ਕੋਹਲਾਪੁਰ : ਰਾਹੁਲ ਗਾਂਧੀ ਨੇ ਸ਼ਨੀਵਾਰ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ’ਤੇ ਹਮਲਾ ਬੋਲਦਿਆਂ ਕਿਹਾ ਕਿ ਲੋਕਾਂ ਨੂੰ ਡਰਾਉਣ ਅਤੇ ਦੇਸ਼ ਦੇ ਸੰਵਿਧਾਨ ਤੇ ਅਦਾਰਿਆਂ ਨੂੰ ਤਬਾਹ ਕਰਨ ਤੋਂ ਬਾਅਦ ਸ਼ਿਵਾਜੀ ਅੱਗੇ ਸਿਰ ਝੁਕਾਉਣ ਦਾ ਕੋਈ ਫਾਇਦਾ ਨਹੀਂ। ਮਹਾਰਾਸ਼ਟਰ ਦੇ ਸਿੰਧੂਦਰਗ ਜ਼ਿਲ੍ਹੇ ਵਿਚ ਸ਼ਿਵਾਜੀ ਮਹਾਰਾਜ ਦਾ ਬੁੱਤ ਇਸ ਕਰਕੇ ਡਿੱਗਿਆ ਸੀ, ਕਿਉਕਿ ਸੱਤਾਧਾਰੀਆਂ ਦੇ ਇਰਾਦੇ ਤੇ ਵਿਚਾਰਧਾਰਾ ਗਲਤ ਸਨ। ਰਾਹੁਲ ਪੱਛਮੀ ਮਹਾਰਾਸ਼ਟਰ ਦੇ ਕੋਲਾਪੁਰ ਸ਼ਹਿਰ ਵਿਚ ਮਰਾਠਾ ਸਲਤਨਤ ਦੇ ਬਾਨੀ ਛਤਰਪਤੀ ਸ਼ਿਵਾਜੀ ਮਹਾਰਾਜ ਦੇ ਬੁੱਤ ਤੋਂ ਪਰਦਾ ਹਟਾਉਣ ਦੇ ਬਾਅਦ ਜਨਤਕ ਇਕੱਠ ਨੂੰ ਸੰਬੋਧਨ ਕਰ ਰਹੇ ਸਨ।
ਰਾਹੁਲ ਦੀਆਂ ਟਿੱਪਣੀਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲ ਸੇਧਤ ਸਨ, ਜਿਨ੍ਹਾ ਬੁੱਤ ਡਿੱਗਣ ’ਤੇ ਮੁਆਫੀ ਮੰਗੀ ਸੀ। ਮੋਦੀ ਨੇ 30 ਅਗਸਤ ਦੇ ਮਹਾਰਾਸ਼ਟਰ ਦੌਰੇ ਦੌਰਾਨ ਕਿਹਾ ਸੀਛਤਰਪਤੀ ਸ਼ਿਵਾਜੀ ਮਹਾਰਾਜ ਸਿਰਫ ਨਾਂਅ ਜਾਂ ਇਕ ਰਾਜਾ ਨਹੀਂ ਹਨ, ਸਾਡੇ ਲਈ ਉਹ ਦੇਵਤਾ ਹਨ। ਮੈਂ ਉਨ੍ਹਾ ਦੇ ਚਰਨਾਂ ਵਿਚ ਸਿਰ ਨਿਵਾਉਦਾ ਹਾਂ ਤੇ ਆਪਣੇ ਦੇਵਤਾ ਤੋਂ ਮੁਆਫੀ ਮੰਗਦਾ ਹਾਂ।
35 ਫੁੱਟ ਉੱਚਾ ਬੁੱਤ 26 ਅਗਸਤ ਨੂੰ ਡਿੱਗਿਆ ਸੀ। ਇਸ ਦਾ ਉਦਘਾਟਨ ਨੇਵੀ ਡੇ ’ਤੇ ਪ੍ਰਧਾਨ ਮੰਤਰੀ ਨੇ ਚਾਰ ਦਸੰਬਰ 2023 ਨੂੰ ਕੀਤਾ ਸੀ। ਰਾਹੁਲ ਨੇ ਕਿਹਾ ਕਿ ਦੇਸ਼ ਵਿਚ ਦੋ ਵਿਚਾਰਧਾਰਾਵਾਂ ਹਨ। ਇਕ ਸੰਵਿਧਾਨ ਦੀ ਰਾਖੀ ਕਰਨ ਵਾਲੀ ਅਤੇ ਬਰਾਬਰੀ ਤੇ ਏਕਤਾ ਦੀ ਗੱਲ ਕਰਨ ਵਾਲੀ। ਇਹ ਸ਼ਿਵਾਜੀ ਮਹਾਰਾਜ ਦੀ ਵਿਚਾਰਧਾਰਾ ਹੈ। ਦੂਜੀ ਵਿਚਾਰਧਾਰਾ ਸੰਵਿਧਾਨ ਨੂੰ ਤਬਾਹ ਕਰਨ ਵਾਲੀ ਹੈ। ਉਨ੍ਹਾ ਅੱਗੇ ਕਿਹਾਉਹ ਸਵੇਰੇ ਉੱਠਦੇ ਹਨ ਤੇ ਯੋਜਨਾ ਬਣਾਉਦੇ ਹਨ ਕਿ ਸ਼ਿਵਾਜੀ ਦੇ ਆਦਰਸ਼ਾਂ ’ਤੇ ਅਧਾਰਤ ਸੰਵਿਧਾਨ ਨੂੰ ਕਿਵੇਂ ਤਬਾਹ ਕਰਨਾ ਹੈ। ਉਹ ਦੇਸ਼ ਦੇ ਅਦਾਰਿਆਂ ’ਤੇ ਹਮਲੇ ਕਰਦੇ ਹਨ, ਲੋਕਾਂ ਨੂੰ ਡਰਾਉਦੇ ਤੇ ਧਮਕਾਉਦੇ ਹਨ ਅਤੇ ਫਿਰ ਸ਼ਿਵਾਜੀ ਦੇ ਬੁੱਤ ਅੱਗੇ ਸਿਰ ਝੁਕਾਉਦੇ ਹਨ। ਇਸ ਦਾ ਕੋਈ ਫਾਇਦਾ ਨਹੀਂ। ਜੇ ਤੁਸੀਂ ਸ਼ਿਵਾਜੀ ਦੇ ਬੁੱਤ ਅੱਗੇ ਸਿਰ ਝੁਕਾਉਦੇ ਹੋ ਤਾਂ ਤੁਹਾਨੂੰ ਸੰਵਿਧਾਨ ਦੀ ਰਾਖੀ ਕਰਨੀ ਪਏਗੀ। ਇਰਾਦੇ ਨਜ਼ਰ ਆ ਜਾਂਦੇ ਹਨ, ਲੁਕੋਏ ਨਹੀਂ ਜਾ ਸਕਦੇ ਹਨ। ਉਨ੍ਹਾਂ ਸ਼ਿਵਾਜੀ ਦਾ ਬੁੱਤ ਲਾਇਆ ਤੇ ਉਹ ਕੁਝ ਦਿਨਾਂ ਬਾਅਦ ਡਿੱਗ ਗਿਆ। ਉਨ੍ਹਾਂ ਦੇ ਇਰਾਦੇ ਨੇਕ ਨਹੀਂ ਸਨ। ਬੁੱਤ ਨੇ ਉਨ੍ਹਾਂ ਨੂੰ ਸੰਦੇਸ਼ ਦਿੱਤਾ ਕਿ ਜੇ ਤੁਸੀਂ ਸ਼ਿਵਾਜੀ ਦਾ ਬੁੱਤ ਲਾਉਦੇ ਹੋ ਤਾਂ ਉਨ੍ਹਾ ਦੇ ਆਦਰਸ਼ਾਂ ਦੀ ਪਾਲਣਾ ਕਰਨੀ ਪਏਗੀ। ਬੁੱਤ ਇਸ ਕਰਕੇ ਡਿੱਗਿਆ, ਕਿਉਕਿ ਉਨ੍ਹਾਂ ਦੀ ਵਿਚਾਰਧਾਰਾ ਗਲਤ ਹੈ। ਜਦੋਂ ਸ਼ਿਵਾਜੀ ਮਹਾਰਾਜ ਦੀ ਤਾਜਪੋਸ਼ੀ ਹੋਣੀ ਸੀ, ਇਸੇ ਤਰ੍ਹਾਂ ਦੀ ਵਿਚਾਰਧਾਰਾ ਨੇ ਨਹੀਂ ਹੋਣ ਦਿੱਤੀ। ਇਹ ਕੋਈ ਨਵੀਂ ਗੱਲ ਨਹੀਂ। ਸ਼ਿਵਾਜੀ ਇਸ ਵਿਚਾਰਧਾਰਾ ਖਿਲਾਫ ਲੜੇ ਸਨ। ਕਾਂਗਰਸ ਵੀ ਉਸੇ ਵਿਚਾਰਧਾਰਾ ’ਤੇ ਚੱਲ ਰਹੀ ਹੈ, ਜਿਸ ’ਤੇ ਸ਼ਿਵਾਜੀ ਚੱਲੇ ਸਨ। ਛਤਰਪਤੀ ਸ਼ਿਵਾਜੀ ਦਾ ਦੁਨੀਆ ਲਈ ਇਹ ਸੰਦੇਸ਼ ਸੀ ਕਿ ਦੁਨੀਆ ਹਰ ਕਿਸੇ ਦੀ ਹੈ। ਸੰਵਿਧਾਨ ਉਨ੍ਹਾ ਦੇ ਆਦਰਸ਼ਾਂ ਦਾ ਪ੍ਰਤੀਕ ਹੈ। ਜੇ ਛਤਰਪਤੀ ਸ਼ਿਵਾਜੀ ਮਹਾਰਾਜ ਤੇ ਸਮਾਜ ਸੁਧਾਰਕ ਸ਼ਾਹੂ ਮਹਾਰਾਜ ਵਰਗੇ ਲੋਕ ਨਾ ਹੁੰਦੇ ਤਾਂ ਸੰਵਿਧਾਨ ਵੀ ਨਹੀਂ ਹੋਣਾ ਸੀ।
ਸੰਵਿਧਾਨ ਸਨਮਾਨ ਸੰਮੇਲਨ ਵਿਚ ਬੋਲਦਿਆਂ ਉਨ੍ਹਾ ਕਿਹਾ ਕਿ ਦੇਸ਼ ਦੀ 90 ਫੀਸਦੀ ਆਬਾਦੀ ਲਈ ਮੌਕਿਆਂ ਦੇ ਦਰਵਾਜ਼ੇ ਬੰਦ ਹਨ। ਦੇਸ਼ ਦੇ ਬਜਟ ਦਾ ਫੈਸਲਾ 90 ਸਿਖਰਲੇ ਅਫਸਰ ਕਰਦੇ ਹਨ। ਓ ਬੀ ਸੀ ਭਾਈਚਾਰਾ ਕੁਲ ਆਬਾਦੀ ਦਾ ਅੱਧ ਹੈ, ਪਰ 90 ਅਫਸਰਾਂ ਵਿੱਚ ਸਿਰਫ ਤਿੰਨ ਹੀ ਓ ਬੀ ਸੀ ਵਿੱਚੋਂ ਹਨ। ਦਲਿਤ ਤੇ ਆਦਿਵਾਸੀ ਕ੍ਰਮਵਾਰ 15 ਫੀਸਦੀ ਤੇ 8 ਫੀਸਦੀ ਹਨ, ਪਰ ਇਨ੍ਹਾਂ ਵਿੱਚੋਂ ਕ੍ਰਮਵਾਰ ਤਿੰਨ ਤੇ ਇਕ ਅਫਸਰ ਹਨ। ਭਾਜਪਾ ਤੇ ਆਰ ਐੱਸ ਐੱਸ ਇਸ ਕਰਕੇ ਜਾਤ ਆਧਾਰਤ ਮਰਦਮਸ਼ੁਮਾਰੀ ਦਾ ਵਿਰੋਧ ਕਰਦੇ ਹਨ, ਕਿਉਕਿ ਉਹ ਸੱਚਾਈ ਬਾਹਰ ਨਹੀਂ ਆਉਣ ਦੇਣੀ ਚਾਹੁੰਦੀ। ਦਲਿਤਾਂ ਤੇ ਪੱਛੜਿਆਂ ਦਾ ਇਤਿਹਾਸ ਸਕੂਲਾਂ ਵਿਚ ਨਹੀਂ ਪੜ੍ਹਾਇਆ ਜਾ ਰਿਹਾ। ਇਤਿਹਾਸ ’ਤੇ ਹੀ ਪੋਚਾ ਫੇਰਨ ਦੇ ਜਤਨ ਕੀਤੇ ਜਾ ਰਹੇ ਹਨ। ਪਬਲਿਕ ਸੈਕਟਰ ਨੂੰ ਪ੍ਰਾਈਵੇਟ ਸੈਕਟਰ ਵਿਚ ਬਦਲਿਆ ਜਾ ਰਿਹਾ ਹੈ। ਇਹ ਰਿਜ਼ਰਵੇਸ਼ਨ ਖਤਮ ਕਰਨ ਦੀ ਹੀ ਚਾਲ ਹੈ। ਰਾਹੁਲ ਨੇ ਇਹ ਵੀ ਕਿਹਾ ਕਿ ਦੇਸ਼ ਵਿਚ ਰਾਖਵੇਂਕਰਨ ਉਤੇ ਲੱਗੀ ਹੋਈ ਮੌਜੂਦਾ 50 ਫੀਸਦੀ ਦੀ ਹੱਦ ਨੂੰ ਹਟਾਉਣਾ, ਸੰਵਿਧਾਨ ਨੂੰ ਬਚਾਉਣ ਵਾਸਤੇ ਬਹੁਤ ਜ਼ਰੂਰੀ ਹੈ। ਉਨ੍ਹਾ ਕਿਹਾ ਕਿ ਕਾਂਗਰਸ ਅਤੇ ‘ਇੰਡੀਆ’ ਗੱਠਜੋੜ ਵੱਲੋਂ 50 ਫੀਸਦੀ ਦੀ ਹੱਦਬੰਦੀ ਨੂੰ ਹਟਾਉਣ ਲਈ ਕਾਨੂੰਨ ਬਣਾਇਆ ਜਾਵੇਗਾ। ਉਨ੍ਹਾ ਕਿਹਾਅਸੀਂ ਜਾਤ ਆਧਾਰਤ ਮਰਦਮਸ਼ੁਮਾਰੀ ਵਾਸਤੇ ਲੋਕ ਸਭਾ ਅਤੇ ਰਾਜ ਸਭਾ ਵਿਚ ਕਾਨੂੰਨ ਪਾਸ ਕਰਾਂਗੇ ਅਤੇ ਕੋਈ ਤਾਕਤ ਸਾਨੂੰ ਇਸ ਤੋਂ ਰੋਕ ਨਹੀਂ ਸਕੇਗੀ।