ਮੁੰਬਈ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਤੀਜੇ ਨਰਾਤੇ ’ਤੇ ਵਾਸ਼ਿਮ ਵਿਚ ਪੋਹਾੜਾਦੇਵੀ ਦੇ ਜਗਦੰਬਾ ਮਾਤਾ ਮੰਦਰ ਵਿਚ ਮੱਥਾ ਟੇਕਿਆ। ਉਹ ਨਾਂਦੇੜ ਹਵਾਈ ਅੱਡੇ ’ਤੇ ਉਤਰਨ ਤੋਂ ਬਾਅਦ ਹੈਲੀਕਾਪਟਰ ਰਾਹੀਂ ਮੰਦਰ ਪੁੱਜੇ। ਉਨ੍ਹਾ ਸੰਤ ਸੇਵਾ ਲਾਲ ਜੀ ਮਹਾਰਾਜ ਦੀ ਸਮਾਧੀ ਵਿਖੇ ਢੋਲ ਵਜਾਇਆ। ਫਿਰ ਮੁੱਖ ਮੰਤਰੀ ਏਕਨਾਥ ਸ਼ਿੰਦੇ ਤੇ ਉਪ ਮੁੱਖ ਮੰਤਰੀ ਦਵਿੰਦਰ ਫੜਨਵੀਸ ਦੀ ਮੌਜੂਦਗੀ ’ਚ ਵਾਸ਼ਿਮ ’ਚ ਬਨਜਾਰਾ ਵਿਰਾਸਤ ਮਿਊਜ਼ੀਅਮ ਦਾ ਉਦਘਾਟਨ ਕੀਤਾ। ਪੂਰੀ ਤਰ੍ਹਾਂ ਅੰਡਰਗਰਾਊਂਡ ਮੈਟਰੋ ਸੇਵਾ ਦੀ ਵੀ ਸ਼ੁਰੂਆਤ ਕੀਤੀ।
ਸਿਆਲਾਂ ਵਿਚ ਮਹਾਰਾਸ਼ਟਰ ਅਸੰਬਲੀ ਦੀਆਂ ਚੋਣਾਂ ਤੋਂ ਪਹਿਲਾਂ ਕਈ ਪੋ੍ਰਜੈਕਟਾਂ ਦੇ ਫੀਤੇ ਕੱਟਣ ਤੋਂ ਬਾਅਦ ਮੋਦੀ ਨੇ ਵਾਸ਼ਿਮ ਵਿਚ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਨੂੰ ਸ਼ਹਿਰੀ ਨਕਸਲੀਆਂ ਦਾ ਗਰੋਹ ਚਲਾ ਰਿਹਾ ਹੈ ਤੇ ਲੋਕ ਇਕੱਠੇ ਹੋ ਕੇ ਇਸ ਦੇ ਖਤਰਨਾਕ ਏਜੰਡੇ ਨੂੰ ਭਾਂਜ ਦੇਣ। ਕਾਂਗਰਸ ਗਰੀਬਾਂ ਨੂੰ ਲੁੱਟ ਰਹੀ ਹੈ ਤੇ ਸੌੜੀ ਸਿਆਸਤ ਲਈ ਇਨ੍ਹਾਂ ਦੀ ਦਸ਼ਾ ਨਹੀਂ ਸੁਧਾਰ ਰਹੀ। ਉਨ੍ਹਾ ਕਿਹਾ ਕਿ ਦਿੱਲੀ ਵਿਚ ਕਰੋੜਾਂ ਰੁਪਏ ਦੀ ਡਰੱਗ ਫੜੀ ਗਈ। ਕਾਂਗਰਸ ਆਗੂ ’ਤੇ ਇਸ ਰੈਕਟ ਦਾ ਕਿੰਗਪਿੰਨ ਹੋਣ ਦਾ ਸ਼ੱਕ ਹੈ। ਕਾਂਗਰਸ ਨੌਜਵਾਨਾਂ ਨੂੰ ਡਰੱਗਜ਼ ਵੱਲ ਧੱਕ ਕੇ ਉਸ ਤੋਂ ਕਮਾਏ ਪੈਸੇ ਨਾਲ ਚੋਣਾਂ ਜਿੱਤਣਾ ਚਾਹੁੰਦੀ ਹੈ। ਕਾਂਗਰਸ ਦੀ ਸੋਚ ਸ਼ੁਰੂ ਤੋਂ ਹੀ ਵਿਦੇਸ਼ੀ ਰਹੀ ਹੈ। ਬਿ੍ਰਟਿਸ਼ ਰਾਜ ਵਾਂਗ ਕਾਂਗਰਸ ਪਰਵਾਰ ਦਲਿਤਾਂ, ਪਛੜਿਆਂ ਤੇ ਕਬਾਇਲੀਆਂ ਨੂੰ ਬਰਾਬਰ ਨਹੀਂ ਸਮਝਦਾ। ਉਹ ਸੋਚਦਾ ਹੈ ਕਿ ਭਾਰਤ ’ਤੇ ਸਿਰਫ ਇਕ ਪਰਵਾਰ ਦਾ ਰਾਜ ਹੋਣਾ ਚਾਹੀਦਾ ਹੈ। ਇਸੇ ਕਰਕੇ ਬਨਜਾਰਾ ਭਾਈਚਾਰੇ ਬਾਰੇ ਹੱਤਕ ਵਾਲਾ ਰਵੱਈਆ ਰੱਖਦਾ ਹੈ। ਅੰਗਰੇਜ਼ਾਂ ਨੇ ਬਨਜਾਰਾ ਭਾਈਚਾਰੇ ਨੂੰ ਜਰਾਇਮਪੇਸ਼ਾ ਐਲਾਨਿਆ ਸੀ। ਮੋਦੀ ਨੇ ਰਾਜਾ ਲਖੀ ਸ਼ਾਹ ਬਨਜਾਰਾ ਤੇ ਸੰਤ ਸੇਵਾ ਲਾਲ ਮਹਾਰਾਜ ਸਣੇ ਬਨਜਾਰਾ ਭਾਈਚਾਰੇ ਦੀਆਂ ਕਈ ਪੂਜਨੀਕ ਹਸਤੀਆਂ ਨੂੰ ਸ਼ਰਧਾ ਦੇ ਫੁਲ ਭੇਟ ਕੀਤੇ।