ਪਟਨਾ : ਬਿਹਾਰ ‘ਚ ਸੱਤਾਧਾਰੀ ਕੌਮੀ ਜਮਹੂਰੀ ਗੱਠਜੋੜ ਦੇ ਭਾਈਵਾਲਾਂ ਜਨਤਾ ਦਲ-ਯੂਨਾਈਟਿਡ ਅਤੇ ਭਾਰਤੀ ਜਨਤਾ ਪਾਰਟੀ ਵਿਚਾਲੇ ਤਣਾਅ ਪੈਦਾ ਹੋਣ ਦੀਆਂ ਅਫਵਾਹਾਂ ਵਿਚਾਲੇ ਸੂਬੇ ਦੀ ਮੁੱਖ ਵਿਰੋਧੀ ਧਿਰ ਰਾਸ਼ਟਰੀ ਜਨਤਾ ਦਲ ਨੇ ਸੋਮਵਾਰ ਕਿਹਾ ਕਿ ਜੇ ਮੁੱਖ ਮੰਤਰੀ ਨਿਤੀਸ਼ ਕੁਮਾਰ ਭਾਜਪਾ ਨਾਲ ਨਾਤਾ ਤੋੜ ਦਿੰਦੇ ਹਨ ਤਾਂ ਉਹ ਨਿਤੀਸ਼ ਤੇ ਉਨ੍ਹਾ ਦੀ ਪਾਰਟੀ ਨੂੰ ਗਲ ਲਾਉਣ ਲਈ ਤਿਆਰ ਹੈ | ਰਾਸ਼ਟਰੀ ਜਨਤਾ ਦਲ ਦੇ ਕੌਮੀ ਮੀਤ ਪ੍ਰਧਾਨ ਸ਼ਿਵਾਨੰਦ ਤਿਵਾੜੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਮੰਗਲਵਾਰ ਨੂੰ ਦੋਵਾਂ ਪਾਰਟੀਆਂ ਵੱਲੋਂ ਵਿਧਾਇਕਾਂ ਦੀ ਮੀਟਿੰਗ ਸੱਦੇ ਜਾਣਾ ਇਸ ਗੱਲ ਦਾ ਸਪੱਸ਼ਟ ਸੰਕੇਤ ਹੈ ਕਿ ਸਥਿਤੀ ਅਸਾਧਾਰਨ ਹੈ |
ਤਿਵਾੜੀ ਨੇ ਕਿਹਾ—ਨਿੱਜੀ ਤੌਰ ‘ਤੇ ਮੈਨੂੰ ਨਹੀਂ ਪਤਾ ਕਿ ਕੀ ਹੋ ਰਿਹਾ ਹੈ, ਪਰ ਇਸ ਤੱਥ ਨੂੰ ਅਣਡਿੱਠ ਨਹੀਂ ਕੀਤਾ ਜਾ ਸਕਦਾ ਕਿ ਦੋਹਾਂ ਪਾਰਟੀਆਂ, ਜਿਨ੍ਹਾਂ ਕੋਲ ਬਹੁਮਤ ਜੁਟਾਉਣ ਲਈ ਚੋਖੇ ਵਿਧਾਇਕ ਹਨ, ਨੇ ਮੀਟਿੰਗਾਂ ਉਦੋਂ ਸੱਦੀਆਂ ਹਨ, ਜਦੋਂ ਅਸੰਬਲੀ ਅਜਲਾਸ ਲਾਗੇ ਨਹੀਂ ਹੈ | ਜੇ ਨਿਤੀਸ਼ ਗੱਠਜੋੜ ਵਿਚੋਂ ਬਾਹਰ ਆ ਜਾਂਦੇ ਹਨ ਤਾਂ ਸਾਡੇ ਕੋਲ ਉਨ੍ਹਾ ਨੂੰ ਗਲੇ ਲਾਉਣ ਤੋਂ ਇਲਾਵਾ ਹੋਰ ਕਿਹੜਾ ਰਾਹ ਬਚਦਾ ਹੈ | ਰਾਜਦ ਭਾਜਪਾ ਨਾਲ ਲੜਨ ਪ੍ਰਤੀ ਪ੍ਰਤੀਬੱਧ ਹੈ | ਜੇ ਮੁੱਖ ਮੰਤਰੀ ਇਸ ਲੜਾਈ ਵਿਚ ਸ਼ਾਮਲ ਹੋਣ ਦਾ ਫੈਸਲਾ ਕਰਦੇ ਹਨ ਤਾਂ ਅਸੀਂ ਉਨ੍ਹ੍ਹਾ ਨੂੰ ਨਾਲ ਮਿਲਾਵਾਂਗੇ |
ਇਹ ਪੁੱਛੇ ਜਾਣ ‘ਤੇ ਕਿ ਕੀ ਰਾਜਦ ਬੀਤੇ ਦੀਆਂ ਕੁਸੈਲੀਆਂ ਯਾਦਾਂ ਨੂੰ ਭੁਲਾਉਣ ਲਈ ਤਿਆਰ ਹੈ, ਜਦੋਂ 2017 ਵਿਚ ਨਿਤੀਸ਼ ਲਾਲੂ ਤੇ ਉਨ੍ਹਾ ਦੇ ਪਰਿਵਾਰ ‘ਤੇ ਭਿ੍ਸ਼ਟਾਚਾਰ ਦੇ ਦੋਸ਼ ਲਾ ਕੇ ਮੁੜ ਕੌਮੀ ਜਮਹੂਰੀ ਗੱਠਜੋੜ (ਐੱਨ ਡੀ ਏ) ਵਿਚ ਚਲੇ ਗਏ ਸਨ, ਤਿਵਾੜੀ ਨੇ ਕਿਹਾ—ਸਿਆਸਤ ਵਿਚ ਅਸੀਂ ਬੀਤੇ ਦੇ ਕੈਦੀ ਬਣੇ ਨਹੀਂ ਰਹਿ ਸਕਦੇ | ਅਸੀਂ ਸਮਾਜਵਾਦੀਆਂ ਨੇ ਵੇਲੇ ਦੀ ਸੱਤਾਧਾਰੀ ਕਾਂਗਰਸ ਖਿਲਾਫ ਲੜਾਈ ਸ਼ੁਰੂ ਕੀਤੀ ਸੀ, ਪਰ ਜਦੋਂ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ ਸੀ, ਸੰਵਿਧਾਨ ਦੇ ਹਵਾਲੇ ਨਾਲ ਲਾਈ ਸੀ | ਭਾਜਪਾ, ਜਿਹੜੀ ਕਿ ਅਰਬੀ ਘੋੜਾ ਬਣ ਚੁੱਕੀ ਹੈ, ਸੰਵਿਧਾਨ ਨੂੰ ਤਬਾਹ ਕਰਨ ‘ਤੇ ਤੁਲੀ ਹੋਈ ਹੈ | ਸਾਨੂੰ ਵੇਲੇ ਦੀਆਂ ਵੰਗਾਰਾਂ ਦਾ ਜਵਾਬ ਦੇਣਾ ਪੈਣਾ | ਇਹ ਸਭ ਕਿਆਸਅਰਾਈਆਂ ਉਦੋਂ ਲੱਗ ਰਹੀਆਂ ਹਨ, ਜਦੋਂ ਬੀਤੇ ਦਿਨੀਂ ਨਿਤੀਸ਼ ਕੁਮਾਰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਦੀ ਵਿਦਾਈ ਤੇ ਨਵੇਂ ਰਾਸ਼ਟਰਪਤੀ ਦਰੋਪਦੀ ਮੁਰਮੂ ਦੇ ਸਹੁੰ ਚੁੱਕਣ ਦੇ ਸਮਾਰੋਹਾਂ ਵਿਚ ਸ਼ਾਮਲ ਨਹੀਂ ਹੋਏ | ਉਹ ਐਤਵਾਰ ਨੀਤੀ ਆਯੋਗ ਦੀ ਮੀਟਿੰਗ ਵਿਚ ਵੀ ਨਹੀਂ ਪੁੱਜੇ, ਜਿਸ ਦੀ ਪ੍ਰਧਾਨਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤੀ | ਇਸੇ ਦੌਰਾਨ ਨਿਤੀਸ਼ ਦੇ ਕਰੀਬੀ ਸੀਨੀਅਰ ਮੰਤਰੀ ਵਿਜੇ ਚੌਧਰੀ ਨੇ ਕਿਹਾ ਹੈ—ਅਸੀਂ ਮੰਗਲਵਾਰ ਸਥਿਤੀ ਦਾ ਜਾਇਜ਼ਾ ਲੈਣ ਤੋਂ ਬਾਅਦ ਫੈਸਲਾ ਕਰਾਂਗੇ | ਭਾਜਪਾ ਨਿਤੀਸ਼ ਖਿਲਾਫ ਸਾਜ਼ਿਸ਼ਾਂ ਕਰਕੇ ਪਾਰਟੀ ਨੂੰ ਤੋੜਨਾ ਚਾਹੁੰਦੀ ਹੈ | ਕਾਂਗਰਸ ਦੇ ਕੁਲ ਹਿੰਦ ਸਕੱਤਰ ਤੇ ਵਿਧਾਇਕ ਸ਼ਕੀਲ ਅਹਿਮਦ ਖਾਨ ਨੇ ਕਿਹਾ ਹੈ ਕਿ ਬਿਹਾਰ ਵਿਚ ਜੋ ਹੋ ਰਿਹਾ ਹੈ, ਉਹ ਸ਼ੁਭ ਸੰਕੇਤ ਹਨ | ਭਾਜਪਾ ਦਾ ਇਤਿਹਾਦੀਆਂ ਨੂੰ ਪ੍ਰੇਸ਼ਾਨ ਕਰਨ ਦਾ ਇਤਿਹਾਸ ਹੈ ਤੇ ਹੁਣ ਉਹ ਆਪਣੀ ਦਵਾਈ ਦਾ ਸਵਾਦ ਚੱਖਣ ਜਾ ਰਹੀ ਹੈ | ਉਨ੍ਹਾ ਇਨ੍ਹਾਂ ਰਿਪੋਰਟਾਂ ਬਾਰੇ ਟਿੱਪਣੀ ਕਰਨ ਤੋਂ ਨਾਂਹ ਕਰ ਦਿੱਤੀ ਕਿ ਐਤਵਾਰ ਰਾਤ ਨਿਤੀਸ਼ ਨੇ ਸੋਨੀਆ ਗਾਂਧੀ ਨਾਲ ਫੋਨ ‘ਤੇ ਗੱਲ ਕੀਤੀ | ਭਾਜਪਾ ਆਗੂਆਂ ਨੇ ਸਭ ਕਾਸੇ ‘ਤੇ ਖਾਮੋਸ਼ੀ ਧਾਰੀ ਹੋਈ ਹੈ |