ਨਵੀਂ ਦਿੱਲੀ : ਲੱਦਾਖ ਲਈ ਵਧੇਰੇ ਹੱਕਾਂ ਵਾਸਤੇ ਅੰਦੋਲਨ ਕਰ ਰਹੇ ਵਾਤਾਵਰਨ ਕਾਰਕੰੁਨ ਤੇ ਸਿੱਖਿਆ ਸੁਧਾਰਕ ਸੋਨਮ ਵਾਂਗਚੁਕ ਅਤੇ ਉਨ੍ਹਾ ਦੇ ਸਾਥੀਆਂ ਨੂੰ ਲੇਹ ਤੋਂ ਦਿੱਲੀ ਤੱਕ ਪੈਦਲ ਮਾਰਚ ਕਰਦਿਆਂ ਸਿੰਘੂ ਬਾਰਡਰ ਉਤੇ ਰੋਕ ਕੇ ਹਿਰਾਸਤ ਵਿਚ ਲੈ ਲਿਆ ਗਿਆ, ਜਿਸ ਤੋਂ ਬਾਅਦ ਉਨ੍ਹਾਂ ਮੰਗਲਵਾਰ ਪੁਲਸ ਥਾਣੇ ਵਿਚ ਬੇਮਿਆਦੀ ਭੁੱਖ-ਹੜਤਾਲ ਸ਼ੁਰੂ ਕਰ ਦਿੱਤੀ। ਉਹ ਲੱਦਾਖ ਨੂੰ ਸੰਵਿਧਾਨ ਦੀ ਛੇਵੀਂ ਪੱਟੀ ਵਿਚ ਸ਼ਾਮਲ ਕਰਨ ਦੀ ਮੰਗ ਉਤੇ ਜ਼ੋਰ ਦੇਣ ਲਈ ਪੈਦਲ ਮਾਰਚ ਉਤੇ ਨਿਕਲੇ ਹੋਏ ਸਨ। ਉਨ੍ਹਾਂ ਦੀ ਇਹ ‘ਦਿੱਲੀ ਚੱਲੋ ਪਦਯਾਤਰਾ’ ਇਕ ਮਹੀਨਾ ਪਹਿਲਾਂ ਲੇਹ ਤੋਂ ਸ਼ੁਰੂ ਹੋਈ ਸੀ। ਸੋਮਵਾਰ ਰਾਤ ਯਾਤਰਾ ਦੇ ਸਿੰਘੂ ਬਾਰਡਰ ਵੱਲੋਂ ਦਿੱਲੀ ਵਿਚ ਦਾਖਲ ਹੋਣ ਉਤੇ ਵਾਂਗਚੁਕ ਤੇ ਉਨ੍ਹਾਂ ਦੇ ਕਰੀਬ 120 ਸਾਥੀਆਂ ਨੂੰ ਪੁਲਸ ਨੇ ਹਿਰਾਸਤ ਵਿਚ ਲੈ ਲਿਆ। ਇਹ ਮਾਰਚ ਲੇਹ ਅਪੈਕਸ ਬਾਡੀ (ਐੱਲ ਏ ਬੀ) ਵੱਲੋਂ ਕਾਰਗਿਲ ਡੈਮੋਕ੍ਰੇਟਿਕ ਅਲਾਇੰਸ (ਕੇ ਡੀ ਏ) ਦੇ ਸਹਿਯੋਗ ਨਾਲ ਕੱਢਿਆ ਜਾ ਰਿਹਾ ਸੀ। ਪੁਲਸ ਨੇ ਕਿਹਾ ਕਿ ਵਾਂਗਚੁਕ ਤੇ ਸਾਥੀਆਂ ਨੂੰ ਮਨਾਹੀ ਦੇ ਹੁਕਮਾਂ ਦੀ ਉਲੰਘਣਾ ਕਰਨ ਕਾਰਨ ਦਿੱਲੀ ਬਾਰਡਰ ਤੋਂ ਹਿਰਾਸਤ ਵਿਚ ਲਿਆ ਗਿਆ ਹੈ। ਉਨ੍ਹਾਂ ਨੂੰ ਬਵਾਨਾ, ਨਰੇਲਾ ਇੰਡਸਟਰੀਅਲ ਏਰੀਆ ਅਤੇ ਅਲੀਪੁਰ ਦੇ ਪੁਲਸ ਥਾਣਿਆਂ ਵਿਚ ਰੱਖਿਆ ਗਿਆ ਹੈ। ਵਾਂਗਚੁਕ ਦਾ ਮਾਰਚ ਦੋ ਅਕਤੂਬਰ ਨੂੰ ਰਾਜਘਾਟ ’ਤੇ ਸਮਾਪਤ ਹੋਣਾ ਸੀ।
ਪੁਲਸ ਅਧਿਕਾਰੀ ਨੇ ਕਿਹਾ-ਅਸੀਂ ਉਨ੍ਹਾਂ ਨੂੰ ਵਾਪਸ ਜਾਣ ਲਈ ਮਨਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਕਿਉਂਕਿ ਦਿੱਲੀ ਵਿਚ ਭਾਰਤੀ ਨਿਆਂ ਸੰਹਿਤਾ (ਬੀ ਐੱਨ ਐੱਸ) ਦੀ ਦਫਾ 163 (ਜਿਹੜੀ ਪੰਜ ਜਾਂ ਇਸ ਤੋਂ ਜ਼ਿਆਦਾ ਲੋਕਾਂ ਦੇ ਇਕੱਤਰ ਹੋਣ ਦੀ ਮਨਾਹੀ ਕਰਦੀ ਹੈ) ਆਇਦ ਕੀਤੀ ਗਈ ਹੈ।
ਅੰਦੋਲਨਕਾਰੀ ਗਰੁੱਪ ਦੇ ਇਕ ਨੁਮਾਇੰਦੇ ਨੇ ਦੱਸਿਆ ਕਿ ਵਾਂਗਚੁਕ ਨੂੰ ਬਵਾਨਾ ਥਾਣੇ ਲਿਜਾਇਆ ਗਿਆ ਅਤੇ ਉਨ੍ਹਾ ਨੂੰ ਆਪਣੇ ਵਕੀਲ ਨੂੰ ਮਿਲਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ। ਉਸ ਨੇ ਕਿਹਾ ਕਿ ਵਾਂਗਚੁਕ ਤੇ ਉਨ੍ਹਾਂ ਦੇ ਸਾਥੀਆਂ ਨੇ ਵੱਖ-ਵੱਖ ਥਾਣਿਆਂ ਵਿਚ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਵਾਂਗਚੁਕ ਤੇ ਹੋਰਨਾਂ ਦੀ ਨਜ਼ਰਬੰਦੀ ਖਿਲਾਫ ਲੇਹ ਵਿਚ ਸੈਂਕੜੇ ਮਰਦ, ਔਰਤਾਂ ਤੇ ਵਿਦਿਆਰਥੀ ਮੰਗਲਵਾਰ ਸੜਕਾਂ ’ਤੇ ਉੱਤਰ ਆਏ ਤੇ ਉਨ੍ਹਾ ‘ਦਿੱਲੀ ਪੁਲਸ, ਸ਼ੇਮ ਸ਼ੇਮ’ ਦੇ ਨਾਅਰੇ ਲਾਏ।
ਕੇਂਦਰ ਸਰਕਾਰ ਨੂੰ ਲੱਦਾਖ ਦੇ ਆਗੂਆਂ ਨਾਲ ਮੁੜ ਗੱਲਬਾਤ ਸ਼ੁਰੂ ਕਰਨ ਲਈ ਮਜਬੂਰ ਕਰਨ ਵਾਸਤੇ ਵਾਂਗਚੁਕ ਨੇ ਪਹਿਲੀ ਸਤੰਬਰ ਤੋਂ ਮਾਰਚ ਸ਼ੁਰੂ ਕੀਤਾ ਸੀ। ਉਨ੍ਹਾਂ ਦੀਆਂ ਚਾਰ ਪ੍ਰਮੁੱਖ ਮੰਗਾਂ ਹਨਲੱਦਾਖ ਨੂੰ ਰਾਜ ਦਾ ਦਰਜਾ ਦਿੱਤਾ ਜਾਵੇ, ਲੱਦਾਖ ਨੂੰ ਸੰਵਿਧਾਨ ਦੀ ਛੇਵੀਂ ਪੱਟੀ ਵਿਚ ਸ਼ਾਮਲ ਕੀਤਾ ਜਾਵੇ, ਲੇਹ ਤੇ ਕਾਰਗਿਲ ਦੀਆਂ ਦੋ ਲੋਕ ਸਭਾ ਸੀਟਾਂ ਬਣਾਈਆਂ ਜਾਣ ਅਤੇ ਭਰਤੀ ਪ੍ਰਕਿਰਿਆ ਲਈ ਵਿਸ਼ੇਸ਼ ਪਬਲਿਕ ਸਰਵਿਸ ਕਮਿਸ਼ਨ ਬਣਾਇਆ ਜਾਵੇ।
ਕਾਂਗਰਸ ਨੇ ਲੱਦਾਖੀ ਅੰਦੋਲਨਕਾਰੀਆਂ ਨੂੰ ਹਿਰਾਸਤ ਵਿਚ ਲਏ ਜਾਣ ਦੀ ਸਖਤ ਨਿਖੇਧੀ ਕੀਤੀ ਹੈ। ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਆਲੋਚਨਾ ਕਰਿਦਆਂ ਕਿਹਾ ਕਿ ਉਨ੍ਹਾ ਨੂੰ ਲੱਦਾਖੀ ਲੋਕਾਂ ਦੀ ਆਵਾਜ਼ ਸੁਣਨੀ ਚਾਹੀਦੀ ਹੈ। ਉਨ੍ਹਾ ਆਪਣੇ ‘ਐਕਸ’ ਹੈਂਡਲ ’ਤੇ ਪਾਈ ਪੋਸਟ ਵਿਚ ਕਿਹਾਵਾਤਾਵਰਨੀ ਤੇ ਸੰਵਿਧਾਨਕ ਹੱਕਾਂ ਲਈ ਪੁਰਅਮਨ ਢੰਗ ਨਾਲ ਮਾਰਚ ਕਰ ਰਹੇ ਸੋਨਮ ਵਾਂਗਚੁਕ ਜੀ ਅਤੇ ਸੈਂਕੜੇ ਲੱਦਾਖੀਆਂ ਨੂੰ ਹਿਰਾਸਤ ਵਿਚ ਲਏ ਜਾਣ ਦੀ ਕਾਰਵਾਈ ਬਰਦਾਸ਼ਤਯੋਗ ਨਹੀਂ ਹੈ। ਲੱਦਾਖ ਦੇ ਭਵਿੱਖ ਲਈ ਸੰਘਰਸ਼ਸ਼ੀਲ ਬਜ਼ੁਰਗ ਨਾਗਰਿਕਾਂ ਨੂੰ ਦਿੱਲੀ ਦੇ ਬਾਰਡਰ ’ਤੇ ਹਿਰਾਸਤ ਵਿਚ ਕਿਉ ਲਿਆ ਜਾ ਰਿਹਾ ਹੈ। ਮੋਦੀ ਜੀ, ਕਿਸਾਨਾਂ ਵਾਂਗ ਇਹ ਚੱਕਰਵਿਊ ਵੀ ਟੁੱਟੇਗਾ ਅਤੇ ਨਾਲ ਹੀ ਤੁਹਾਡਾ ਹੰਕਾਰ। ਤੁਹਾਨੂੰ ਲੱਦਾਖ ਦੀ ਆਵਾਜ਼ ਸੁਣਨੀ ਪਵੇਗੀ।
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਵਾਂਗਚੁਕ ਤੇ ਉਨ੍ਹਾ ਦੇ ਸਾਥੀਆਂ ਖਿਲਾਫ ਬਚਕਾਨਾ ਤੇ ਨਿਹਾਇਤ ਹੀ ਗੈਰਜਮਹੂਰੀ ਕਾਰਵਾਈ ਕੀਤੀ ਗਈ ਹੈ। ਉਨ੍ਹਾ ਕਿਹਾ ਕਿ ਲੱਦਾਖ ਵਿਚ ਕਬਾਇਲੀ ਭਾਈਚਾਰਿਆਂ ਦੇ ਹਿੱਤਾਂ ਦੀ ਰਾਖੀ ਲਈ ਵਿਆਪਕ ਅੰਦੋਲਨ ਚੱਲ ਰਿਹਾ ਹੈ ਤੇ ਮੋਦੀ ਸਰਕਾਰ ਆਪਣੇ ਭਿ੍ਰਸ਼ਟ ਕਾਰਪੋਰੇਟ ਸਾਥੀਆਂ ਦੇ ਫਾਇਦੇ ਲਈ ਲੱਦਾਖ ਦੇ ਨਾਜ਼ੁਕ ਹਿਮਾਲੀਅਨ ਗਲੇਸ਼ੀਅਰਾਂ ਨੂੰ ਤਬਾਹ ਕਰਨ ’ਤੇ ਤੁਲੀ ਹੋਈ ਹੈ। ਕਾਂਗਰਸ ਦੇ ਜਨਰਲ ਸਕੱਤਰ ਕੇ ਸੀ ਵੇਣੂਗੋਪਾਲ ਨੇ ਕਿਹਾ ਕਿ ਭਾਰਤ ਸਰਕਾਰ ਨੇ ਦੋ ਅਕਤੂਬਰ ਤੋਂ ਪਹਿਲਾਂ ਮਹਾਤਮਾ ਗਾਂਧੀ ਦੇ ਆਦਰਸ਼ਾਂ ਨੂੰ ਕਤਲ ਕੀਤਾ ਹੈ। ਵਾਂਗਚੁਕ ਦੀ ਹਿਰਾਸਤ ਦੱਸਦੀ ਹੈ ਕਿ ਸਰਕਾਰ ਆਪਣੇ ਹੱਕਾਂ ਦੀ ਗੱਲ ਕਰਨ ਵਾਲੇ ਹਰ ਬੰਦੇ ਤੋਂ ਡਰਦੀ ਹੈ। ਲੱਦਾਖ ਨੂੰ ਚੁੱਪ ਕਰਾ ਕੇ ਵੱਡੇ ਕਾਰਪੋਰੇਟਾਂ ਹਵਾਲੇ ਕਰਨ ਦੇ ਯਤਨ ਹੋ ਰਹੇ ਹਨ।