ਸਾਡਾ ਹੀ ਇਕ ਅਜਿਹਾ ਦੇਸ਼ ਹੈ, ਜਿਥੇ ਕੁੜੀਆਂ ਹਾਈ ਸਕੂਲ ਨਹੀਂ ਜਾ ਸਕਦੀਆਂ | ਸਕੂਲ ਜਾਣ ‘ਤੇ ਪਾਬੰਦੀ ਲੱਗਣ ਦੇ ਇਕ ਸਾਲ ਬਾਅਦ ਦੁਨੀਆ ਦੇ ਨਾਂਅ ਇਕ ਪੱਤਰ ਵਿਚ ਨਾਬਾਲਗ ਅਫਗਾਨ ਕੁੜੀਆਂ ਨੇ ਆਪਣੀ ਇਹ ਪੀੜਾ ਜ਼ਾਹਰ ਕੀਤੀ ਹੈ | ਕਾਬਲ ਵਿਚ ਚੋਰੀ-ਛਿਪੇ ਪੜ੍ਹ ਰਹੀਆਂ ਕੁੜੀਆਂ ਦੇ ਇਕ ਗਰੁੱਪ ਨੇ ਪੱਤਰ ਵਿਚ ਆਪਣੇ ਜਜ਼ਬਾਤ ਜਿਵੇਂ ਬਿਆਨ ਕੀਤੇ ਹਨ, ਉਹ ਆਪਣੇ ਬੱਚੇ-ਬੱਚੀਆਂ ਨੂੰ ਪੜ੍ਹਾ-ਲਿਖਾ ਕੇ ਜ਼ਿੰਦਗੀ ਵਿਚ ਕਾਮਯਾਬ ਬਣਾਉਣਾ ਲੋਚਦੇ ਕਿਸੇ ਵੀ ਵਿਅਕਤੀ ਦਾ ਹਿਰਦਾ ਵਲੰੂਧਰ ਕੇ ਰੱਖ ਦੇਣਗੇ | ਇਸ ਪੱਤਰ ਨੂੰ ਤਾਲਿਬਾਨ ਦੀ ਦਹਿਸ਼ਤ ਦੇ ਸਾਏ ‘ਚ ਕੁੜੀਆਂ ਨੂੰ ਆਪਣੇ ਘਰ ਵਿਚ ਚੋਰੀ-ਛੁਪੇ ਪੜ੍ਹਾਉਣ ਵਾਲੀ ਅਧਿਆਪਕਾ ਨੇ ਜੱਗ-ਜ਼ਾਹਰ ਕੀਤਾ ਹੈ | ਸਿਰਫ ਪਸ਼ਤੋ ਵਜੋਂ ਆਪਣੀ ਪਛਾਣ ਕਰਾਉਂਦਿਆਂ ਅਧਿਆਪਕਾ ਨੇ ਕਿਹਾ ਹੈ ਕਿ ਅਸੀਂ ਉਸ ਤਾਲਿਬਾਨ ਹਕੂਮਤ ਹੇਠ ਰਹਿ ਰਹੇ ਹਾਂ, ਜਿਸ ਦਾ ਕਹਿਣਾ ਹੈ ਕਿ ਕੁੜੀਆਂ ਸਿਰਫ ਰਸੋਈ ਦਾ ਕੰਮ ਕਰਨ ਲਈ ਹੁੰਦੀਆਂ ਹਨ, ਉਹ ਆਪਣੇ-ਆਪ ਨੂੰ ਸਿਰ ਤੋਂ ਪੈਰਾਂ ਤੱਕ ਕੱਜ ਕੇ ਰੱਖਣ ਅਤੇ ਘਰੋਂ ਬਾਹਰ ਪਰਵਾਰ ਦੇ ਮਰਦ ਮੈਂਬਰ ਨਾਲ ਹੀ ਨਿਕਲਣ | ਤਾਲਿਬਾਨ ਰਾਜ ਦੀ ਦੁਬਾਰਾ ਸਥਾਪਤੀ ਨੂੰ 15 ਅਗਸਤ ਨੂੰ ਸਾਲ ਹੋ ਜਾਣਾ ਹੈ | ਤਾਲਿਬਾਨ ਨੇ ਵਾਅਦਾ ਕੀਤਾ ਸੀ ਕਿ ਕੁੜੀਆਂ ਸਕੂਲ-ਕਾਲਜ ਜਾ ਸਕਣਗੀਆਂ, ਪਰ ਸਤੰਬਰ ‘ਚ ਪਾਬੰਦੀ ਲਾ ਦਿੱਤੀ, ਜਿਹੜੀ ਅਜੇ ਤੱਕ ਨਹੀਂ ਚੁੱਕੀ ਗਈ |
ਪੱਤਰ ਵਿਚ 16 ਸਾਲ ਦੀ ਮਰੀਅਮ ਨੇ ਆਪਣੇ ਜਜ਼ਬਾਤ ਇਸ ਤਰ੍ਹਾਂ ਬਿਆਨ ਕੀਤੇ ਹਨ—ਮੈਂ ਆਪਣੇ ਦੇਸ਼ ਦੀ ਰਾਸ਼ਟਰਪਤੀ ਬਣਨਾ ਚਾਹੁੰਦੀ ਸੀ, ਪੁਜ਼ੀਸ਼ਨ, ਦੌਲਤ ਜਾਂ ਪ੍ਰਸਿੱਧੀ ਲਈ ਨਹੀਂ, ਸਗੋਂ ਦੇਸ਼ ਦੇ ਨਿਰਮਾਣ ਅਤੇ ਕਾਬਲ ਨੂੰ ਪੈਰਿਸ ਵਰਗਾ ਬਣਾਉਣ ਲਈ, ਪਰ ਇਸ ਵੇਲੇ ਤਾਂ ਮੈਂ ਸਕੂਲ ਹੀ ਨਹੀਂ ਜਾ ਸਕਦੀ | 15 ਸਾਲਾ ਸ਼ੀਕਬਾ ਨੇ ਲਿਖਿਆ ਹੈ—ਮੇਰੀ ਬਹੁਤ ਵੱਡੀ ਇੱਛਾ ਹੈ ਕਿ ਤਾਲਿਬਾਨ ਕੁੜੀਆਂ ਦੇ ਪੜ੍ਹਨ ਤੇ ਮਹਿਲਾਵਾਂ ਦੇ ਕੰਮ ਕਰਨ ਦੇ ਹੱਕ ਨੂੰ ਬਹਾਲ ਕਰ ਦੇਣ | ਜੇ ਅਸੀਂ ਸਕੂਲ ਨਾ ਗਈਆਂ ਤਾਂ ਯੂਨੀਵਰਸਿਟੀਆਂ ‘ਚ ਕਿਵੇਂ ਜਾਵਾਂਗੀਆਂ? ਤਾਲਿਬਾਨ ਕਹਿੰਦੇ ਹਨ ਕਿ ਮਹਿਲਾਵਾਂ ਦਾ ਇਲਾਜ ਮਹਿਲਾ ਡਾਕਟਰ ਕਰਨਗੀਆਂ, ਪਰ ਇਹ ਕਿਵੇਂ ਸੰਭਵ ਹੋਵੇਗਾ, ਜੇ ਅਸੀਂ ਪੜ੍ਹੀਆਂ ਹੀ ਨਾ | ਅਧਿਆਪਕਾ ਬਣਨਾ ਚਾਹੁੰਦੀ 12 ਸਾਲ ਦੀ ਯਾਲਦਾ ਨੇ ਲਿਖਿਆ ਹੈ—ਅਸੀਂ ਤਾਲਿਬਾਨ ਤੋਂ ਘਾਬਰਦੀਆਂ ਨਹੀਂ | ਅਫਗਾਨਿਸਤਾਨ ਦੀ ਹਰ ਕੁੜੀ ਦੇ ਵੱਡੇ ਸੁਫਨੇ ਹਨ, ਪਰ ਸਾਨੂੰ ਜਿਹੜੀ ਕਾਲ-ਕੋਠੜੀ ਵਿਚ ਧੱਕ ਦਿੱਤਾ ਗਿਆ, ਉਸ ਵਿਚੋਂ ਬਾਹਰ ਆਉਣ ਲਈ ਤੁਹਾਡੀ ਮਦਦ ਦਰਕਾਰ ਹੈ | 13 ਸਾਲ ਦੀ ਸ਼ਰੀਫਾ ਨੇ ਲਿਖਿਆ ਹੈ—ਕਈ ਹੋਰਨਾਂ ਵਾਂਗ ਮੇਰੇ ਪਰਵਾਰ ਨੇ ਕੁਝ ਸਿੱਖਣ ਤੇ ਦੇਸ਼ ਦੀ ਸੇਵਾ ਕਰਨ ਲਈ ਬਹੁਤ ਮੁਸ਼ਕਲਾਂ ਤੇ ਕੁਰਬਾਨੀਆਂ ਨਾਲ ਸਕੂਲ ਘੱਲਿਆ, ਪਰ ਤਾਲਿਬਾਨ ਨੇ ਸਭ ਬਰਬਾਦ ਕਰ ਦਿੱਤਾ | ਸਾਨੂੰ ਅਫਗਾਨ ਕੁੜੀਆਂ ਨੂੰ ਬਹੁਤ ਸੰਘਰਸ਼ ਕਰਨਾ ਪੈ ਰਿਹਾ ਹੈ, ਪਰ ਅਸੀਂ ਆਤਮ-ਸਮਰਪਣ ਕਦੇ ਨਹੀਂ ਕਰਾਂਗੀਆਂ | 17 ਸਾਲ ਦੀ ਹਮੀਰਾ ਨੇ ਲਿਖਿਆ ਹੈ—ਇਕ ਸਾਲ ਪਹਿਲਾਂ ਅਸੀਂ ਸੋਚਿਆ ਨਹੀਂ ਸੀ ਕਿ ਸਾਡੀ ਜ਼ਿੰਦਗੀ ਦਰਹਮ-ਬਰਹਮ ਹੋ ਜਾਵੇਗੀ ਤੇ ਹਰ ਪਾਸੇ ਹਨੇਰਾ ਛਾ ਜਾਵੇਗਾ | ਦੁਨੀਆ ਵਾਲਿਓ, ਸਾਨੂੰ ਪਤਾ ਕਿ ਤੁਸੀਂ ਆਪਣੀਆਂ ਜ਼ਿੰਦਗੀਆਂ ਵਿਚ ਰੁਝੇ ਹੋਏ ਹੋ, ਪਰ ਕੀ ਅਫਗਾਨ ਕੁੜੀਆਂ ਛੁਟੇਰੀਆਂ ਹਨ? ਕੀ ਅਸੀਂ ਚੰਗੇ ਭਵਿੱਖ ਦੀ ਆਸ ਨਹੀਂ ਰੱਖ ਸਕਦੀਆਂ? ਨਰਗਿਸ ਨੇ ਲਿਖਿਆ ਹੈ—ਮੈਂ ਪਹਿਲੀ ਅਫਗਾਨ ਮਹਿਲਾ ਪੁਲਾੜ ਯਾਤਰੀ ਬਣ ਕੇ ਚੰਦ ਤੇ ਮੰਗਲ ‘ਤੇ ਜਾਣ ਅਤੇ ਆਪਣੇ ਲੋਕਾਂ ਨੂੰ ਜੰਗ ਤੋਂ ਦੂਰ ਉੱਥੇ ਲਿਜਾਣ ਦਾ ਸੁਫਨਾ ਲਿਆ ਸੀ | ਸਾਡੀਆਂ ਨਿਰਾਸ਼ ਕੁੜੀਆਂ ਦੀ ਅਰਜ਼ੋਈ ਹੈ ਕਿ ਤਾਲਿਬਾਨ, ਅਫਗਾਨਿਸਤਾਨ ਦੇ ਲੋਕ, ਦੁਨੀਆ-ਭਰ ਵਿਚ ਰਹਿੰਦੇ ਅਫਗਾਨ ਮਰਦ ਤੇ ਔਰਤਾਂ, ਸਿਆਸਤਦਾਨ, ਸੰਸਾਰ ਆਗੂ ਤੇ ਕੌਮਾਂਤਰੀ ਭਾਈਚਾਰਾ ਸਾਡੇ ਸੁਫਨੇ ਸਾਕਾਰ ਕਰਨ ਵਿਚ ਮਦਦ ਕਰਨ | ਇਹ ਸਾਡੀ ਛੋਟੀ ਜਿਹੀ ਖਾਹਿਸ਼ ਹੈ, ਪਰ ਸਾਨੂੰ ਸਮਝ ਨਹੀਂ ਆਉਂਦੀ ਕਿ ਤੁਸੀਂ ਖਾਮੋਸ਼ ਕਿਉਂ ਹੋ?