28.6 C
Jalandhar
Friday, October 18, 2024
spot_img

ਸੁਪਰੀਮ ਕੋਰਟ ਨੇ ਲੱਡੂ ਸਿਆਸਤਦਾਨਾਂ ਨੂੰ ਝਾੜਿਆ : ਰੱਬ ਨੂੰ ਤਾਂ ਬਖਸ਼ ਦਿਓ

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਸੋਮਵਾਰ ਇਹ ਕਹਿੰਦਿਆਂ ਕਿ ਘੱਟੋ-ਘੱਟ ਰੱਬ ਨੂੰ ਤਾਂ ਸਿਆਸਤ ਤੋਂ ਲਾਂਭੇ ਰਹਿਣ ਦਿੱਤਾ ਜਾਣਾ ਚਾਹੀਦਾ ਹੈ, ਸਵਾਲ ਕੀਤਾ ਕਿ ਇਸ ਗੱਲ ਦੇ ਕੀ ਸਬੂਤ ਹਨ ਕਿ ਤਿਰੂਪਤੀ ਲੱਡੂ ਬਣਾਉਣ ਲਈ ਮਿਲਾਵਟੀ ਘਿਓ ਦਾ ਇਸਤੇਮਾਲ ਕੀਤਾ ਗਿਆ।
ਜਸਟਿਸ ਬੀ ਆਰ ਗਵਈ ਅਤੇ ਜਸਟਿਸ ਕੇ ਵੀ ਵਿਸ਼ਵਨਾਥਨ ਦੀ ਬੈਂਚ ਨੇ ਨਾਲ ਹੀ ਇਹ ਸਵਾਲ ਵੀ ਕੀਤਾ ਕਿ ਜਦੋਂ ਇਸ ਮਾਮਲੇ ਵਿਚ ਪਹਿਲਾਂ ਹੀ ਜਾਂਚ ਦੇ ਹੁਕਮ ਦੇ ਦਿੱਤੇ ਗਏ ਸਨ ਤਾਂ ਇਸ ਸੰਬੰਧੀ ਜਨਤਕ ਬਿਆਨ ਦੇਣ ਦੀ ਕੀ ਲੋੜ ਸੀ। ਬੈਂਚ ਨੇ ਕਿਹਾਅਸੀਂ ਉਮੀਦ ਕਰਦੇ ਹਾਂ ਕਿ ਘੱਟੋ-ਘੱਟ ਰੱਬ ਨੂੰ ਤਾਂ ਸਿਆਸਤ ਤੋਂ ਦੂਰ ਰੱਖਿਆ ਜਾਵੇਗਾ।
ਸਾਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਬੈਂਚ ਨੂੰ ਕਿਹਾ ਕਿ ਇਹ ਸ਼ਰਧਾ ਤੇ ਆਸਥਾ ਦਾ ਮਾਮਲਾ ਹੈ ਅਤੇ ਜੇ ਲੱਡੂ ਬਣਾਉਣ ਲਈ ਮਿਲਾਵਟੀ ਘਿਓ ਦੀ ਵਰਤੋਂ ਕੀਤੀ ਗਈ ਹੈ ਤਾਂ ਇਹ ਬਰਦਾਸ਼ਤਯੋਗ ਨਹੀਂ ਹੈ।
ਬੈਂਚ ਵੱਖ-ਵੱਖ ਪਟੀਸ਼ਨਾਂ ਉਤੇ ਗੌਰ ਕਰ ਰਹੀ ਸੀ, ਜਿਨ੍ਹਾਂ ’ਚ ਤਿਰੂਪਤੀ ਲੱਡੂ ਬਣਾਉਣ ਲਈ ਕਥਿਤ ਤੌਰ ’ਤੇ ਪਸ਼ੂਆਂ ਦੀ ਚਰਬੀ ਦਾ ਇਸਤੇਮਾਲ ਕੀਤੇ ਜਾਣ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਗਈ ਹੈ।
ਇਸੇ ਮਹੀਨੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ ਚੰਦਰਬਾਬੂ ਨਾਇਡੂ ਨੇ ਇਹ ਬਿਆਨ ਦੇ ਕੇ ਭਾਰੀ ਸਿਆਸੀ ਤੂਫਾਨ ਖੜ੍ਹਾ ਕਰ ਦਿੱਤਾ ਸੀ ਕਿ ਸੂਬੇ ਦੀ ਉਨ੍ਹਾ ਤੋਂ ਪਹਿਲੀ ਵਾਈ ਐੱਸ ਜਗਨ ਮੋਹਨ ਰੈਡੀ ਸਰਕਾਰ ਵੱਲੋਂ ਲੱਡੂ ਬਣਾਉਣ ਲਈ ਪਸ਼ੂਆਂ ਦੀ ਚਰਬੀ ਵਾਲੇ ਘਿਓ ਦਾ ਇਸਤੇਮਾਲ ਕੀਤਾ ਜਾ ਰਿਹਾ ਸੀ। ਦੂਜੇ ਪਾਸੇ ਵਾਈ ਐੱਸ ਆਰ ਕਾਂਗਰਸ ਨੇ ਮੁੱਖ ਮੰਤਰੀ ਉਤੇ ਸਿਆਸੀ ਲਾਹੇ ਲਈ ਘਿਨਾਉਣੇ ਇਲਜ਼ਾਮ ਲਾਉਣ ਦਾ ਦੋਸ਼ ਲਾਇਆ ਹੈ।
ਕੋਰਟ ਨੇ ਕਿਹਾ ਕਿ ਰਿਪੋਰਟ ਤੋਂ ਪਤਾ ਲਗਦਾ ਹੈ ਕਿ ਜਿਹੜੇ ਘਿਓ ਦੀ ਜਾਂਚ ਕੀਤੀ ਗਈ ਸੀ, ਉਹ ਰਿਜੈਕਟ ਕੀਤਾ ਗਿਆ ਘਿਓ ਸੀ। ਇਸ ਤੋਂ ਇਲਾਵਾ ਕੋਰਟ ਨੇ ਆਂਧਰਾ ਸਰਕਾਰ ਤੋਂ ਪੁੱਛਿਆ ਕਿ ਐੱਸ ਆਈ ਟੀ ਜਾਂਚ ਦਾ ਹੁਕਮ ਦੇਣ ਤੋਂ ਬਾਅਦ ਪ੍ਰੈੱਸ ’ਚ ਜਾਣ ਦੀ ਕੀ ਲੋੜ ਸੀ? ਸੁਬਰਾਮਨੀਅਮ ਸਵਾਮੀ ਵੱਲੋਂ ਦਾਇਰ ਇਕ ਪਟੀਸ਼ਨ ਦੀ ਪ੍ਰਤੀਨਿਧਤਾ ਕਰਨ ਵਾਲੇ ਸੀਨੀਅਰ ਵਕੀਲ ਰਾਜਸ਼ੇਖਰ ਰਾਓ ਨੇ ਕਿਹਾ ਕਿ ਉਹ ਇਕ ਭਗਤ ਦੇ ਰੂਪ ’ਚ ਇੱਥੇ ਆਏ ਹਨ ਤੇ ਪ੍ਰਸ਼ਾਦ ’ਚ ਗੰਦਗੀ ਬਾਰੇ ਪ੍ਰੈੱਸ ’ਚ ਦਿੱਤੇ ਗਏ ਬਿਆਨ ਦੇ ਦੂਰਗਾਮੀ ਨਤੀਜੇ ਹੋ ਸਕਦੇ ਹਨ। ਇਸ ਨਾਲ ਕਈ ਹੋਰ ਮੁੱਦੇ ਉੱਠ ਸਕਦੇ ਹਨ ਤੇ ਫਿਰਕੂ ਸਦਭਾਵਨਾ ਵਿਗੜ ਸਕਦੀ ਹੈ, ਇਹ ਚਿੰਤਾ ਦਾ ਵਿਸ਼ਾ ਹੈ। ਜੇ ਭਗਵਾਨ ਦੇ ਪ੍ਰਸ਼ਾਦ ’ਤੇ ਕੋਈ ਪ੍ਰਸ਼ਨ ਚਿੰਨ੍ਹ ਹੈ ਤਾਂ ਇਸ ਦੀ ਜਾਂਚ ਹੋਣੀ ਚਾਹੀਦੀ ਹੈ।
ਕੋਰਟ ਨੇ ਕਿਹਾ ਕਿ ਇਹ ਉਚਿਤ ਹੋਵੇਗਾ ਕਿ ਸਾਲੀਸਿਟਰ ਜਨਰਲ ਇਹ ਫੈਸਲਾ ਕਰਨ ’ਚ ਉਸ ਦੀ ਮਦਦ ਕਰੇ ਕਿ ਪਹਿਲਾਂ ਤੋਂ ਨਿਯੁਕਤ ਐੱਸ ਆਈ ਟੀ ਨੂੰ ਜਾਰੀ ਰੱਖਿਆ ਜਾਵੇ ਜਾਂ ਜਾਂਚ ਕਿਸੇ ਸੁਤੰਤਰ ਏਜੰਸੀ ਤੋਂ ਕਰਵਾਈ ਜਾਵੇ।
ਇਸ ਤੋਂ ਬਾਅਦ ਕੋਰਟ ਨੇ ਮਾਮਲੇ ਦੀ ਸੁਣਵਾਈ 3 ਅਕਤੂਬਰ ਨੂੰ ਦੁਪਹਿਰ 3:30 ਵਜੇ ਕਰਨ ਦਾ ਨਿਰਦੇਸ਼ ਦਿੱਤਾ। ਬੈਂਚ ਨੇ ਇਕ ਵਕੀਲ ਲੂਥਰਾ ਨੂੰ ਕਿਹਾ ਕਿ ਤੁਸੀਂ ਆਪਣੇ ਸਾਰੇ ਮੁਵੱਕਲਾਂ ਨੂੰ ਬਿਆਨ ਦਿੰਦੇ ਸਮੇਂ ਸੰਜਮ ਵਰਤਣ ਲਈ ਕਹੋ। ਸਿਰਫ ਇਸ ਲਈ ਕਿ ਨਮੂਨੇ ’ਚ ਸੋਇਆਬੀਨ ਦਾ ਤੇਲ ਹੋ ਸਕਦਾ ਹੈ, ਇਸ ਦਾ ਮਤਲਬ ਇਹ ਨਹੀਂ ਕਿ ਮੱਛੀ ਦੇ ਤੇਲ ਦੀ ਵਰਤੋਂ ਕੀਤੀ ਗਈ ਹੈ। ਸਪਲਾਇਰ ’ਤੇ ਸ਼ੱਕ ਜ਼ਾਹਰ ਕੀਤਾ ਜਾ ਸਕਦਾ ਹੈ, ਪਰ ਬਿਨਾਂ ਸਬੂਤਾਂ ਦੇ ਅਜਿਹਾ ਬਿਆਨ ਦੇਣਾ ਸਹੀ ਨਹੀਂ ਹੈ।

Related Articles

LEAVE A REPLY

Please enter your comment!
Please enter your name here

Latest Articles