਤੀ ਗਈ। ਇਸ ਤੋਂ ਬਾਅਦ 20 ਅਗਸਤ ਨੂੰ ਲੋਕਾਂ ਨੇ ਸਵੇਰੇ 8 ਤੋਂ ਸ਼ਾਮ 6 ਵਜੇ ਤਕ ਬਦਲਾਪੁਰ ਸਟੇਸ਼ਨ ’ਤੇ ਟਰੇਨਾਂ ਰੋਕ ਦਿੱਤੀਆਂ। ਸ਼ਾਮ ਨੂੰ ਪੁਲਸ ਨੇ ਲਾਠੀਚਾਰਜ ਕਰਕੇ ਸਟੇਸ਼ਨ ਖਾਲੀ ਕਰਵਾਇਆ। ਇਸ ਤੋਂ ਬਾਅਦ ਉਪ ਮੁੱਖ ਮੰਤਰੀ ਦਵਿੰਦਰ ਫੜਨਵੀਸ, ਜਿਨ੍ਹਾ ਕੋਲ ਗ੍ਰਹਿ ਮੰਤਰਾਲਾ ਹੈ, ਨੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਤੋਂ ਜਾਂਚ ਕਰਾਉਣ ਤੇ ਕੇਸ ਫਾਸਟ ਟ੍ਰੈਕ ਵਿਚ ਚਲਾਉਣ ਦੀ ਗੱਲ ਕਹੀ। ਐੱਫ ਆਈ ਆਰ ਦਰਜ ਕਰਨ ਵਿਚ ਦੇਰੀ ਲਈ ਮਹਿਲਾ ਇੰਸਪੈਕਟਰ ਸਣੇ ਤਿੰਨ ਪੁਲਸ ਵਾਲਿਆਂ ਨੂੰ ਮੁਅੱਤਲ ਕਰ ਦਿੱਤਾ ਗਿਆ। ਸਕੂਲ ਦੇ ਪਿ੍ਰੰਸੀਪਲ ਤੇ ਕੁਝ ਸਟਾਫ ਮੈਂਬਰਾਂ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ।
ਅਕਸ਼ੈ ਨੂੰ ਜਿਸ ਏ ਐੱਸ ਆਈ ਸੰਜੇ ਸ਼ਿੰਦੇ ਨੇ ਮਾਰਿਆ, ਉਹ ਠਾਣੇ ਕ੍ਰਾਈਮ ਬਰਾਂਚ ਦੇ ਐਂਟੀ-ਐਕਸਟਾਰਸ਼ਨ ਸੈੱਲ ਦਾ ਹੈੱਡ ਰਹਿ ਚੁੱਕਿਆ ਹੈ। ਉਹ ਐਨਕਾਊਂਟਰ ਸਪੈਸ਼ਲਿਸਟ ਪ੍ਰਦੀਪ ਸ਼ਰਮਾ ਦੀ ਟੀਮ ਵਿਚ ਵੀ ਰਿਹਾ, ਜਿਸ ਟੀਮ ਨੇ 2017 ਵਿਚ ਅੰਡਰਵਰਲਡ ਡੌਨ ਦਾਊਦ ਦੇ ਭਰਾ ਇਕਬਾਲ ਕਾਸਕਰ ਨੂੰ ਗਿ੍ਰਫਤਾਰ ਕੀਤਾ ਸੀ। ਬੰਬੇ ਹਾਈ ਕੋਰਟ ਨੇ 2006 ਵਿਚ ਗੈਂਗਸਟਰ ਛੋਟਾ ਰਾਜਨ ਦੇ ਕਰੀਬੀ ਨੂੰ ਫਰਜ਼ੀ ਐਨਕਾਊਂਟਰ ਵਿਚ ਮਾਰਨ ਦੇ ਦੋਸ਼ ਵਿਚ ਪ੍ਰਦੀਪ ਸ਼ਰਮਾ ਨੂੰ 19 ਮਾਰਚ ਨੂੰ ਤਾਉਮਰ ਕੈਦ ਦੀ ਸਜ਼ਾ ਸੁਣਾਈ ਸੀ। ਸੰਜੇ ਸ਼ਿੰਦੇ ਖਿਲਾਫ 2012 ਵਿਚ ਜਾਂਚ ਵੀ ਹੋਈ ਸੀ। 2012 ਵਿਚ ਦੋ ਹੱਤਿਆਵਾਂ ਦਾ ਮੁਲਜ਼ਮ ਵਿਜੇ ਪਲਾਂਡੇ ਪੁਲਸ ਹਿਰਾਸਤ ਵਿੱਚੋਂ ਭੱਜ ਗਿਆ ਸੀ। ਉਹ ਜਿਸ ਐੱਸ ਯੂ ਵੀ ਵਿਚ ਭੱਜਿਆ ਸੀ, ਉਸ ’ਚ ਸੰਜੇ ਸ਼ਿੰਦੇ ਦੀ ਵਰਦੀ ਮਿਲੀ ਸੀ। ਉਹ ਸਾਲ 2000 ਵਿਚ ਅਗਵਾ ਕੇਸ ’ਚ ਵੀ ਵਿਵਾਦਾਂ ’ਚ ਆਇਆ ਸੀ। ਅਕਸ਼ੈ ਸ਼ਿੰਦੇ ਦੇ ਐਨਕਾਊਂਟਰ ਤੋਂ ਬਾਅਦ ਬੁੱਧਵਾਰ ਸਵੇਰੇ ਮੁੰਬਈ ਦੇ ਬਾਂਦਰਾ ਕਲਾ ਨਗਰ ਵਿਚ ਕਈ ਪੋਸਟਰ ਨਜ਼ਰ ਆਏ। ਪੋਸਟਰ ’ਚ ਉਪ ਮੁੱਖ ਮੰਤਰੀ ਦਵਿੰਦਰ ਫੜਨਵੀਸ ਦੀਆਂ ਤਿੰਨ ਤਸਵੀਰਾਂ ਹਨ। ਉਹ ਬੰਦੂਕ ਤੇ ਅਸਾਲਟ ਰਾਈਫਲ ਫੜੀ ਨਜ਼ਰ ਆ ਰਹੇ ਹਨ। ਭਗਵਾਂ ਰੰਗ ਦੇ ਪੋਸਟਰ ਵਿਚ ‘ਬਦਲਾ ਪੂਰਾ’ ਲਿਖਿਆ ਹੋਇਆ ਹੈ। ਇਹ ਨਹੀਂ ਪਤਾ ਲੱਗਾ ਕਿ ਪੋਸਟਰ ਕਿਸ ਨੇ ਲਾਏ।

Related Articles

LEAVE A REPLY

Please enter your comment!
Please enter your name here

Latest Articles