ਵਾਸ਼ਿੰਗਟਨ : ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਈਰਾਨ ਵੱਲੋਂ ਇਜ਼ਰਾਈਲ ’ਤੇ ਮਿਜ਼ਾਈਲਾਂ ਦਾਗਣ ਤੋਂ ਬਾਅਦ ਕਿਹਾ ਹੈ ਕਿ ਅਮਰੀਕਾ ਵਿਚ ਜੋਅ ਬਾਇਡਨ ਨਾਂਅ ਦਾ ਰਾਸ਼ਟਰਪਤੀ ਗੈਰ-ਮੌਜੂਦ ਹੈ ਤੇ ਕਮਲਾ ਹੈਰਿਸ ਨਾਂਅ ਦੀ ਉਪ ਰਾਸ਼ਟਰਪਤੀ ਨਦਾਰਦ ਹੈ, ਜਦਕਿ ਦੁਨੀਆ ਤੀਜੀ ਜੰਗ ਦੇ ਮੁਹਾਨੇ ’ਤੇ ਪੁੱਜ ਗਈ ਹੈ। ਟਰੰਪ ਨੇ ਦੋਸ਼ ਲਾਇਆ ਹੈ ਕਿ ਕਮਲਾ ਹੈਰਿਸ ਸਾਨ ਫਰਾਂਸਿਸਕੋ ਵਿਚ ਚੋਣ ਫੰਡ ਇਕੱਠਾ ਕਰਨ ’ਤੇ ਲੱਗੀ ਹੋਈ ਹੈ। ਪਤਾ ਨਹੀਂ ਲੱਗ ਰਿਹਾ ਕਿ ਮੁਲਕ ਦਾ ਵਾਲੀ-ਵਾਰਸ ਕੌਣ ਹੈ ਅਤੇ ਸਪੱਸ਼ਟ ਨਹੀਂ ਹੋ ਰਿਹਾ ਕਿ ਵਧੇਰੇ ਭੰਬਲਭੂਸੇ ਵਿਚ ਕੌਣ ਹੈਬਾਇਡਨ ਜਾਂ ਕਮਲਾ। ਇਨ੍ਹਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਹੋ ਕੀ ਰਿਹਾ ਹੈ। ਉਨ੍ਹਾ ਕਿਹਾਜਦੋਂ ਮੈਂ ਰਾਸ਼ਟਰਪਤੀ ਹੁੰਦਾ ਸੀ, ਈਰਾਨ ’ਤੇ ਪੂਰੀ ਨਕੇਲ ਕੱਸੀ ਹੋਈ ਸੀ। ਮੈਂ ਐਸੀ ਢਿੰਬਰੀ ਟੈਟ ਕੀਤੀ ਸੀ ਕਿ ਉਹ ਨਕਦੀ ਨੂੰ ਤਰਸ ਰਿਹਾ ਸੀ। ਸਮਝੌਤੇ ਲਈ ਲਿਲਕੜੀਆਂ ਕੱਢ ਰਿਹਾ ਸੀ। ਕਮਲਾ ਨੇ ਉਸ ਲਈ ਅਮਰੀਕੀ ਨਕਦੀ ਦਾ ਮੂੰਹ ਖੋਲ੍ਹ ਦਿੱਤਾ ਤੇ ਉਦੋਂ ਤੋਂ ਉਹ ਹਰ ਪਾਸੇ ਦਹਿਸ਼ਤਗਰਦੀ ਬਰਾਮਦ ਕਰ ਰਿਹਾ ਹੈ। ਹੁਣ ਹਰ ਪਾਸੇ ਜੰਗ ਚੱਲ ਰਹੀ ਹੈ ਜਾਂ ਜੰਗ ਦਾ ਖਤਰਾ ਮੰਡਰਾ ਰਿਹਾ ਹੈ। ਇਸ ਦੇਸ਼ ਨੂੰ ਚਲਾ ਰਹੇ ਦੋ ਨਾਅਹਿਲ ਸਾਨੂੰ ਤੀਜੀ ਸੰਸਾਰ ਜੰਗ ਵੱਲ ਲਿਜਾ ਰਹੇ ਹਨ। ਜੇ ਕਮਲਾ (ਰਾਸ਼ਟਰਪਤੀ ਚੋਣ ਵਿਚ ਟਰੰਪ ਦੇ ਮੁਕਾਬਲੇ ਡੈਮਕਰੇਟਿਕ ਉਮੀਦਵਾਰ) ਜਿੱਤ ਗਈ ਤਾਂ ਦੁਨੀਆ ਵਿਚ ਧੂੰਆਂ ਹੀ ਧੂੰਆਂ ਹੋਵੇਗਾ।