24 C
Jalandhar
Friday, October 18, 2024
spot_img

ਬੀਬੀ ਕੈਲਾਸ਼ ਕੌਰ ਦੇ ਵਿਛੋੜੇ ’ਤੇ ਦੇਸ਼ ਭਗਤ ਯਾਦਗਾਰ ਕਮੇਟੀ ਵੱਲੋਂ ਸ਼ੋਕ ਪ੍ਰਗਟ

ਜਲੰਧਰ : ਇਨਕਲਾਬੀ ਰੰਗਮੰਚ ਦੇ ਸ਼ੋ੍ਰਮਣੀ ਨਾਟਕਕਾਰ, ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਰਹੇ ਮਰਹੂਮ ਗੁਰਸ਼ਰਨ ਸਿੰਘ ਦੀ ਜੀਵਨ ਸਾਥਣ ਅਤੇ ਲੋਕ-ਪੱਖੀ ਰੰਗਮੰਚ ਦੇ ਅਦਾਕਾਰ ਸ੍ਰੀਮਤੀ ਕੈਲਾਸ਼ ਕੌਰ ਦੇ ਸਦੀਵੀ ਵਿਛੋੜੇ ’ਤੇ ਸ਼ਨੀਵਾਰ ਦੇਸ਼ ਭਗਤ ਯਾਦਗਾਰ ਕਮੇਟੀ ਦੀ ਤਰਫ਼ੋਂ ਗਹਿਰੇ ਸ਼ੋਕ ਦਾ ਇਜ਼ਹਾਰ ਕਰਦਿਆਂ ਕਮੇਟੀ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪਿ੍ਰਥੀਪਾਲ ਸਿੰਘ ਮਾੜੀਮੇਘਾ ਅਤੇ ਸੱਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਕਿਹਾ ਕਿ ਲੋਕ ਸਰੋਕਾਰਾਂ, ਲੋਕ ਪੀੜਾ ਅਤੇ ਲੋਕ-ਮੁਕਤੀ ਨਾਲ ਜੁੜੇ ਰੰਗਮੰਚ ਲਈ ਪੂਰਾ ਪਰਵਾਰ ਸਮਾਜ ਲੇਖੇ ਲਾਉਣ ਵਾਲੀ ਅਦਬੀ ਸ਼ਖ਼ਸੀਅਤ ਨੂੰ ਕਮੇਟੀ ਦਾ ਵਡੇਰਾ ਪਰਵਾਰ ਅਦਬ ਸਹਿਤ ਸਿਜਦਾ ਕਰਦਾ ਹੈ। ਬੀਬੀ ਕੈਲਾਸ਼ ਕੌਰ ਨੇ ਸ਼ੁੱਕਰਵਾਰ ਦਿੱਲੀ ਵਿਖੇ ਆਪਣੀ ਧੀ ਡਾ. ਨਵਸ਼ਰਨ ਤੇ ਪੁੱਤਾਂ ਤੋਂ ਪਿਆਰੇ ਜੁਆਈ ਪ੍ਰੋ. ਅਤੁਲ ਸੂਦ ਕੋਲ ਅੰਤਮ ਸਾਹ ਲਏ। ਸ਼ਨੀਵਾਰ ਉਹਨਾ ਨੂੰ ਬੇਹੱਦ ਮਾਣ-ਸਨਮਾਨ ਨਾਲ ਪਰਵਾਰ, ਸਾਕ-ਸੰਬੰਧੀਆਂ ਅਤੇ ਸੰਗੀ-ਸਾਥੀਆਂ ਵੱਲੋਂ ਦਿੱਲੀ ਵਿਖੇ ਹੀ ਅੰਤਮ ਵਿਦਾਇਗੀ ਦਿੱਤੀ ਗਈ। ਕਮੇਟੀ ਆਗੂਆਂ ਨੇ ਕੈਲਾਸ਼ ਕੌਰ ਦੇ ਜ਼ਿੰਦਗੀ ਭਰ ਦੇ ਰੰਗਮੰਚੀ ਸਫ਼ਰ ’ਤੇ ਮਾਣ ਕਰਦਿਆਂ ਕਿਹਾ ਕਿ ਉਹਨਾ ਦੀ ਪ੍ਰੇਰਨਾ ਸਦਕਾ ਸੈਂਕੜੇ ਹੀ ਨੌਜਵਾਨ ਮੁੰਡੇ-ਕੁੜੀਆਂ ਨੇ ਰੰਗਮੰਚ ਰਾਹੀਂ ਸਮਾਜ ਵਿੱਚ ਪਸਰੇ ਹਨੇਰੇ ਨੂੰ ਦੂਰ ਕਰਨ ਲਈ ਕਿਰਨਾਂ ਦਾ ਕਾਫ਼ਲਾ ਬਣਨ ਦਾ ਯਤਨ ਕੀਤਾ।
ਕਮੇਟੀ ਆਗੂਆਂ ਨੇ ਬੀਬੀ ਕੈਲਾਸ਼ ਕੌਰ ਦੇ ਹਵਾਲੇ ਨਾਲ ਦੱਸਿਆ ਕਿ ਉਹਨਾ ਦੀਆਂ ਅਸਥੀਆਂ ਹੁਸੈਨੀਵਾਲਾ ਵਿਖੇ ਸਤਲੁਜ ਕੰਢੇ ਜਲ ਪ੍ਰਵਾਹ ਕੀਤੀਆਂ ਜਾਣਗੀਆਂ ਅਤੇ ਉਹਨਾ ਦੇ ਜੀਵਨ ਸਫ਼ਰ ਬਾਰੇ ਗੰਭੀਰ ਵਿਚਾਰਾਂ ਕਰਨ ਲਈ ਭਵਿੱਖ਼ ’ਚ ਵਿਚਾਰ ਕੇ ਸਮਾਗਮ ਕੀਤਾ ਜਾਏਗਾ।

Related Articles

Latest Articles