ਇਸਲਾਮਾਬਾਦ : ਇਮਰਾਨ ਖਾਨ ਦੀ ਪਾਕਿਸਤਾਨ ਤਹਿਰੀਕ-ਇ-ਇਨਸਾਫ ਪਾਰਟੀ ਨੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੂੰ ਸਰਕਾਰ ਖਿਲਾਫ ਇਸਲਾਮਾਬਾਦ ਵਿਚ ਕੀਤੇ ਜਾ ਰਹੇ ਪ੍ਰੋਟੈੱਸਟ ’ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਜੈਸ਼ੰਕਰ ਨੇ 15-16 ਅਕਤੂਬਰ ਨੂੰ ਸ਼ੰਘਾਈ ਕੋਆਪ੍ਰੇਸ਼ਨ ਆਰਗੇਨਾਈਜ਼ੇਸ਼ਨ ਦੇ ਸਿਖਰ ਸੰਮੇਲਨ ਵਿਚ ਹਿੱਸਾ ਲੈਣਾ ਹੈ। ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਦੇ ਸਲਾਹਕਾਰ ਮੁਹੰਮਦ ਅਲੀ ਸੈਫ ਨੇ ਕਿਹਾ ਕਿ ਜੈਸ਼ੰਕਰ ਪ੍ਰੋਟੈੱਸਟ ਰੈਲੀ ਵਿਚ ਆਉਣ, ਸਾਡੇ ਲੋਕਾਂ ਨਾਲ ਗੱਲ ਕਰਨ ਤੇ ਦੇਖਣ ਕਿ ਪਾਕਿਸਤਾਨ ’ਚ ਤਾਕਤਵਰ ਜਮਹੂਰੀਅਤ ਹੈ, ਜਿੱਥੇ ਹਰ ਕਿਸੇ ਨੂੰ ਪ੍ਰੋਟੈੱਸਟ ਦਾ ਹੱਕ ਹੈ। ਇਮਰਾਨ ਦੀ ਪਾਰਟੀ ਸੰਵਿਧਾਨ ਦੀ ਪਾਲਣਾ ਤੇ ਨਿਆਂ ਪਾਲਿਕਾ ਦੀ ਆਜ਼ਾਦੀ ਲਈ ਪ੍ਰੋਟੈੱਸਟ ਕਰ ਰਹੀ ਹੈ। ਇਸੇ ਦੌਰਾਨ ਸਿਖਰ ਸੰਮੇਲਨ ਦੇ ਮੱਦੇਨਜ਼ਰ ਪੰਜ ਤੋਂ 17 ਅਕਤੂਬਰ ਤੱਕ ਫੌਜ ਸ਼ਹਿਰ ਵਿਚ ਤਾਇਨਾਤ ਰਹੇਗੀ।