ਕਾਦੀਆਂ (ਯਾਦਵਿੰਦਰ ਸਿੰਘ ਮਲਹੋਤਰਾ)
ਸੋਮਵਾਰ ਬਾਅਦ ਦੁਪਹਿਰ ਬਟਾਲਾ-ਕਾਦੀਆਂ ਰੋਡ ਉਤੇ ਪ੍ਰਾਈਵੇਟ ਬੱਸ ਸਕੂਟਰੀ ਨੂੰ ਬਚਾਉਦੀ ਬੇਕਾਬੂ ਹੋ ਕੇ ਪਿੰਡ ਸ਼ਾਹਬਾਦ ਦੇ ਸ਼ੈਲਟਰ ਵਿਚ ਜਾ ਵੱਜਣ ਕਾਰਨ ਇਕ ਬੱਚੇ ਤੇ ਇਕ ਔਰਤ ਸਣੇ ਘੱਟੋ-ਘੱਟ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ, ਜਦੋਂਕਿ ਇਕ ਹੋਰ ਔਰਤ ਦੇ ਵੀ ਮਾਰੇ ਜਾਣ ਦਾ ਖਦਸ਼ਾ ਹੈ। ਡੇਢ ਦਰਜਨ ਦੇ ਕਰੀਬ ਲੋਕ ਜ਼ਖਮੀ ਹੋਏ ਹਨ, ਜਿਨ੍ਹਾਂ ਵਿੱਚੋਂ ਕਰੀਬ ਅੱਧੀ ਦਰਜਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਸੀ। ਇਕ ਔਰਤ ਦਾ ਸਿਰ ਧੜ ਤੋਂ ਵੱਖ ਹੋ ਗਿਆ। ਮਾਰੇ ਗਏ ਬੱਚੇ ਦੀ ਪਛਾਣ ਅਭਿਜੋਤ ਸਿੰਘ (13) ਪੁੱਤਰ ਭੁਪਿੰਦਰ ਸਿੰਘ ਪਿੰਡ ਸੰਗਤਪੁਰਾ ਵਜੋਂ ਹੋਈ ਹੈ, ਜਦੋਂਕਿ ਇਕ ਹੋਰ ਦੀ ਪਛਾਣ ਕਾਲੂ (26) ਪਿੰਡ ਤਲਵੰਡੀ ਖੁੱਬਣ ਵਜੋਂ ਹੋਈ ਹੈ, ਜੋ ਆਪਣੀ ਪਤਨੀ ਜੋਤੀ ਸਮੇਤ ਜ਼ਿਲ੍ਹਾ ਹੁਸ਼ਿਆਰਪੁਰ ਵਿਚ ਆਪਣੇ ਸਹੁਰੇ ਪਿੰਡ ਜਾ ਰਿਹਾ ਸੀ। ਬੱਸ ਹੇਠ ਆ ਕੇ ਕੁਝ ਮੋਟਰਸਾਈਕਲ ਤੇ ਸਕੂਟਰੀਆਂ ਨੁਕਸਾਨੀਆਂ ਗਈਆਂ।
ਬਟਾਲਾ ਦੇ ਐੱਸ ਐੱਸ ਪੀ ਸੁਹੇਲ ਕਾਸਿਮ ਮੀਰ ਨੇ ਦੱਸਿਆ ਕਿ ਛੇ ਜ਼ਖਮੀ ਬਟਾਲਾ ਦੇ ਸਿਵਲ ਹਸਪਤਾਲ ਵਿਚ ਦਾਖਲ ਸਨ, ਜਦੋਂਕਿ ਕਰੀਬ ਛੇ ਨੂੰ ਹੀ ਅੰਮਿ੍ਰਤਸਰ ਰੈਫਰ ਕਰਨਾ ਪਿਆ। ਬੱਸ ਬਟਾਲਾ ਤੋਂ ਮੁਹਾਲੀ ਜਾ ਰਹੀ ਸੀ। ਚਸ਼ਮਦੀਦਾਂ ਮੁਤਾਬਕ ਹਾਦਸਾ ਏਨਾ ਭਿਆਨਕ ਸੀ ਕਿ ਸ਼ੈਲਟਰ ਦਾ ਲੈਂਟਰ ਹੀ ਬੱਸ ਦੇ ਅੰਦਰ ਧਸ ਗਿਆ। ਪਿੰਡ ਸ਼ਾਹਬਾਦ ਨੇੜੇ ਹੋਏ ਇਸ ਹਾਦਸੇ ਵਿੱਚ ਮਰਨ ਵਾਲੇ ਸਾਰੇ ਲੋਕ ਨੇੜਲੇ ਪਿੰਡਾਂ ਦੇ ਵਸਨੀਕ ਸਨ।