ਚੰਡੀਗੜ੍ਹ : ਅਦਾਕਾਰਾ ਅਤੇ ਭਾਜਪਾ ਦੀ ਲੋਕ ਸਭਾ ਮੈਂਬਰ ਕੰਗਨਾ ਰਣੌਤ ਨੇ 2 ਅਕਤੂਬਰ ਨੂੰ ਰਾਸ਼ਟਰਪਿਤਾ ਮਹਾਤਮਾ ਗਾਂਧੀ ਅਤੇ ਸਾਬਕਾ ਪ੍ਰਧਾਨ ਮੰਤਰੀ ਲਾਲ ਬਹਾਦਰ ਸ਼ਾਸਤਰੀ ਦੇ ਜਨਮ ਦਿਵਸ ਮੌਕੇ ਆਪਣੇ ਇੰਸਟਾਗ੍ਰਾਮ ਪੇਜ ਉਤੇ ਇਕ ਸਟੋਰੀ ਸ਼ੇਅਰ ਕਰਕੇ ਸ਼ਾਸਤਰੀ ਜੀ ਨੂੰ ਸ਼ਰਧਾਂਜਲੀ ਦਿੰਦਿਆਂ ਅਜਿਹੀ ਟਿੱਪਣੀ ਕੀਤੀ, ਜਿਸ ਨਾਲ ਵਿਵਾਦ ਖੜ੍ਹਾ ਹੋ ਗਿਆ। ਕੰਗਨਾ ਨੇ ਲਿਖਿਆ-ਦੇਸ਼ ਦੇ ਪਿਤਾ ਨਹੀਂ, ਦੇਸ਼ ਦੇ ਤਾਂ ਲਾਲ (ਪੁੱਤ) ਹੁੰਦੇ ਹਨ। ਧੰਨ ਹਨ, ਭਾਰਤ ਮਾਂ ਦੇ ਇਹ ਲਾਲ। ਇਸ ਦੇ ਹੇਠਾਂ ਸ਼ਾਸਤਰੀ ਜੀ ਦੀ ਤਸਵੀਰ ਲਾ ਕੇ ਉਨ੍ਹਾ ਨੂੰ ਸ਼ਰਧਾਂਜਲੀ ਦਿੱਤੀ ਗਈ ਹੈ। ਕੰਗਨਾ ਦੀ ਇਸ ਟਿੱਪਣੀ ਨੂੰ ਸ਼ਾਸਤਰੀ ਜੀ ਨੂੰ ਸ਼ਰਧਾਂਜਲੀ ਦੇਣ ਦੇ ਨਾਲ ਹੀ ਮਹਾਤਮਾ ਗਾਂਧੀ ਨੂੰ ‘ਰਾਸ਼ਟਰਪਿਤਾ’ ਵਜੋਂ ਸਤਿਕਾਰੇ ਜਾਣ ਉਤੇ ਸਵਾਲ ਖੜ੍ਹੇ ਕਰਨ ਵਜੋਂ ਦੇਖਿਆ ਜਾ ਰਿਹਾ ਹੈ। ਇਸ ਕਾਰਨ ਇਹ ਪੋਸਟ ਚਰਚਾ ਵਿਚ ਆ ਗਈ ਹੈ। ਮਹਾਤਮਾ ਗਾਂਧੀ ਨੂੰ ‘ਰਾਸ਼ਟਰਪਿਤਾ’ ਦਾ ਖਿਤਾਬ ਸਭ ਤੋਂ ਪਹਿਲਾਂ ਸੁਭਾਸ਼ ਚੰਦਰ ਬੋਸ ਨੇ ਦਿੱਤਾ ਸੀ ਅਤੇ ਨੇਤਾ ਜੀ ਬੋਸ ਨੇ ਭਾਰਤ ਦੇ ਆਜ਼ਾਦੀ ਅੰਦੋਲਨ ਵਿਚ ਮਹਾਤਮਾ ਗਾਂਧੀ ਦੇ ਯੋਗਦਾਨ ਨੂੰ ਸਲਾਹਿਆ ਸੀ।
ਕੰਗਨਾ ਦੀ ਇਸ ਪੋਸਟ ਉਤੇ ਸੋਸ਼ਲ ਮੀਡੀਆ ਵਿਚ ਤਿੱਖੀਆਂ ਪ੍ਰਤੀਕਿਰਿਆਵਾਂ ਆ ਰਹੀਆਂ ਹਨ ਅਤੇ ਇਸ ਤਰ੍ਹਾਂ ਭਾਜਪਾ ਦੀ ਹਿਮਾਚਲ ਪ੍ਰਦੇਸ਼ ਦੇ ਮੰਡੀ ਹਲਕੇ ਤੋਂ ਇਹ ਸੰਸਦ ਮੈਂਬਰ ਇਕ ਵਾਰੀ ਮੁੜ ਵਿਵਾਦਾਂ ਵਿਚ ਹੈ। ਹਾਲਾਂਕਿ ਇਸ ਤੋਂ ਬਾਅਦ ਪੋਸਟ ਕੀਤੀ ਇਕ ਹੋਰ ਸਟੋਰੀ ਰਾਹੀਂ ਉਸ ਨੇ ਮਹਾਤਮਾ ਗਾਂਧੀ ਦੀ ਜੈਅੰਤੀ ਮੌਕੇ ਗਾਂਧੀ ਜੀ ਦੇ ਸਵੱਛਤਾ ਸੰਬੰਧੀ ਦਿ੍ਰਸ਼ਟੀਕੋਣ ਨੂੰ ਅੱਗੇ ਤੋਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕਰਦਿਆਂ ਸਵੱਛਤਾ ਦੀ ਲੋੜ ਉਤੇ ਜ਼ੋਰ ਦਿੱਤਾ ਹੈ।